ਬਾਬੇ ਗੋਖ ਦਾ ਖੂੰਡਾ

-ਗੁਰਲਾਲ ਸਿੰਘ ਬਰਾੜ
ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਪੜ੍ਹ ਰਿਹਾ ਸਾਂ। ਇੱਕ ਅਧਿਆਏ ਪੜ੍ਹਦਿਆਂ ਮੇਰੇ ਆਪਣੇ ਪਿੰਡ ਦੇ ਇੱਕ ਪੁਰਾਣੇ ਬਜ਼ੁਰਗ ਬਾਬਾ ਗੋਖ ਦੀ ਇੱਕ ਕਾਲਪਨਿਕ ਤਸਵੀਰ ਮੇਰੇ ਜਿਹਨ ਵਿੱਚ ਉਭਰ ਆਈ। ਬਾਬਾ ਗੋਖ ਦੀ ਗਾਥਾ ਬਚਪਨ ਵਿੱਚ ਸਾਡੇ ਪਿਤਾ ਅਕਸਰ ਸੁਣਾਇਆ ਕਰਦੇ ਸਨ। ਗੱਲ ਉਨ੍ਹਾਂ ਵੇਲਿਆਂ ਦੀ ਹੈ, ਜਦੋਂ ਪਿੰਡ ਦੇ ਲੋਕ ਦਿਮਾਗੀ ਤਾਕਤ ਤੋਂ ਸਰੀਰਕ ਬਲ ‘ਤੇ ਜ਼ਿਆਦਾ ਜ਼ੋਰ ਦਿੰਦੇ ਸਨ। ਬੇਹਿਸਾਬੀਆਂ ਖੁਰਾਕਾਂ ਖਾਣੀਆਂ ਤੇ ਜ਼ਿਦ-ਜ਼ਿਦ ਕੇ ਕੰਮ ਕਰਨਾ ਲੋਕਾਂ ਦਾ ਸ਼ੌਕ ਹੁੰਦਾ ਸੀ। ਬਾਬਾ ਗੋਖ ਉਨ੍ਹਾਂ ਵੇਲਿਆਂ ਦੀ ਪੈਦਾਇਸ਼ ਸੀ। ਸਰੂ ਵਰਗਾ ਉਚਾ ਛੇ ਫੁੱਟ ਕੱਦ ਅਤੇ ਓਨਾ ਹੀ ਲੰਮਾ ਤੇ ਭਾਰਾ ਖੂੰਡਾ, ਇਉਂ ਲੱਗਦਾ ਜਿਵੇਂ ਦੋ ਬੰਦੇ ਤੁਰੇ ਜਾਂਦੇ ਹੋਣ।
ਇੱਕ ਦਿਨ ਮੇਰੇ ਪਿੰਡ ਦਾ ਇੱਕ ਹੋਰ ਬਾਬਾ ਅਨੋਖ ਸਿਹੁੰ, ਜੋ ਬਾਬੇ ਗੋਖ ਦਾ ਭਤੀਜਾ ਲੱਗਦਾ ਸੀ, ਦਿਨ ਦੇ ਛਿਪਾ ਜਿਹੇ ਨਾਲ ਖੇਤੋਂ ਗੇੜਾ ਮਾਰ ਕੇ ਮੁੜਿਆ ਤਾਂ ਸੱਥ ਵਿੱਚ ਖੁੰਢ ‘ਤੇ ਬੈਠਾ ਬਾਬਾ ਗੋਖ ਮਿਲ ਪਿਆ। ਅਨੋਖ ਸਿਹੁੰ ਨੂੰ ਆਉਂਦਾ ਵੇਖ ਬਾਬੇ ਨੇ ਸਰਸਰੀ ਪੁੱਛਿਆ, ‘ਸੁਣਾ ਭਤੀਜ, ਐਸ ਵੇਲੇ ਕਿੱਧਰੋਂ?’
‘‘ਕੀ ਸੁਣਾਵਾਂ ਚਾਚਾ, ਇੱਕ ਢੱਠਾ ਗਿੱਝ ਗਿਆ ਖੇਤ ਵਿੱਚ। ਆਪਣੇ ਪਿੰਡ ਦਾ ਹੈ ਨ੍ਹੀਂ, ਬਾਹਰੋਂ ਆਇਆ ਲੱਗਦੈ। ਹੈ ਵੀ ਪੂਰਾ ਮਾਰ-ਖੁੰਡਾ। ਖੇਤ ਵਿੱਚੋਂ ਲਲਕਾਰੀਏ ਤਾਂ ਸਿੱਧਾ ਮਾਰਨ ਨੂੰ ਆਉਂਦੈ। ਓਸੇ ਨੂੰ ਮਸਾਂ ਖੇਤ ਤੋਂ ਕੱਢ ਕੇ ਆਇਆਂ।’ ਅਨੋਖ ਸਿਹੁੰ ਨੇ ਦੁਖੀ ਹੋ ਕੇ ਦੱਸਿਆ।
‘ਹੱਛਾ! ਇਹ ਗੱਲ ਐ ਤਾਂ ਸਵੇਰੇ ਮੈਨੂੰ ਨਾਲ ਲੈ ਚੱਲੀਂ, ਚਾਚਾ ਭਤੀਜਾ ਦੋਵੇਂ ਰਲ ਕੇ ਮੋੜ ਦਿਆਂਗਾ।’ ਬਾਬੇ ਗੋਖ ਨੇ ਸੁਲ੍ਹਾ ਮਾਰੀ।
…ਤੇ ਅਗਲੇ ਦਿਨ ਬਾਬਾ ਗੋਖ, ਅਨੋਖ ਸਿਹੁੰ ਨਾਲ ਖੇਤ ਜਾਂਦਾ ਰਿਹਾ। ਢੱਠਾ ਵੀ ਸਬੱਬੀਂ ਖੇਤ ਵਿੱਚ ਹੀ ਚਰ ਰਿਹਾ ਸੀ। ਉਨ੍ਹਾਂ ਨੂੰ ਦੂਰੋਂ ਆਉਂਦਿਆਂ ਵੇਖ ਕੇ ਢੱਠੇ ਨੇ ਬੜ੍ਹਕ ਮਾਰੀ। ‘ਵੇਖ ਲੈ ਚਾਚਾ, ਪੂਰਾ ਹੰਕਾਰਿਆ ਐ।’ ਅਨੋਖ ਸਿਹੁੰ ਡਰਦਾ ਜਿਹਾ ਬੋਲਿਆ।
‘ਕੋਈ ਨਾ ਭਤੀਜਾ, ਹੌਸਲਾ ਰੱਖ।’ ਬਾਬੇ ਗੋਖ ਨੇ ਧੀਰਜ ਦਿੱਤਾ ਤੇ ਦੋਵੇਂ ਜਣੇ ਹੌਲੀ ਹੌਲੀ ਢੱਠੇ ਦੇ ਨੇੜੇ ਪੁੱਜ ਗਏ। ਬਾਬੇ ਗੋਖ ਨੇ ਨਿਗ੍ਹਾ ਭਰ ਕੇ ਢੱਠੇ ਨੂੰ ਵੇਖਿਆ, ਜਿਵੇਂ ਉਸ ਦੇ ਜ਼ੋਰ ਨੂੰ ਜਾਂਚ ਰਿਹਾ ਹੋਵੇ। ਫਿਰ ਲਾਂਗੜ ਕੱਢ ਕੇ ਤੇ ਖੂੰਡੇ ਨੂੰ ਫਬਾ ਕੇ ਦੋਵਾਂ ਹੱਥਾਂ ਵੱਚ ਫੜ ਕੇ ਬੋਲਿਆ, ‘ਲੈ ਭਤੀਜ, ਹੁਣ ਤੂੰ ਮੇਰੇ ਮੂਹਰੇ ਖੜ੍ਹ ਜਾ ਤੇ ਢੱਠੇ ਨੂੰ ਲਲਕਾਰਾ ਮਾਰ।’
ਬਾਬੇ ਦੀ ਗੱਲ ਸੁਣ ਕੇ ਅਨੋਖ ਸਿਹੁੰ ਠਠੰਬਰ ਗਿਆ ਤੇ ਕਹਿਣ ਲੱਗਾ, ‘ਮਖੌਲ ਕਰਦੈਂ ਚਾਚਾ? ਉਹ ਤੀਰ ਵਾਂਗੂੰ ਆਉਂਦੈ। ਮੇਰੀਆਂ ਤਾਂ ਛਾਲਾਂ ਚਕਾ ਦੇਊ।’
‘ਭਤੀਜ ਘਾਬਰ ਨਾ, ਤੂੰ ਮੇਰੇ ਮੂਹਰੇ ਖੜ੍ਹ ਕੇ ਇੱਕ ਵਾਰ ਲਲਕਾਰਾ ਮਾਰ ਦੇ ਤੇ ਜਦੋਂ ਢੱਠਾ ਨੇੜੇ ਆਵੇ ਤਾਂ ਭੱਜ ਕੇ ਪਾਸੇ ਹੋ ਜੀਂ। ਬਾਕੀ ਮੈਂ ਜਾਣਾ ਤੇ ਮੇਰਾ ਕੰਮ।’ ਚਾਚੇ ਨੇ ਭਤੀਜੇ ਦਾ ਮੋਢਾ ਥਾਪੜਿਆ।
ਅਨੋਖ ਸਿਹੁੰ ਨੇ ਬਾਬੇ ਗੋਖ ਅੱਗੇ ਖੜ੍ਹ ਕੇ ਢੱਠੇ ਨੂੰ ਲਲਕਾਰਾ ਮਾਰਿਆ। ਤਾਕਤ ਦੇ ਜ਼ੋਰ ਵਿੱਚ ਅੰਨ੍ਹਾ ਹੋਇਆ ਢੱਠਾ ਉਨ੍ਹਾਂ ਵੱਲ ਨੂੰ ਭੱਜਿਆ। ‘ਹੋ ਜਾ ਭਤੀਜ ਪਾਸੇ, ਹੁਣ ਮੈਂ ਵਿਹਨਾਂ ਇਹਨੂੰ।’ ਬਾਬਾ ਗੋਖ ਪੂਰੇ ਪੈਂਤੜੇ ਵਿੱਚ ਹੋ ਕੇ ਬੋਲਿਆ। ਅਨੋਖ ਸਿੰਘ ਪਾਸੇ ਹਟ ਗਿਆ ਤੇ ਠਾਹ ਕਰਦਾ ਖੂੰਢਾ ਢੱਠੇ ਦੇ ਸਿੰਗਾਂ ਦੇ ਵਿਚਾਲੇ ਠੁਕਿਆ। ਸੱਟ ਖਾ ਕੇ ਜਾਨਵਰ ਪਿੱਛੇ ਹਟਿਆ ਤੇ ਹੁੜ੍ਹੀ ਲੈ ਕੇ ਫਿਰ ਬਾਬਾ ਵੱਲ ਨੂੰ ਵਧਿਆ। ਬਾਬੇ ਨੇ ਫਿਰ ਪੱਬਾਂ ਭਾਰ ਹੋ ਕੇ ਖੂੰਡਾ ਦੋਵਾਂ ਸਿੰਗਾਂ ਵਿੱਚ ਮਾਰਿਆ। ਢੱਠਾ ਵੀ ਜਿਵੇਂ ਆਈ ਉੱਤੇ ਆਇਆ ਹੋਇਆ ਸੀ। ਤੀਜੀ ਵਾਰ ਫਿਰ ਖੁਰਾਂ ਨਾਲ ਧਰਤੀ ਪੁੱਟਦਾ ਤੇ ਨਾਸਾਂ ਫੁੰਕਾਰਦਾ ਹਨੇਰੀ ਵਾਂਗ ਆਇਆ। ਬਾਬੇ ਗੋਖ ਨੇ ਵੀ ਪੂਰਾ ਟਿੱਲ ਲਾ ਕੇ ਖੂੰਡਾ ਮਾਰਿਆ। ਦਰਖਤ ਦਾ ਟਾਹਣ ਟੁੱਟਣ ਵਰਗੀ ਆਵਾਜ਼ ਆਈ ਤੇ ਖੂੰਡਾ ਅੱਧੇ-ਵਿਚਾਲਿਉਂ ਟੁੱਟ ਕੇ ਪਾਸੇ ਜਾ ਡਿੱਗਿਆ। ਓਧਰ ਢੱਠੇ ਦੀ ਬੂਥ ਵੀ ਧਰਤੀ ‘ਤੇ ਲੱਗ ਗਈ।
‘ਹੁਣ ਕੀ ਬਣੂੰ ਚਾਚਾ?’ ਖੂੰਡਾ ਟੁੱਟ ਜਾਣ ਕਰ ਕੇ ਅਨੋਖ ਸਿਹੁੰ ਹੋਰ ਘਬਰਾ ਗਿਆ।
ਬਾਬੇ ਗੋਖ ਨੇ ਪਾਸੇ ਨੂੰ ਮੂੰਹ ਕਰ ਕੇ ਥੁੱਕਿਆ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਮੱਥੇ ਤੋਂ ਮੁੜ੍ਹਕਾ ਪੂੰਝਦਿਆਂ ਬੋਲਿਆ, ‘ਬਣਨਾ ਕੀ ਐ ਭਤੀਜ, ਪਹਿਲੀ ਗੱਲ ਹੁਣ ਇਹ ਉਠਦਾ ਨ੍ਹੀਂ ਤੇ ਜੇ ਉਠ ਖੜ੍ਹਾ ਫੇਰ ਆਪਣੀ ਕੋਈ ਵਾਹ ਨ੍ਹੀਂ।’
ਜ਼ੋਰ ਦੋਵਾਂ ਧਿਰਾਂ ਦਾ ਹੀ ਪੂਰਾ ਲੱਗ ਗਿਆ ਸੀ। ਢੱਠਾ ਸੰਭਲਿਆ, ਪਰ ਬਾਬੇ ਹੋਰਾਂ ਵੱਲ ਆਉਣ ਦੀ ਥਾਂ ਪਿਛਲ- ਖੁਰੀ ਨੱਸ ਗਿਆ ਅਤੇ ਫੇਰ ਕਦੇ ਅਨੋਖ ਸਿੰਘ ਦੇ ਖੇਤ ਨਾ ਵੜਿਆ।
ਬਾਬੇ ਗੋਖ ਦਾ ਵਿਆਹ ਹੋਇਆ ਤਾਂ ਉਹ ਪਹਿਲੀ ਵਾਰ ਸਹੁਰੀਂ ਗਿਆ। ਪਿੰਡ ਵੜਦਿਆਂ ਹੀ ਇੱਕ ਚਾਂਭਲਿਆ ਬਦਮਾਸ਼ ਊਠ ਦੇ ਮੂਹਰੇ ਹੋ ਖਲੋਤਾ। ਬਾਬੇ ਨੇ ਊਠ ਦੀ ਮੁਹਾਰ ਖਿੱਚਦਿਆਂ ਪੁੱਛਿਆ, ‘ਹਾਂ ਬਈ ਜੁਆਨਾ, ਕੀ ਗੱਲ ਐ?’
‘ਗੱਲ ਕੀ ਹੋਣੀ ਐ। ਮੈਂ ਪਿੰਡ ਦੇ ਜੁਆਈ ਨੂੰ ਨਿਊਂਦਾ ਲਏ ਬਗੈਰ ਜਾਣ ਨ੍ਹੀਂ ਦਿੱਤਾ ਕਦੇ।’
‘ਕਿਹੜਾ ਨਿਊਂਦਾ?’ ਬਾਬਾ ਗੋਖ ਅਜੇ ਪੁੱਛਣ ਹੀ ਲੱਗਾ ਸੀ ਕਿ ਪਿੰਡ ਦੇ ਇੱਕ ਬਜ਼ੁਰਗ ਨੇ ਨੇੜੇ ਹੁੰਦਿਆਂ ਕਿਹਾ, ‘ਜੁਆਨਾ, ਦਾਰੂ ਦੀ ਇੱਕ ਬੋਤਲ ਦੇ ਕੇ ਮੱਥਾ ਡੰ੍ਹਮ ਦੇ ਇਹਦਾ, ਨਹੀਂ ਤਾਂ ਪਤਾ ਨ੍ਹੀਂ ਕੀ ਕੁਪੱਤ ਕਰੂ। ਇਹ ਸਾਰਿਆਂ ਨਾਲ ਇਉਂ ਈ ਕਰਦੈ।’
ਬਾਬੇ ਨੇ ਦਾੜ੍ਹੀ ਖੁਰਕੀ ਅਤੇ ਮੁੱਛਾਂ ਉੱਤੇ ਹੱਥ ਜਿਹਾ ਫੇਰ ਕੇ ਕਿਹਾ, ‘ਬਾਈ ਸਿੰਹਾਂ, ਹੁਣ ਤਾਂ ਬੋਤਲ ਹੈ, ਨ੍ਹੀਂ ਮੇਰੇ ਕੋਲ, ਪਰ ਤੇਰੇ ਨਾਲ ਵਾਅਦਾ ਰਿਹਾ, ਸਵੇਰੇ ਜਾਣ ਲੱਗਿਆਂ ਜ਼ਰੂਰ ਦੇ ਕੇ ਜਾਊਂ।’
‘ਵੇਖ ਲੈ, ਨਹੀਂ ਤਾਂ ਪਿੰਡ ਵਿੱਚ ਆਜੂੰ ਤੇਰੇ ਬੋਤਲ ਲੈਣ।’ ਬਦਮਾਸ਼ ਜੇਤੂ ਹਾਸਾ ਹੱਸਿਆ।
‘ਮਖਿਆ ਯਕੀਨ ਮੰਨ। ਕੱਲ੍ਹ ਨੂੰ ਸਾਝਰੇ-ਸਾਝਰੇ ਐਥੇ ਈ ਮਿਲਾਂਗੇ।’ ਬਾਬੇ ਦੀ ਗੱਲ ਦਾ ਯਕੀਨ ਕਰ ਕੇ ਬਦਮਾਸ਼ ਪਾਸੇ ਹੋ ਗਿਆ ਤੇ ਬਾਬਾ ਆਪਣੇ ਸਹੁਰੇ ਘਰ ਜਾ ਪੁੱਜਾ।
ਅਗਲੇ ਦਿਨ ਬਾਬਾ ਗੋਖ ਆਪਣੀ ਪਤਨੀ ਨੂੰ ਲੈ ਕੇ ਸੁਵੱਖਤੇ ਹੀ ਤੁਰ ਪਿਆ। ਕਰਨੀ ਰੱਬ ਦੀ, ਪਿੰਡ ਦੀ ਫਿਰਨੀ ਉੱਤੇ ਬਦਮਾਸ਼ ਫਿਰ ਅੱਗੇ ਹੋ ਖੜ੍ਹਾ, ਜਿਵੇਂ ਬਾਬੇ ਨੂੰ ਉਡੀਕ ਰਿਹਾ ਹੋਵੇ।
‘ਹਾਂ ਬਈ ਜੁਆਨਾ, ਲਿਆ ਫੇਰ ਮੇਰਾ ਨਿਊਂਦਾ।’ ਬਦਮਾਸ਼ ਬੋਲਿਆ।
‘ਬਾਈ ਸਿੰਹਾਂ, ਤੂੰ ਫਿਰ ਟਲਦਾ ਨ੍ਹੀਂ ਹੁਣ ਨਿਊਂਦਾ ਲਏ ਬਿਨਾਂ?’ ਬਾਬਾ ਗੁੱਝਾ ਜਿਹਾ ਮੁਸਕਰਾਇਆ।
‘ਮਖਿਆ ਜਮਾਂ ਈ ਨ੍ਹੀਂ, ਮੈਂ ਅੱਜ ਤਾਈਂ ਪਿੰਡ ਦਾ ਕੋਈ ਜੁਆਈ ਭਾਈ ਜਾਣ ਈ ਨ੍ਹੀਂ ਦਿੱਤਾ ਕਦੇ ਨਿਊਂਦਾ ਲਏ ਬਗੈਰ।” ਬਦਮਾਸ਼ ਪੂਰਾ ਵੀਰ੍ਹਿਆ ਖੜ੍ਹਾ ਸੀ।
ਬਾਬਾ ਗੋਖ ਫੁੱਲਾਂ ਵਾਲੇ ਝੋਲੇ ਵਿੱਚ ਹੱਥ ਜਿਹਾ ਮਾਰਦਾ ਕਹਿਣ ਲੱਗਾ, ‘ਚੰਗਾ ਬਾਈ ਸਿੰਹਾਂ, ਨਹੀਂ ਟਲਦਾ ਤਾਂ ਸੱਜੇ ਪਾਸੇ ਦੀ ਹੋ ਕੇ ਫੜ ਲੈ ਆਵਦਾ ਨਿਊਂਦਾ।’
ਬਦਮਾਸ਼ ਉਸ ਦੀ ਮਾਰ ਵਿੱਚ ਆਇਆ ਤਾਂ ਬਾਬੇ ਨੇ ਇੱਕੋ ਖੂੰਡਾ ਟਿਕਾ ਕੇ ਮਾਰਿਆ ਤੇ ਬੋਤਾ ਤੋਰ ਕੇ ਪਿੰਡ ਨੂੰ ਆ ਗਿਆ। ਵਿਚਾਰਾ ਬਦਮਾਸ਼ ਇੱਕ ਵਾਰ ਥੱਲੇ ਡਿੱਗਿਆ, ਮੁੜ ਕੇ ਨਾ ਉਠਿਆ।
ਕਹਿੰਦੇ ਨੇ ਸਮਾਂ ਪਾ ਕੇ ਉਸ ਬਦਮਾਸ਼ ਦਾ ਭਰਾ ਆਪਣੇ ਭਰਾ ਦਾ ਬਦਲਾ ਬਾਬੇ ਗੋਖ ਤੋਂ ਲੈਣ ਸਾਡੇ ਪਿੰਡ ਆ ਗਿਆ। ਜਾਣ ਬੁੱਝ ਕੇ ਦਿਨ ਛਿਪਦੇ ਨਾਲ ਬਾਬੇ ਦੇ ਬੂਹੇ ਅੱਗੇ ਖਲੋ ਕੇ ਆਵਾਜ਼ ਮਾਰੀ, ‘ਬਾਈ ਗੋਖ ਸਿੰਹਾਂ, ਘਰੇ ਈ ਐਂ?’
ਬਾਬਾ ਬਾਹਰ ਆਇਆ ਤਾਂ ਉਹ ਅਧੀਨਗੀ ਜਿਹੀ ਨਾਲ ਬੋਲਿਆ, ‘ਮੈਂ ਬਾਈ ਰਾਤ ਕੱਟਣੀ ਸੀ। ਸੱਥ ‘ਚੋਂ ਪੁੱਛਿਆ ਤਾਂ ਥੋਡੇ ਪਿੰਡ ਆਲਿਆਂ ਨੇ ਤੇਰੀ ਦੱਸ ਪਾਤੀ।’
‘ਕੋਈ ਗੱਲ ਨ੍ਹੀਂ ਭਰਾਵਾ, ਤੇਰਾ ਆਵਦਾ ਘਰ ਐ ਆ ਜਾ ਲੰਘ ਆ।’ ਬਾਬੇ ਨੇ ਨਿਮਰਤਾ ਨਾਲ ਕਿਹਾ। ਰਾਹੀ-ਪਾਂਧੀ ਦੀ ਸੇਵਾ ਉਨ੍ਹੀਂ ਦਿਨੀਂ ਲੋਕ ਧਰਮ ਸਮਝ ਕੇ ਕਰਦੇ ਸਨ।
ਰਾਤ ਨੂੰ ਰੋਟੀ-ਪਾਣੀ ਛਕਣ ਮਗਰੋਂ ਬਾਬਾ ਗੋਖ ਤੇ ਬਦਮਾਸ਼ ਦਾ ਭਰਾ ਗੱਲੀਂ ਪੈ ਗਏ।
‘ਬਾਈ, ਸੁਣਿਆ ਤੇਰਾ ਖੂੰਡਾ ਬੜਾ ਮਸ਼ਹੂਰ ਐ ਇਲਾਕੇ ਵਿੱਚ।’ ਉਸ ਨੇ ਗੱਲ ਛੇੜੀ।
‘ਉਹ ਤਾਂ ਬਾਈ ਸਿੰਹਾਂ ਐਵੇਂ ਈ ਲੋਕ ਕਹਿ ਛੱਡਦੇ ਐ। ਐਡੀ ਤਾਂ ਕੋਈ ਗੱਲ ਨ੍ਹੀਂ।’ ਬਾਬੇ ਨੇ ਸੰਖੇਪ ਜਵਾਬ ਦਿੱਤਾ।
‘ਮੈਂ ਤਾਂ ਸੁਣਿਆ, ਬਾਈ ਨੇ ਹੁਸਨਰ ਪਿੰਡ ਵਿੱਚ ਬੰਦਾ ਈ ਮਾਰ ‘ਤਾ ਸੀ ਖੂੰਡੇ ਨਾਲ।’ ਰਾਹੀਂ ਗੱਲ ਦੀ ਤਹਿ ਤੱਕ ਜਾਣਾ ਚਾਹੰੁਦਾ ਸੀ।
‘ਉਹ ਤਾਂ ਬਾਈ ਸਿੰਹਾਂ ਐਵੇਂ ਆਵਦੇ ਹੰਕਾਰ ‘ਚ ਈ ਮਾਰਿਆ ਗਿਆ, ਹੋਰ ਆਪਣੀ ਕਿਹੜਾ ਲਾਗ-ਡਾਟ ਸੀ ਕੋਈ ਉਹਦੇ ਨਾਲ’, ਤੇ ਬਾਬੇ ਨੇ ਸਾਰੀ ਗੱਲ ਸਾਫਗੋਈ ਨਾਲ ਮੁਸਾਫਿਰ ਨੂੰ ਸੁਣਾ ਕੇ ਦੀਵੇ ਨੂੰ ਫੂਕ ਮਾਰ ਦਿੱਤੀ।
ਅਗਲੇ ਦਿਨ ਬਾਬਾ ਗੋਖ ਮੁਸਾਫਰ ਨੂੰ ਰੋਟੀ ਪਾਣੀ ਖੁਆ ਕੇ ਪਿੰਡ ਦੇ ਬਾਹਰ ਛੱਡਣ ਗਿਆ। ਵਿਛੜਨ ਲੱਗਿਆਂ ਮੁਸਾਫਰ ਨੇ ਡੱਬ ਵਿੱਚੋਂ ਪਿਸਤੌਲ ਕੱਢਿਆ ਤੇ ਬਾਬੇ ਗੋਖ ਵੱਲ ਤਾਣ ਕੇ ਬੋਲਿਆ, ‘ਮੈਂ ਹੁਸਨਰ ਵਾਲੇ ਬਦਮਾਸ਼ ਦਾ ਭਰਾ ਆਂ, ਬਾਈ ਮੇਰਿਆ, ਤੇ ਮੈਂ ਆਇਆ ਸੀ ਆਵਦੇ ਭਾਈ ਦਾ ਬਦਲਾ ਲੈਣ, ਪਰ ਤੇਰੇ ਰੋਟੀ ਪਾਣੀ ਤੇ ਸਾਫ ਦਿਲੀ ਨੇ ਮੇਰਾ ਭੁਲੇਖਾ ਕੱਢ ਦਿੱਤਾ। ਵਾਕਿਆ ਮੇਰੇ ਭਰਾ ਨੂੰ ਉਹਦਾ ਹੰਕਾਰ ਲੈ ਬੈਠਾ। ਤੇਰਾ ਕੋਈ ਕਸੂਰ ਨ੍ਹੀਂ ਸੀ। ਜਾਹ ਹੁਣ ਨਾ ਡਰੀਂ।’ ਇਹ ਆਖ ਕੇ ਰਾਹੀਂ ਰਾਹ ਪੈ ਗਿਆ।
ਬਾਬੇ ਗੋਖ ਤੇ ਹੋਰ ਬਜ਼ੁਰਗਾਂ ਦੀਆਂ ਅਜਿਹੀਆਂ ਹੋਰ ਵੀ ਅਨੇਕਾਂ ਗਾਥਾਵਾਂ ਪਿੰਡ ਦੀ ਸੱਥ ਵਿੱਚ ਬੈਠੀਆਂ ਸਰੋਤਿਆਂ ਨੂੰ ਤਰਸਦੀਆਂ ਰਹਿੰਦੀਆਂ ਹਨ। ਨਵੀਂ ਪੀੜ੍ਹੀ ਵਟਸਐਪ ਜਾਂ ਫੇਸਬੁਕ ‘ਤੇ ਨਜ਼ਰਾਂ ਗੱਡੀ ਉਨ੍ਹਾਂ ਨੂੰ ਅਣਗੌਲਿਆਂ ਕਰ ਕੇ ਲੰਘ ਜਾਂਦੀ ਹੈ।