ਬਾਦਲਾਂ ਦੀ ਤੀਰਥ ਯਾਤਰਾ ਦਾ ਖਮਿਆਜ਼ਾ ਹੁਣ ਅਮਰਿੰਦਰ ਸਰਕਾਰ ਭੁਗਤੇਗੀ

train bill 126 crore
* ਭਾਰਤੀ ਰੇਲਵੇ ਨੂੰ 126 ਕਰੋੜ ਦਾ ਬਿੱਲ ਭਰਨਾ ਪਵੇਗਾ
ਚੰਡੀਗੜ੍ਹ, 14 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚੋਣ ਸਿਆਸਤ ਹੇਠ ਲੋਕਾਂ ਨੂੰ ਕਰਵਾਈ ਤੀਰਥ ਯਾਤਰਾ ਦੇ ਕਰੋੜਾਂ ਰੁਪਏ ਦਾ ਭੁਗਤਾਨ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਰਨਾ ਪਵੇਗਾ। ਪਹਿਲਾਂ ਹੀ ਵਿੱਤੀ ਸੰਕਟ ਵਿੱਚ ਘਿਰੀ ਹੋਈ ਸਰਕਾਰ ਨੂੰ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਲਈ ਬਾਦਲ ਸਰਕਾਰ ਵੱਲੋਂ ਲੋਕਾਂ ਨੂੰ ਕਰਵਾਈ ਤਹਿਤ ਰੇਲਵੇ ਵਿਭਾਗ ਨੂੰ 126 ਕਰੋੜ ਰੁਪਏ ਦਾ ਭੁਗਤਾਨ ਤੁਰੰਤ ਕਰਨਾ ਪੈ ਜਾਵੇਗਾ।
ਆਰ ਟੀ ਆਈ ਐਕਟ ਹੇਠ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਕੋਲੋਂ ਜੈਤੋ (ਫਰੀਦਕੋਟ) ਦੇ ਸਮਾਜ ਸੇਵੀ ਡਾਲ ਚੰਦ ਪਵਾਰ ਵੱਲੋਂ ਹਾਸਲ ਕੀਤੀ ਸੂਚਨਾ ਅਨੁਸਾਰ ਮੁਫਤ ਤੀਰਥ ਯਾਤਰਾ ਦੇ ਸਬੰਧ ਵਿੱਚ ਪੰਜਾਬ ਸਰਕਾਰ ਸਿਰ ਰੇਲਵੇ ਵਿਭਾਗ ਦੀ 126 ਕਰੋੜ 08 ਲੱਖ 45,008 ਰੁਪਏ ਦੀ ਦੇਣਦਾਰੀ ਖੜ੍ਹੀ ਹੈ, ਜਿਸ ਦਾ ਭੁਗਤਾਨ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਰਨਾ ਪਵੇਗਾ। ਟਰਾਂਸਪੋਰਟ ਕਮਿਸ਼ਨਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਹੁਣ ਤੱਕ ਮੁਫਤ ਤੀਰਥ ਯਾਤਰਾ ਸਕੀਮ ਹੇਠ ਇੰਡੀਅਨ ਰੇਲਵੇ ਸਮੇਤ ਡਾਇਰੈਕਟਰ ਸਟੇਟ ਟਰਾਂਸਪੋਰਟ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਪਟਿਆਲਾ ਦੇ ਮੈਨੇਜਿੰਗ ਡਾਇਰੈਕਟਰ ਨੂੰ 139 ਕਰੋੜ 39 ਲੱਖ 873 ਰੁਪਏ ਦੇ ਬਿੱਲ ਤਾਰ ਚੁੱਕੀ ਹੈ। ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਇਸ ਸਕੀਮ ਤਹਿਤ ਪੰਜਾਬ ਸਰਕਾਰ ਨੇ ਘੱਟੋ ਘੱਟ 266 ਕਰੋੜ ਰੁਪਏ ਖਰਚੇ ਹਨ। ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਦਿੱਤੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਇਸ ਸਕੀਮ ਹੇਠ ਸਾਲ 2015-16 ਵਿੱਚ 46.50 ਕਰੋੜ ਰੁਪਏ ਅਤੇ ਸਾਲ 2016-17 ਦੌਰਾਨ 139.50 ਕਰੋੜ ਰੁਪਏ ਫੰਡ ਹਾਸਲ ਕਰਵਾਏ ਸਨ। ਬਾਦਲ ਸਰਕਾਰ ਨੇ ਕੇਵਲ ਰੇਲ ਗੱਡੀਆਂ ਰਾਹੀਂ ਹੀ 1,22,636 ਯਾਤਰੂਆਂ ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਾਈ ਹੈ। ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬਸਾਂ ਰਾਹੀਂ ਤੀਰਥ ਅਸਥਾਨਾਂ ਉੱਤੇ ਜਾਣ ਵਾਲੇ ਲੋਕਾਂ ਦੀ ਟਰਾਂਸਪੋਰਟ ਕਮਿਸ਼ਨਰ ਕੋਲ ਸੂਚਨਾ ਹੀ ਨਹੀਂ ਹੈ। ਟਰਾਂਸਪੋਰਟ ਕਮਿਸ਼ਨਰ ਨੇ ਦੱਸਿਆ ਕਿ ਮੁਫਤ ਤੀਰਥ ਯਾਤਰਾ ਸਕੀਮ ਅਧੀਨ 8699 ਸਰਕਾਰੀ ਬਸਾਂ ਸਰਕਾਰ ਦੀ ਟਹਿਲ ਸੇਵਾ ਵਿੱਚ ਲੱਗੀਆਂ ਰਹੀਆਂ। ਇਨ੍ਹਾਂ ਵਿੱਚੋਂ 6481 ਬੱਸਾਂ ਨੇ ਅੰਮ੍ਰਿਤਸਰ ਸਾਹਿਬ ਅਤੇ 1191 ਬਸਾਂ ਨੇ ਸਾਲਾਸਰ ਧਾਮ (ਰਾਜਸਥਾਨ) ਦੀ ਯਾਤਰਾ ਕਰਵਾਈ ਹੈ। ਇਸੇ ਤਰ੍ਹਾਂ 413 ਸਰਕਾਰੀ ਬਸਾਂ ਨੇ ਮਾਤਾ ਚਿੰਤਪੂਰਨੀ (ਹਿਮਾਚਲ ਪ੍ਰਦੇਸ਼), 337 ਬਸਾਂ ਨੇ ਆਨੰਦਪੁਰ ਸਾਹਿਬ, 223 ਬਸਾਂ ਨੇ ਪਟਨਾ ਸਾਹਿਬ, 39 ਬਸਾਂ ਨੇ ਖੁਰਾਲਗੜ੍ਹ (ਹੁਸ਼ਿਆਰਪੁਰ) ਅਤੇ 50 ਸਰਕਾਰੀ ਬਸਾਂ ਨੇ ਜਵਾਲਾ ਜੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਹਨ। ਪਿਛਲੀ ਸਰਕਾਰ ਨੇ ਇਸ ਸਕੀਮ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਚੋਣਵੇਂ ਵਿਅਕਤੀਆਂ ਨੂੰ ਮੁਫਤ ਤੀਰਥ ਯਾਤਰਾ ਕਰਵਾਈ ਸੀ।
ਇਸ ਵਿੱਚ ਪੰਜਾਬ ਸਰਕਾਰ ਵੱਲੋਂ ਯਾਤਰੂਆਂ ਨੂੰ ਜਿੱਥੇ ਮੁਫਤ ਸਫਰ ਦੀ ਸਹੂਲਤ ਦਿੱਤੀ ਜਾਂਦੀ, ਉਥੇ ਖਾਣ-ਪੀਣ ਅਤੇ ਰਿਹਾਇਸ਼ ਦਾ ਵੀ ਮੁਫਤ ਪ੍ਰਬੰਧ ਕੀਤਾ ਜਾਂਦਾ ਸੀ। ਬਾਦਲ ਸਰਕਾਰ ਨੇ ਇਹ ਮੁਫਤ ਯਾਤਰਾ ਸਕੀਮ ਉਦੋਂ ਸ਼ੁਰੂ ਕੀਤੀ ਸੀ, ਜਦੋਂ ਸਰਕਾਰ ਓਵਰ ਡਰਾਫਟਿੰਗ ਤੇ ਵਿੱਤੀ ਸੰਕਟ ਵਿੱਚ ਘਿਰੀ ਪਈ ਸੀ। ਹੁਣ ਇਸ ਸਕੀਮ ਤਹਿਤ ਹੋਏ ਖਰਚਿਆਂ ਦੀ ਰੇਲਵੇ ਵਿਭਾਗ ਦੀ 126 ਕਰੋੜ ਰੁਪਏ ਦੀ ਦੇਣਦਾਰੀ ਮੌਜੂਦਾ ਕੈਪਟਨ ਸਰਕਾਰ ਦੇ ਸਿਰ ਪੈਣ ਕਾਰਨ ਖਜ਼ਾਨੇ ਦੀ ਹਾਲਤ ਹੋਰ ਪਤਲੀ ਹੋਣ ਦੇ ਆਸਾਰ ਬਣ ਗਏ ਹਨ।