ਬਾਦਲਾਂ ਦੀ ਔਰਬਿਟ ਬਸ ਹੇਠ ਕੁਚਲੇ ਗਏ ਸਕੂਲੀ ਬੱਚੇ ਦੀ ਮੌਤ


ਬਾਘਾ ਪੁਰਾਣਾ, 6 ਮਈ (ਪੋਸਟ ਬਿਊਰੋ)- ਮੋਗਾ ਜਿ਼ਲੇ ਦੇ ਇਸ ਕਸਬੇ ਨੇੜੇ ਰਿਲਾਇੰਸ ਪੰਪ ਕੋਲ ਬਾਦਲ ਪਰਵਾਰ ਦੀ ਕੰਪਨੀ ਔਰਬਿਟ ਦੀ ਬਸ ਵੱਲੋਂ ਕੁਚਲੇ ਜਾਣ ਨਾਲ ਇੱਕ ਪੰਜ ਸਾਲ ਸਕੂਲੀ ਬੱਚੇ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰਾਜੇਆਣਾ ਨੇ ਦੱਸਿਆ ਕਿ ਮੈਂ ਆਪਣੇ ਘਰ ਅੱਗੇ ਰਿਲਾਇੰਸ ਪੰਪ ਦੇ ਸਾਹਮਣੇ ਵਾਲੇ ਬੋਹੜ ਦੇ ਦਰੱਖਤ ਹੇਠਾਂ ਬਾਘਾ ਪੁਰਾਣਾ ਕੋਟਕਪੂਰਾ ਜੀ ਟੀ ਰੋਡ ਉੱਤੇ ਖੜ੍ਹਾ ਸੀ ਤਾਂ ਮੇਰਾ ਪੰਜ ਸਾਲ ਦਾ ਭਤੀਜਾ ਸੁਖਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰਾਜੇਆਣਾ ਤੋਂ ਛੁੱਟੀ ਪਿੱਛੋਂ ਘਰ ਨੂੰ ਆ ਰਿਹਾ ਸੀ। ਓਦੋਂ ਬਾਘਾ ਪੁਰਾਣਾ ਤੋਂ ਕੋਟਕਪੂਰਾ ਵੱਲ ਜਾ ਰਹੀ ਔਰਬਿਟ ਕੰਪਨੀ ਦੀ ਬਸ ਨੂੰ ਬੜੀ ਤੇਜ਼ੀ ਨਾਲ ਚਲਾ ਰਹੇ ਡਰਾਈਵਰ ਨੇ ਮੇਰੇ ਭਤੀਜੇ ਸੁਖਮਨਦੀਪ ਸਿੰਘ ਵਿੱਚ ਜਾ ਮਾਰਿਆ ਤਾਂ ਬਸ ਵੱਲੋਂ ਬੁਰੀ ਤਰ੍ਹਾਂ ਕੁਚਲੇ ਜਾਣ ਨਾਲ ਸੁਖਮਨਦੀਪ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਬਸ ਦਾ ਡਰਾਈਵਰ ਫਰਾਰ ਹੋ ਗਿਆ।
ਇਸ ਕੇਸ ਵਿੱਚ ਕਾਰਵਾਈ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਜਗਸੀਰ ਸਿੰਘ ਵਾਸੀ ਰਾਜੇਆਣਾ ਦੇ ਬਿਆਨ ਮੁਤਾਬਕ ਉਕਤ ਬਸ ਦੇ ਅਣਪਛਾਤੇ ਡਰਾਈਵਰ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਮਨਦੀਪ ਸਿੰਘ ਦੀ ਮੌਤ ਦੇ ਕੇਸ ਵਿੱਚ ਅਗਲੀ ਕਾਰਵਾਈ ਲਈ ਪੁਲਸ ਨੇ ਬਸ ਕਬਜ਼ੇ ਵਿੱਚ ਲੈ ਲਈ ਹੈ ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।