ਬਾਬੇ ਬਕਾਲੇ ਦੀ ਰੱਖੜ ਪੁੰਨਿਆ ਮੌਕੇ ਪੰਜਾਬ ਦੀ ਰਾਜਨੀਤੀ ਦਾ ਤਿੰਨ-ਧਿਰੀ ਧਮੱਚੜ

sidhu
* ਕੈਪਟਨ ਅਮਰਿੰਦਰ ਦੇ ਨਾ ਆਉਣ ਕਾਰਨ ਨਵਜੋਤ ਸਿੱਧੂ ਨੇ ਕਪਤਾਨੀ ਕੀਤੀ
ਬਾਬਾ ਬਕਾਲਾ, 7 ਅਗਸਤ, (ਪੋਸਟ ਬਿਊਰੋ)- ਬਾਬਾ ਬਕਾਲਾ ਦੀ ਰੱਖੜ ਪੁੰਨਿਆ ਮੌਕੇ ਮਾਝੇ ਵਿੱਚ ਲੱਗਣ ਵਾਲੇ ਇਸ ਪ੍ਰਸਿੱਧ ਮੇਲੇ ਮੌਕੇ ਹੋਈਆਂ ਤਿੰਨ-ਧਿਰੀ ਕਾਨਫਰੰਸਾਂ ਵਿੱਚ ਕਾਂਗਰਸ ਪਾਰਟੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਤਕਰੀਰਾਂ ਨਾਲ ਪੰਜਾਬ ਦੀ ਰਾਜਨੀਤੀ ਦਾ ਧਮੱਚੜ ਪੈਂਦਾ ਵੇਖਿਆ ਗਿਆ।
ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਵੱਲੋਂ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਗਈ ਸਿਆਸੀ ਕਾਨਫ਼ਰੰਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਆਉਣ ਦੀ ਚਰਚਾ ਸੀ, ਪਰ ਉਹ ਦੋਵੇਂ ਵੀ ਅਤੇ ਹੋਰ ਵੱਡੀ ਪਛਾਣੀ ਜਾਂਦੀ ਲੀਡਰਸ਼ਿਪ ਵੀ ਨਹੀਂ ਪੁੱਜ ਸਕੀ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਇਸ ਰੈਲੀ ਵਿੱਚ ਆਉਣਾ ਸੀ, ਪਰ ਦਿੱਲੀ ਵਿੱਚ ਮੌਸਮ ਦੀ ਖ਼ਰਾਬ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਇਸ ਦੌਰਾਨ ਕਾਂਗਰਸ ਦੇ ਨੇਤਾਵਾਂ ਨੇ ਪੰਜਾਬ ਦੇ ਲੋਕਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮਸੰਦਾਂ ਨੂੰ ਹਰਾਉਣ ਦਾ ਸੱਦਾ ਦਿੱਤਾ।
ਇਸ ਕਾਨਫਰੰਸ ਦੀ ਖਾਸ ਖਿੱਚ ਦਾ ਕੇਂਦਰ ਬਣੇ ਰਹੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ, “ਮੈਂ ਅਕਾਲੀ ਦਲ ਦੇ ਭ੍ਰਿਸ਼ਟ ਨੇਤਾਵਾਂ ਨੂੰ ਵੱਟੋ-ਵੱਟ ਪਾ ਦੇਵਾਂਗਾ। ‘ਰਾਜ ਨਹੀਂ ਸੇਵਾ’ ਦਾ ਹੋਕਾ ਦੇਣ ਵਾਲੇ ਅਕਾਲੀ ਆਗੂ ਸਾਡੇ ਲੋਕਾਂ ਦੀ ਸੇਵਾ ਝੂਠੇ ਕੇਸ ਪਾ ਕੇ ਕਰਦੇ ਰਹੇ ਸਨ ਅਤੇ ‘ਮੇਵਾ’ ਆਪ ਚੱਬਦੇ ਰਹੇ ਹਨ। ਹੁਣ ‘ਜਬਰ ਵਿਰੋਧੀ ਲਹਿਰ’ ਦੇ ਨਾਂਅ ਹੇਠ ਰੈਲੀਆਂ ਕਰਨ ਵਾਲੇ ਇਹ ਅਕਾਲੀ ਨੇਤਾ ਭੁੱਲ ਗਏ ਹਨ ਕਿ ਇਨ੍ਹਾਂ ਦੇ ਆਪਣੇ ਰਾਜ ਵਿੱਚ ਲੋਕਾਂ ਨੂੰ ਡਾਂਗਾਂ ਤੇ ਗੋਲੀਆਂ ਨਾਲ ਭੁੰਨਿਆ ਗਿਆ ਅਤੇ ਕੁੜੀਆਂ ਨੂੰ ਬੇਆਬਰੂ ਕੀਤਾ ਗਿਆ ਸੀ।”
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ ਹੈ। ਇਨ੍ਹਾਂ ਨੇ ਲੋਕਾਂ ਤੋਂ ਟਰਾਂਸਪੋਰਟ ਤੇ ਕੇਬਲ ਦਾ ਕੰਮ ਵੀ ਖੋਹ ਲਿਆ ਤੇ ਸਰਕਾਰ ਦੀ ਜਨਤਕ ਟਰਾਂਸਪੋਰਟ ਨੂੰ 500 ਕਰੋੜ ਰੁਪਏ ਦੀ ਕਰਜ਼ਾਈ ਕਰ ਦਿੱਤਾ। ਉਨ੍ਹਾਂ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਵੀ ਸਖ਼ਤ ਨੁਕਤਾਚੀਨੀ ਕੀਤੀ। ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਨੇ ਜਦੋਂ ਬਾਬਾ ਬਕਾਲਾ ਸਾਹਿਬ ਨੂੰ ਨਗਰ ਪੰਚਾਇਤ ਬਣਾਉਣ ਤੇ ਇਥੇ ਪੋਲੀਟੈਕਨਿਕ ਕਾਲਜ ਖੋਲ੍ਹਣ ਦੀ ਮੰਗ ਕੀਤੀ ਤਾਂ ਨਵਜੋਤ ਸਿੰਘ ਸਿੱਧੂ ਨੇ ਦਾ ਮੁੱਖ ਮੰਤਰੀ ਵੱਲੋਂ ਇਹ ਮੰਗ ਮੰਨੇ ਜਾਣ ਦਾਂ ਐਲਾਨ ਕੀਤਾ।
ਇਸ ਕਾਨਫਰੰਸ ਵਿੱਚ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸੁਖਵਿੰਦਰ ਸਿੰਘ ਡੈਨੀ, ਹਰਪ੍ਰਤਾਪ ਸਿੰਘ ਅਜਨਾਲਾ, ਓਮ ਪ੍ਰਕਾਸ਼ ਸੋਨੀ, ਡਾ. ਰਾਜ ਕੁਮਾਰ ਵੇਰਕਾ, ਬਲਵਿੰਦਰ ਸਿੰਘ ਲਾਡੀ, ਫ਼ਤਿਹ ਜੰਗ ਸਿੰਘ ਬਾਜਵਾ (ਸਾਰੇ ਵਿਧਾਇਕ) ਅਤੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਵੀ ਹਾਜ਼ਰ ਸਨ।