ਬਾਬਰੀ ਮਸਜਿਦ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਪੰਜ ਦਸੰਬਰ ਤੋਂ ਸੁਣਵਾਈ ਕਰਨ ਦਾ ਫੈਸਲਾ

SC
ਨਵੀਂ ਦਿੱਲੀ, 12 ਅਗਸਤ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ ਬਾਬਰੀ ਮਸਜਿਦ ਕੇਸ ਦੀ ਅੰਤਿਮ ਸੁਣਵਾਈ ਪੰਜ ਦਸੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸਿਖਰਲੀ ਅਦਾਲਤ ਨੇ ਸਾਫ ਕਰ ਦਿੱਤਾ ਹੈ ਕਿ ਸੁਣਵਾਈ ਕਿਸੇ ਹਾਲਤ ਅੱਗੇ ਨਹੀਂ ਪੈਣ ਦਿੱਤਾ ਜਾਵੇਗਾ।
ਡੇਢ ਘੰਟੇ ਦੀ ਵਿਚਾਰ ਤੋਂ ਬਾਅਦ ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਵੱਲੋਂ 2010 ਵਿੱਚ ਇਸ ਵਿਵਾਦਤ ਕੇਸ ਬਾਰੇ ਸੁਣਾਏ ਫੈਸਲੇ ਖਿਲਾਫ ਇਕ ਦੂਜੇ ਵੱਲੋਂ ਦਾਖਲ ਅਪੀਲਾਂ ‘ਤੇ ਸਰਬ ਸੰਮਤੀ ਨਾਲ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਯਾਦ ਰਹੇ ਕਿ ਅਲਾਹਾਬਾਦ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਅਯੁੱਧਿਆ ਵਿਚਲੇ ਇਸ 2.77 ਏਕੜ ਰਕਬੇ ਵਾਲੇ ਵਿਵਾਦਤ ਖੇਤਰ ਨੂੰ ਤਿੰਨ ਧਿਰਾਂ ਸੁੰਨੀ ਵਕਫ ਬੋਰਡ, ਨਿਰਮੋਹੀ ਅਖਾੜਾ ਤੇ ਰਾਮ ਲੱਲਾ ਵਿੱਚ ਵੰਡਣ ਲਈ ਕਿਹਾ ਸੀ। ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਵਿਸ਼ੇਸ਼ ਬੈਂਚ ਨੇ ਸਾਰੀਆਂ ਧਿਰਾਂ ਨੂੰ ਕੇਸ ਨਾਲ ਜੁੜੇ ਦਸਤਾਵੇਜ਼ਾਂ ਦੇ ਅਨੁਵਾਦ ਨਾਲ ਸਬੰਧਤ ਸਾਰਾ ਕੰਮ 12 ਹਫਤਿਆਂ ‘ਚ ਮੁਕੰਮਲ ਕਰਨ ਲਈ ਕਿਹਾ ਹੈ। ਇਹ ਦਸਤਾਵੇਜ਼ ਅੱਠ ਵੱਖ-ਵੱਖ ਭਾਸ਼ਾਵਾਂ ‘ਚ ਹਨ। ਬੈਂਚ ਵਿੱਚ ਸ਼ਾਮਲ ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਅਬਦੁਲ ਨਜ਼ੀਰ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਰਿਕਾਰਡ ਵਿੱਚ ਦਰਜ ਦਸਤਾਵੇਜ਼ਾਂ ਦੇ ਅੰਗਰੇਜ਼ੀ ਤਰਜਮੇ ਲਈ ਦਸ ਹਫਤਿਆਂ ਦਾ ਸਮਾਂ ਦਿੱਤਾ ਹੈ। ਬੈਂਚ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਾਰੀਆਂ ਧਿਰਾਂ ਨੂੰ ਉਸ ਵੱਲੋਂ ਨਿਰਧਾਰਿਤ ਸਮੇਂ ਸੀਮਾ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ ਤੇ ਕਿਸੇ ਹਾਲਤ ਵੀ ਸੁਣਵਾਈ ਹੁਣ ਅੱਗੇ ਨਹੀਂ ਪਵੇਗੀ। ਭਗਵਾਨ ਰਾਮ ਲੱਲਾ ਵੱਲੋਂ ਪੇਸ਼ ਸੀਨੀਅਰ ਵਕੀਲ ਸੀ ਐਸ ਵੈਦਿਆਨਾਥਨ ਅਤੇ ਯੂ ਪੀ ਸਰਕਾਰ ਵੱਲੋਂ ਪੇਸ਼ ਵਧੀਕ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਕੇਸ ਦੀ ਸੁਣਵਾਈ ਜਲਦ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ, ਹੋਰਨਾਂ ਧਿਰਾਂ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਸਮੇਤ ਹੋਰ ਸੁਣਵਾਈ ਅਗਲੇ ਸਾਲ ਜਨਵਰੀ ਤੋਂ ਪਹਿਲਾਂ ਸ਼ੁਰੂ ਨਾ ਕੀਤੇ ਜਾਣ ਦੇ ਹੱਕ ਵਿੱਚ ਸਨ।