ਬਾਲੀਵੁੱਡ ‘ਤੇ ਹੈ ਸਾਰਾ ਧਿਆਨ : ਜੈਕਲਿਨ ਫਰਨਾਂਡੀਜ਼


ਜੈਕਲੀਨ ਫਰਨਾਂਡੀਜ਼ ਦੀ ਗਿਣਤੀ ਬਾਲੀਵੁੱਡ ਦੀ ਉਨ੍ਹਾਂ ਚੋਣਵੀਆਂ ਅਭਿਨੇਤਰੀਆਂ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਆਪਣੇ ਕਿਰਦਾਰ ਨੂੰ ਸਭ ਤੋਂ ਵਧੀਆ ਬਣਾਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ। ਪਿਛਲੇ ਸਾਲ ਮਹਾ ਫਲਾਪ ‘ਅ ਜੈਂਟਲਮੈਨ’ ਦੇ ਲਈ ਜੈਕਲੀਨ ਨੇ ਪੋਲ ਡਾਂਸ ਦਾ ਟਰੇਨਿੰਗ ਲਈ ਤਾਂ ‘ਰੇਸ 3’ ਦੇ ਮਾਰ-ਧਾੜ ਵਾਲੇ ਦਿ੍ਰਸ਼ਾਂ ਦੇ ਲਈ ਟ੍ਰੇਨਰ ਕੁਲਦੀਪ ਸ਼ਸ਼ੀ ਤੋਂ ਮਾਰਸ਼ਲ ਆਰਟਸ ਦੇ ਨਾਲ ਹਾਰਸ ਰਾਈਡਿੰਗ ਸਿੱਖੀ। ਉਸੇ ਦਾ ਨਤੀਜਾ ਹੈ ਕਿ ਜੈਕਲੀਨ ਨੇ ਕੁਝ ਦਿਨਾਂ ਦੀ ਟਰੇਨਿੰਗ ਵਿੱਚ ਆਪਣੇ ਸਰੀਰ ਨੂੰ ਇੱਕ ਅਥਲੀਟ ਵਾਂਗ ਬਣਾ ਲਿਆ। 2014 ਵਿੱਚ ਰਿਲੀਜ਼ ‘ਕਿੱਕ’ ਦੇ ਬਾਅਦ ਨਿਰਮਾਤਾ ਸਾਜਿਦ ਨਾਡਿਆਵਾਲਾ ਅਤੇ ਸਲਮਾਨ ਖਾਨ ਨਾਲ ਜੈਕਲੀਨ ਫਰਨਾਂਡੀਜ਼ ਦੇ ਕਾਫੀ ਚੰਗੇ ਰਿਲੇਸ਼ਨ ਬਣ ਗਏ ਸਨ। ਜੈਕਲੀਨ ਨੂੰ ਇਸ ਕੈਂਪ ਦਾ ਹਿੱਸਾ ਮੰਨਿਆ ਜਾਣ ਲੱਗਾ। ਇਸੇ ਕਾਰਨ ਜੈਕਲੀਨ ਨੇ ਸਾਜਿਦ ਨਾਡਿਆਡਵਾਲਾ ਦੀ ਅਹਿਮਦ ਖਾਨ ਦੇ ਨਿਰਦੇਸ਼ਨ ਵਿੱਚ ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਸਟਾਰਰ ‘ਬਾਗੀ 2’ ਵਿੱਚ ਇੱਕ ਸਪੈਸ਼ਲ ਆਈਟਮ ਗੀਤ ਕੀਤਾ ਸੀ। ‘ਕਿੱਕ’ (2014) ਦੇ ਬਾਅਦ ਦੂਸਰੀ ਵਾਰ ਜੈਕਲੀਨ ‘ਰੇਸ 3’ ਵਿੱਚ ਸਲਮਾਨ ਖਾਨ ਦੇ ਨਾਲ ਨਜ਼ਰ ਆਏਗੀ। ਰੈਮੋ ਡਿਸੂਜਾ ਦੇ ਨਿਰਦੇਸ਼ਨ ਵਾਲੀ ਇਹ ਫਿਲਮ 15 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਦੇ ਇਲਾਵਾ ਉਹ ਸੁਸ਼ਾਂਤ ਸਿੰਘ ਦਾ ਆਪੋਜ਼ਿਟ, ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੀ ਤਰੁਣ ਮਨਸੁਖਾਨੀ ਦੇ ਨਿਰਦੇਸ਼ਤਨ ਵਾਲੀ ‘ਡ੍ਰਾਈਵ’ ਕਰ ਰਹੀ ਹੈ। ਸੱਤ ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਉਹ ਇੱਕ ਪੁਲਸ ਵਾਲੀ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਰੇਸ 3’ ਅਤੇ ‘ਡ੍ਰਾਈਵ’ ਦੇ ਇਲਾਵਾ ਇਸ ਵੇਲੇ ਤੁਹਾਡੇ ਕੋਲ ਕਿਹੜੇ-ਕਿਹੜੇ ਪ੍ਰੋਜੈਕਟ ਹਨ?
– ਮੇਰੇ ਕੋਲ ਇਸ ਵਕਤ ਦੋ ਵੱਡੇ ਪ੍ਰੋਡਕਸ਼ਨ ਹਾਊਸ ਦੀਆਂ ਪੰਜ ਫਿਲਮਾਂ ਦੇ ਆਫਰ ਹਨ। ਮੈਂ ਇਨ੍ਹਾਂ ‘ਤੇ ਸੀਰੀਅਸਲੀ ਵਿਚਾਰ ਕਰ ਰਹੀ ਹਾਂ। ਜਦੋਂ ਫਾਈਨਲ ਹੋਵੇਗਾ, ਇਨ੍ਹਾਂ ਦੇ ਸੰਬੰਧ ਵਿੱਚ ਵਿਸਥਾਰ ਨਾਲ ਦੱਸਾਂਗੀ। ਦੋ ਹਾਲੀਵੁੱਡ ਫਿਲਮਾਂ ਦੇ ਆਫਰ ਆਏ ਹਨ, ਪਰ ਫਿਲਹਾਲ ਮੇਰੀ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਬਿਲਕੁਲ ਦਿਲਚਸਪੀ ਨਹੀਂ। ਮੈਂ ਮੁੰਬਈ ਵਿੱਚ ਰਹਿ ਕੇ ਸਿਰਫ ਬਾਲੀਵੁੱਡ ਦੀਆਂ ਫਿਲਮਾਂ ਕਰਨਾ ਚਾਹੁੰਦੀ ਹਾਂ।
* ਫਿਲਮਾਂ ਵਿੱਚ ਤੁਹਾਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ, ਕੋਈ ਕਾਰਨ?
– ਇਹ ਕਹਿਣਾ ਗਲਤ ਹੈ ਕਿ ਮੇਰੀਆਂ ਫਿਲਮਾਂ ਨੂੰ ‘ਕਿੱਕ’ (2014) ਦੇ ਬਾਅਦ ਕਾਮਯਾਬੀ ਨਹੀਂ ਮਿਲੀ। ਦਰਅਸਲ ਉਸ ਦੇ ਬਾਅਦ ਫਿਲਮ ਮੇਕਰਸ ਦਾ ਜੋ ਭਰੋਸਾ ਮੇਰੇ ‘ਤੇ ਕਾਇਮ ਹੋਇਆ, ਉਹ ਲਗਾਤਾਰ ਵਧਦਾ ਜਾਂਦਾ ਹੈ। ‘ਬ੍ਰਦਰਸ’, ‘ਡਿਸ਼ੁਮ’ ਅਤੇ ‘ਜੁੜਵਾ 2’ ਨੇ ਬਾਕਸ ਆਫਿਸ ‘ਤੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ। ਜਿੱਥੋਂ ਤੱਕ ‘ਰੇਸ 3’ ਦੀ ਗੱਲ ਹੈ, ਮੈਂ ਫਿਲਮ ਤੇ ਆਪਣੇ ਕਿਰਦਾਰ ਬਾਰੇ ਬੇਹੱਦ ਉਤਸ਼ਾਹਤ ਹਾਂ। ਇਸ ਵਿੱਚ ਮੈਂ ਪੂਰੀ ਤਿਆਰੀ ਦੇ ਨਾਲ ਐਕਸ਼ਨ ਕੀਤਾ ਹੈ। ਕਿਰਦਾਰ ਵੀ ਬਿਲਕੁਲ ਅਲੱਗ ਤਰ੍ਹਾਂ ਦਾ ਹੈ। ਇਨ੍ਹਾਂ ਸਾਰੇ ਕਾਰਨਾਂ ਦੇ ਨਾਲ ਮੈਂ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ।
* ਤੁਹਾਨੂੰ ਇੱਕ ਫੈਸ਼ਨੇਬਲ ਅਭਿਨੇਤਰੀ ਮੰਨਿਆ ਜਾਂਦਾ ਹੈ। ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਫੈਸ਼ਨ ਦਾ ਕਿੰਨਾ ਮਹੱਤਵ ਹੈ?
– ਮੇਰੇ ਲਈ ਫੈਸ਼ਨ ਬਹੁਤ ਜ਼ਰੂਰੀ ਹੈ। ਫੈਸ਼ਨ ਨਾਲ ਇੱਕ ਅਲੱਗ ਕਿਸਮ ਦਾ ਸਕੂਨ ਮਿਲਦਾ ਹੈ, ਜਿਸ ਨੂੰ ਇੰਜੁਆਏ ਕਰਦੀ ਹਾਂ। ਮੈਂ ਬਹੁਤ ਐਕਸਪੈਰੀਮੈਂਟਲ ਹਾਂ। ਫੈਸ਼ਨ ਨੂੰ ਲੈ ਕੇ ਇੰਨਾ ਧਿਆਨ ਰੱਖਦੀ ਹਾਂ। ਮੇਰੇ ਅੰਦਰ ਫੈਸ਼ਨ ਕੁੱਟ-ਕੁੱਟ ਕੇ ਭਰਿਆ ਹੈ। ਇਹ ਸਭ ਕੁਝ ਕਿਸੇ ਦੇ ਲਈ ਨਹੀਂ, ਬਲਕਿ ਖੁਦ ਦੇ ਲਈ ਕਰਦੀ ਹਾਂ।
* ਤੁਸੀਂ ਅਜੇ ਤੱਕ ਪੰਜ ਕਰੋੜ ਨੇੜੇ ਅਟਕੇ ਹੋਏ ਹੋ, ਦੀਪਿਕਾ, ਕੰਗਨਾ ਅਤੇ ਪ੍ਰਿਅੰਕਾ ਵਰਗੀਆਂ ਹੀਰੋਇਨਾਂ 10 ਕਰੋੜ ਤੋਂ ਵੱਧ ਦੀ ਪ੍ਰਾਈਜ਼ ਤੱਕ ਜਾ ਪਹੁੰਚੀਆਂ ਹਨ। ਦੂਸਰੀਆਂ ਅਭਿਨੇਤਰੀਆਂ ਦੇ ਮੁਕਾਬਲੇ ਤੁਹਾਡੀ ਪ੍ਰਾਈਜ਼ ਵਿੱਚ ਜੋ ਇਹ ਵੱਡਾ ਫਰਕ ਹੈ, ਉਸ ਦੇ ਬਾਰੇ ਕੀ ਕਹਿਣਾ ਚਾਹੋਗੇ?
– ਉਹ ਸਾਰੀਆਂ ਮੇਰੇ ਤੋਂ ਸੀਨੀਅਰ ਹਨ। ਉਹ ਕਾਫੀ ਕੰਮ ਕਰ ਚੁੱਕੀਆਂ ਹਨ। ਉਨ੍ਹਾਂ ਸਭ ਦੇ ਕੋਲ ਮੇਰੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਹੈ। ਕਹਿਣ ਵਿੱਚ ਮੈਨੂੰ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਕਿ ਮੇਰੇ ਮੁਕਾਬਲੇ ਉਨ੍ਹਾਂ ਦੀ ਡਿਮਾਂਡ ਜ਼ਿਆਦਾ ਹੈ ਤੇ ਜਿਸ ਦੀ ਜਿੰਨੀ ਡਿਮਾਂਡ ਹੋਵੇਗੀ, ਉਸ ਦਾ ਓਨਾ ਪ੍ਰਾਈਜ਼ ਵੀ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੋਈ ਖਾਸ ਗੱਲ ਹੈ। ਮੈਨੂੰ ਸਿਰਫ ਹੀਰੋ ਦੇ ਮੁਕਾਬਲੇ ਹੀਰੋਇਨ ਨੂੰ ਮਿਲਣ ਵਾਲੇ ਘੱਟ ਮਿਹਨਤਾਨੇ ‘ਤੇ ਇਤਰਾਜ਼ ਹੈ। ਸਾਡੇ ਕਲਾਕਾਰਾਂ ਵਿੱਚ ਮਿਹਨਤਾਨੇ ਦਾ ਜੋ ਇਹ ਫਰਕ ਹੈ, ਉਸ ਨੂੰ ਮੈਂ ਸੁਭਾਵਿਕ ਪ੍ਰਕਿਰਿਆ ਮੰਨਦੀ ਹਾਂ।
* ਬਾਲੀਵੁੱਡ ਵਿੱਚ ਸਟਾਰ ਕਿਡਸ ਨੂੰ ਜੋ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਉਸ ਨੂੰ ਲੈ ਕੇ ਕਦੇ ਮਨ ਦੁਖੀ ਹੁੰਦਾ ਹੈ?
– ਮੈਨੂੰ ਲੱਗਦਾ ਹੈ ਕਿ ਸ਼ੁਰੂ ਵਿੱਚ ਬੇਸ਼ੱਕ ਸਟਾਰ ਕਿਡਸ ਨੂੰ ਕਈ ਸਹੂਲਤਾਂ ਰਹਿੰਦੀਆਂ ਹੋਣ, ਅਖੀਰ ਵਿੱਚ ਕਦਰ ਸਿਰਫ ਕਾਮਯਾਬ ਅਤੇ ਕਾਬਿਲ ਵਿਅਕਤੀ ਦੀ ਹੁੰਦੀ ਹੈ। ਜੇ ਤੁਸੀਂ ਨਾਕਾਮ ਹੋ ਤੇ ਕਿਸੇ ਵੱਡੇ ਪ੍ਰੋਡਿਊਸਰ, ਡਾਇਰੈਕਰ ਜਾਂ ਸਟਾਰ ਦੇ ਬੇਟੇ ਜਾਂ ਬੇਟੀ ਹੋ ਤਾਂ ਵੀ ਇਹ ਇੰਡਸਟਰੀ ਤੁਹਾਨੂੰ ਬਾਹਰ ਖਦੇੜਨ ਤੋਂ ਨਹੀਂ ਹਟੇਗੀ।
* ਅਕਸਰ ਦੇਖਿਆ ਗਿਆ ਹੈ ਕਿ ਫਿਲਮ ਇੰਡਸਟਰੀ ਵਿੱਚ ਕਾਮਯਾਬੀ ਮਿਲਦੇ ਹੀ ਕਲਾਕਾਰ ਆਪਣੀ ਪੁਰਾਣੀ ਲਕੀਰ ਤੋਂ ਇਧਰ-ਉਧਰ ਹੋਣਾ ਚਾਹੁੰਦਾ ਹੈ। ਨਵਾਂ ਸਿੱਖਣ ਅਤੇ ਨਵੇਂ ਪ੍ਰਯੋਗ ਕਰਨ ਤੋਂ ਅਕਸਰ ਉਹ ਬਚਦਾ ਰਹਿੰਦਾ ਹੈ। ਤੁਹਾਨੂੰ ਨਵਾਂ ਸਿੱਖਦੇ ਰਹਿਣ ਅਤੇ ਨਵਾਂ ਕਰਨ ਵਿੱਚ ਕਿੰਨੀ ਦਿਲਚਸਪੀ ਹੈ?
– ਸਾਨੂੰ ਸਭ ਕੁਝ ਪਤਾ ਹੈ, ਵਾਲੀ ਸੋਚ ਕਿਸੇ ਲਈ ਠੀਕ ਨਹੀਂ ਹੁੰਦੀ। ਜਿਸ ਦਿਨ ਤੁਸੀਂ ਮੰਨ ਲਿਆ ਕਿ ਤੁਹਾਨੂੰ ਸਭ ਕੁਝ ਆਉਂਦਾ ਹੈ ਉਸੇ ਦਿਨ ਤੋਂ ਤੁਹਾਡਾ ਵਿਕਾਸ ਰੁਕ ਜਾਏਗਾ। ਆਪਣੇ ਕੰਮ ਅਤੇ ਜੀਵਨ ਦੇ ਬਾਰੇ ਸਾਨੂੰ ਰੋਜ਼ ਨਵਾਂ ਸਿੱਖਣ ਨੂੰ ਮਿਲਦਾ ਹੈ। ਸਾਡੇ ਕੋਲ ਜੀਵਨ ਹੈ, ਸਮਾਂ ਹੈ, ਸਿੱਖਣ ਦੇ ਸਾਧਨ ਹਨ ਅਤੇ ਮੌਕਾ ਹੈ, ਜ਼ਰੂਰ ਸਿੱਖਦੇ ਰਹਿਣਾ ਚਾਹੀਦਾ ਹੈ।