ਬਾਦਲ ਦਲ ਦੇ ਮੁਕਾਬਲੇ ਦੀ ਪੰਥਕ ਸਰਗਰਮੀ ਦਾ ਪਿੜ ਬੱਝਣ ਲੱਗਾ

sarabjot singh bedi
ਚੰਡੀਗੜ੍ਹ, 3 ਅਪ੍ਰੈਲ, (ਪੋਸਟ ਬਿਊਰੋ)- ਪੰਜਾਬ ਵਿੱਚ ਸਰਕਾਰ ਬਦਲਣ ਦੇ ਨਾਲ ਹੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਬਾਬਾ ਸਰਬਜੋਤ ਸਿੰਘ ਬੇਦੀ ਦੇ ਮੁੜ ਸਰਗਰਮ ਹੋਣ ਦੀਆਂ ਸੂਚਨਾਵਾਂ ਹਨ ਤੇ ਉਨ੍ਹਾਂ ਨੇ ਇਕ ਕੇਂਦਰ ਬਿੰਦੂ ਵਜੋਂ ਪੰਜਾਬ ਵਿੱਚ ਨਵੀਂ ਪੰਥਕ ਸਫ਼ਾਬੰਦੀ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸ ਮਕਸਦ ਲਈ 8 ਅਪ੍ਰੈਲ ਨੂੰ ਜੋਧਾਂ ਮਨਸੂਰਾਂ ਜ਼ਿਲਾ ਲੁਧਿਆਣਾ ਵਿਚ ਇੱਕ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਭਵਿੱਖ ਦੀ ਰੂਪ-ਰੇਖਾ ਤਿਆਰ ਕਰਨ ਦੀ ਯੋਜਨਾ ਘੜੀ ਜਾ ਸਕਦੀ ਹੈ।
ਜਾਣਕਾਰ ਸੂਤਰਾਂ ਅਨੁਸਾਰ ਬਾਬਾ ਸਰਬਜੋਤ ਸਿੰਘ ਬੇਦੀ ਇਸ ਨਵੀਂ ਪੰਥਕ ਸਰਗਰਮੀ ਦੇ ਕੇਂਦਰ ਬਿੰਦੂ ਹੋ ਸਕਦੇ ਹਨ। ਸਫ਼ਾਬੰਦੀ ਦਾ ਮੁੱਖ ਆਧਾਰ ਮਜੌਦਾ ਸਮੇਂ ਸਿੱਖਾਂ ਵਿੱਚ ਵਧਦੇ ਆਪਸੀ ਤਣਾਅ ਨੂੰ ਠੱਲ੍ਹਣ ਅਤੇ ਸਮੁੱਚੀ ਏਕਤਾ ਲਈ ਹੰਭਲਾ ਮਾਰਨਾ ਦੱਸਿਆ ਜਾ ਰਿਹਾ ਹੈ, ਪ੍ਰੰਤੂ ਜਿਸ ਯੋਜਨਾਬੱਧ ਤਰੀਕੇ ਨਾਲ ਇਹ ਸਫ਼ਬੰਦੀ ਕੀਤੀ ਜਾਣ ਲੱਗੀ ਹੈ, ਉਸ ਦੇ ਅਨੁਸਾਰ ਜੇ ਇਹ ਕਾਰਜ ਨੇਪਰੇ ਚਾੜ੍ਹ ਦਿੱਤਾ ਜਾਵੇ ਤਾਂ ਬਾਦਲ ਅਕਾਲੀ ਦਲ ਲਈ ਸਿਰਦਰਦੀ ਦਾ ਸਬੱਬ ਪੈਦਾ ਕਰ ਸਕਦਾ ਹੈ, ਕਿਉਂਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਦੇ ਕਾਰਨ ਸਿੱਖਾਂ ਵਿੱਚ ਬਾਦਲ ਅਕਾਲੀ ਦਲ ਦੀ ਕਾਫੀ ਭੰਡੀ ਹੋਈ ਪਈ ਹੈ। ਦੂਸਰੇ ਪਾਸੇ ਕਈ ਵੱਡੇ ਅਤੇ ਅਹਿਮ ਮੰਨੇ ਜਾਂਦੇ ਸਿੱਖ ਸੰਗਠਨਾਂ ਦਾ ਇਕ ਮੰਚ ਉੱਤੇ ਆ ਜਾਣਾ, ਜੋ ਨੇੜਲੇ ਇਤਿਹਾਸ ਨੂੰ ਵੇਖਿਆਂ ਮੁਸ਼ਕਲ ਜਾਪਦਾ ਹੈ, ਵੀ ਆਪਣੇ ਆਪ ਵਿੱਚ ਦਿਲਚਸਪ ਹੋਵੇਗਾ।
ਇਸ ਸੰਬੰਧ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਪਿਛਲੇ ਕਾਫੀ ਸਮੇਂ ਤੋਂ ਅਤੇ ਖਾਸ ਕਰਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਮਾਮਲੇ ਵਿੱਚ ਸੰਤ ਸਮਾਜ ਦੀਆਂ ਜੋ ਪ੍ਰਮੁੱਖ ਸ਼ਖ਼ਸੀਅਤਾਂ ਆਪਸੀ ਫੁੱਟ ਦਾ ਸ਼ਿਕਾਰ ਹਨ, ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ। ਇਸ ਪਿੱਛੋਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਾਬਕਾ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰਾਂ, ਜੋ ਅਕਾਲੀ ਦਲ ਤੋਂ ਦੂਰ ਜਾ ਚੁੱਕੇ ਹਨ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਸੰਪਰਕ ਕਾਇਮ ਕੀਤਾ ਜਾਵੇਗਾ। ਨਾਨਕਸਾਰ ਸੰਪਰਦਾ, ਸੇਵਾ ਪੰਥੀ, ਨਿਰਮਲੇ, ਉਦਾਸੀ, ਰਾੜਾ ਸਾਹਿਬ ਆਦਿ ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਹੈ। ਸਰਬੱਤ ਖਾਲਸਾ ਵਾਲੀਆਂ ਧਿਰਾਂ ਅਤੇ ਸਿੱਖ ਸੰਗਠਨ ਅਤੇ ਉਸ ਤੋਂ ਬਾਅਦ ਪੰਥਕ ਦਰਦ ਰੱਖਦੇ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਤਾਲਮੇਲ ਕੀਤਾ ਜਾਵੇਗਾ। ਦਮਦਮੀ ਟਕਸਾਲ ਦੇ ਪ੍ਰਮੁੱਖ ਧੜੇ ਅਜਨਾਲਾ-ਸੰਗਰਾਵਾਂ-ਭਿੰਡਰਾਂ ਕਲਾ ਨਾਲ ਉਚੇਚਾ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੋਰ ਕਈ ਸੰਸਥਾਵਾਂ, ਖਾਸ ਕਰ ਕੇ ਸਤਿਕਾਰ ਕਮੇਟੀਆਂ ਦੇ ਜਥਿਆਂ ਤੇ ਪੰਜਾਬ ਭਰ ਵਿਚ ਅੰਮ੍ਰਿਤ ਸੰਚਾਰ ਕਰਾਉਣ ਵਾਲੇ ਪੰਜਾਂ ਸਿੰਘਾਂ ਦੇ ਜਥਿਆਂ ਨਾਲ ਸੰਪਰਕ ਬਣਾਇਆ ਗਿਆ ਹੈ। ਇਸ ਕੰਮ ਦੇ ਲਈ ਸਰਗਰਮ ‘ਸੱਚ ਕੀ ਬੇਲਾ’ ਸੰਸਥਾ ਦੇ ਇੱਕ ਆਗੂ ਨੇ 8 ਅਪ੍ਰੈਲ ਦੀ ਖਾਸ ਮੀਟਿੰਗ ਬਾਰੇ ਪੁਸ਼ਟੀ ਕਰਦਿਆਂ ਕਿਹਾ ਕਿ ਜੋਧਾਂ ਮਨਸੂਰਾਂ ਵਿੱਚ ਇਹ ਮੀਟਿੰਗ ਹੋ ਰਹੀ ਹੈ, ਪਰ ਉਨ੍ਹਾਂ ਨੇ ਕੋਈ ਅਗੇਤਾ ਏਜੰਡਾ ਦੱਸਣ ਤੋ ਅਸਮਰੱਥਾ ਪ੍ਰਗਟ ਕਰ ਕੇ ਕਿਹਾ ਕਿ ਉਸੇ ਦਿਨ ਸਭ ਕੁਝ ਸਪੱਸ਼ਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਪ੍ਰੋਗਰਾਮ ਦੇ ਕੇਂਦਰ ਬਿੰਦੂ ਬਾਬਾ ਸਰਬਜੋਤ ਸਿੰਘ ਬੇਦੀ ਹੋਣਗੇ।