ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ ਮਨਾਈ

-ਬੱਚਿਆਂ ਵਲੋਂ ਗੁਰਬਾਣੀ ਦਾ ਕੀਰਤਨ
ਟੋਰਾਂਟੋ, 11 ਸਤੰਬਰ (ਪੋਸਟ ਬਿਓਰੋ)- ਬ੍ਰਹਮ ਗਿਆਨੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦੀ ਬਰਸੀ ਸੰਗਤਾਂ ਦੇ ਸਹਿਯੋਗ ਨਾਲ ਰੈਕਸਡੇਲ ਗੁਰੂਘਰ ਵਿਖੇ ਮਨਾਈ ਗਈ। ਜਿਥੇ ਬੱਚਿਆਂ ਨੇ ਗੁਰਬਾਣੀ ਆਧਾਰਿਤ ਕੀਰਤਨ ਦਾ ਗਾਇਨ ਕੀਤਾ, ਉਥੇ ਹੀ ਢਾਡੀ ਸਿੰਘਾਂ ਨੇ ਬਾਬਾ ਬੁੱਢਾ ਜੀ ਦੇ ਜੀਵਨ `ਤੇ ਚਾਨਣਾ ਪਾਇਆ। ਕੀਰਤਨ ਦਾ ਆਰੰਭ ਜਸਮੀਨ ਕੌਰ ਦੇ ਸ਼ਬਦ ‘ਸਭ ਤੇ ਵੱਡਾ ਸਤਿਗੁਰੂ ਨਾਨਕ` ਨਾਲ ਹੋਇਆ। ਦਿਲਰਾਜ ਸਿੰਘ ਨੇ ‘ਹੇ ਗੋਬਿੰਦ ਹੇ ਗੋਪਾਲ`, ਹਰਸਿਮਰਤ ਕੌਰ ਨੇ ‘ਪ੍ਰੀਤਮ ਕੇ ਦੇਸ਼ ਬਾਤਨ ਸੇ`, ਹਰਜਾਪ ਸਿੰਘ ਨੇ ਮੂਲ ਮੰਤਰ ਦਾ ਗਾਇਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਦੇ ਬਰਸੀ ਸਮਾਗਮ ਦੀ ਪ੍ਰਬੰਧਕ ਬੀਬੀ ਪਰਮਜੀਤ ਕੌਰ ਮੁਤਾਬਿਕ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਕੀਰਤਨ ਦੀ ਸਿਖਲਾਈ ਤੇ ਨਾਮ ਸਿਮਰਨ ਦਾ ਆਯੋਜਨ ਕੀਤਾ ਜਾਂਦਾ ਹੈ। ਧਾਰਮਿਕ ਸਮਾਗਮ ਵਿਚ ਛੋਟੇ-ਛੋਟੇ ਬੱਚਿਆਂ ਦਾ ਕੀਰਤਨ ਕਰਨ ਲਈ ਉਤਸ਼ਾਹ ਤੇ ਪਿਆਰ ਸ਼ਲਾਘਾਯੋਗ ਸੀ। ਮਾਂ-ਬਾਪ ਬੱਚਿਆਂ ਨੂੰ ਖੂਬਸੂਰਤ ਪੁਸ਼ਾਕਾਂ ਤੇ ਕੇਸਰੀ ਪੱਗਾਂ ਤੇ ਪਟਕੇ ਸਜਾ ਕੇ ਗੁਰੂਘਰ ਲੈ ਕੇ ਆਏੇ। ਪ੍ਰਬੰਧਕਾਂ ਵਲੋਂ ਵੱਖ-ਵੱਖ ਗੁਰੂਘਰਾਂ ਵਿਚ ਖਾਸ ਧਾਰਮਿਕ ਸਮਾਗਮ ਤੇ ਸਿੱਖ ਫਲਸਫ਼ੇ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ। ਜਿ਼ਆਦਾ ਜਾਣਕਾਰੀ ਲਈ 647-923-4766 ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।