ਬਾਲੀਵੁਡ ਦੀ ਪ੍ਰਸਿੱਧ ਐਕਟਰੈੱਸ ਰੀਮਾ ਲਾਗੂ ਦਾ ਦੇਹਾਂਤ

reema lagoo died
ਮੁੰਬਈ, 18 ਮਈ, (ਪੋਸਟ ਬਿਊਰੋ)- ਭਾਰਤੀ ਫਿਲਮ ਜਗਤ ਅਤੇ ਟੀ ਵੀ ਅਦਾਕਾਰੀ ਦੀ ਪ੍ਰਸਿੱਧ ਸ਼ਖਸੀਅਤ ਰੀਮਾ ਲਾਗੂ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਬਾਲੀਵੁੱਡ ਵਿੱਚ ਮਾਂ ਦਾ ਕਿਰਦਾਰ ਨਿਭਾ ਕੇ ਸਭ ਦਾ ਦਿਲ ਜਿੱਤ ਲੈਣ ਵਾਲੀ ਰੀਮਾ ਲਾਗੂ ਦੀ ਮੌਤ ਨਾਲ ਫਿਲਮ ਨਗਰੀ ਵਿੱਚ ਸ਼ੋਕ ਦੀ ਲਹਿਰ ਹੈ। ‘ਮੈਂਨੇ ਪਿਆਰ ਕੀਆ’, ‘ਹਮ ਆਪਕੇ ਹੈਂ ਕੌਨ’, ‘ਕਲ ਹੋ ਨਾ ਹੋ’ ਆਦਿ ਫਿਲਮਾਂ ਵਿੱਚ ਮਾਂ ਦੇ ਸ਼ਾਨਦਾਰ ਕਿਰਦਾਰ ਵਾਲੀ 59 ਸਾਲਾ ਰੀਮਾ ਲਾਗੂ ਦੀ ਅੱਜ ਤੜਕੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਮੌਤ ਹੋ ਗਈ
ਅੰਬਾਨੀ ਹਸਪਤਾਲ ਦੇ ਕਾਰਜਕਾਰੀ ਡਾਇਰੈਕਟਰ ਰਾਮ ਨਾਰਾਇਣ ਨੇ ਦੱਸਿਆ ਕਿ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਾਰਨ ਕੱਲ੍ਹ ਦੇਰ ਰਾਤ ਰੀਮਾ ਲਾਗੂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ। ਰੀਮਾ ਦਾ ਆਪਣੇ ਪਤੀ ਵਿਵੇਕ ਲਾਗੂ ਨਾਲ ਤਲਾਕ ਹੋ ਗਿਆ ਸੀ। ਉਨ੍ਹਾਂ ਦੀ ਇਕੋ ਇੱਕ ਬੇਟੀ ਮਰੁਣਮਈ ਲਾਗੂ (35) ਫਿਲਮ ਤੇ ਥਿਏਟਰ ਕਲਾਕਾਰ ਹੈ। ਅੱਜ ਬਾਅਦ ਦੁਪਹਿਰ ਇਥੇ ਫਿਲਮੀ ਜਗਤ ਦੀਆਂ ਮਸ਼ਹੂਰ ਹਸਤੀਆਂ ਦੀ ਹਾਜ਼ਰੀ ਵਿੱਚ ਰੀਮਾ ਲਾਗੂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਰੀਮਾ ਦੇ ਦਿਹਾਂਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੂਚਨਾ ਤੇ ਪ੍ਰਸਾਰਨ ਮੰਤਰੀ ਵੈਂਕਈਆ ਨਾਇਡੂ, ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਅਦਾਕਾਰ ਅਮਿਤਾਬ ਬੱਚਨ, ਆਮਿਰ ਖਾਨ, ਕਰਨ ਜੌਹਰ, ਪ੍ਰਿਅੰਕਾ ਚੋਪੜਾ, ਰਿਸ਼ੀ ਕਪੂਰ, ਮਹੇਸ਼ ਭੱਟ ਅਤੇ ਹੋਰ ਬਾਲੀਵੁੱਡ ਸਿਤਾਰਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਫਿਲਮ ਅਤੇ ਟੈਲੀਵਿਜ਼ਨ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।