ਬਾਈ ਪੰਜ ਸੌ ਦੇਣਾ..

-ਦਰਸ਼ਨ ਸਿੰਘ ਭੰਮੇ
ਦੋਸਤ ਦੀ ਧੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਚੌਕ ਵਿੱਚ ਬੱਸ ਉਡੀਕ ਰਿਹਾ ਸੀ। ਉਥੇ ਖੜੇ ਨੂੰ ਅਜੇ 10-15 ਮਿੰਟ ਹੋਏ ਸਨ ਕਿ ਕੋਈ ਕਾਰ ਕੋਲ ਆ ਕੇ ਰੁਕੀ, ਜਿਸ ਵਿੱਚ ਜਾਣ ਪਛਾਣ ਵਾਲਾ ਬਾਈ ਤੇ ਉਸ ਦਾ ਪਰਵਾਰ ਬੈਠਾ ਦਿੱਸ ਪਿਆ। ਉਨ੍ਹਾਂ ਆਵਾਜ਼ ਮਾਰ ਕੇ ਮੇਰੇ ਉਥੇ ਖੜੇ ਹੋਣ ਬਾਰੇ ਪੁੱਛਿਆ। ਵਿਆਹ ਵਿੱਚ ਜਾਣ ਬਾਰੇ ਦੱਸਿਆ ਤਾਂ ਉਨ੍ਹਾਂ ਕਾਰ ਵਿੱਚ ਨਾਲ ਬਿਠਾ ਲਿਆ। ਉਹ ਵੀ ਉਸੇ ਵਿਆਹ ਜਾ ਰਹੇ ਸਨ। ਮੇਰੇ ਬੈਠਦੇ ਸਾਰ ਬਾਈ ਨਾਜ਼ਰ ਸਿੰਘ ਨੇ ਆਪਣੇ ਟੱਬਰ ਨਾਲ ਜਾਣ ਪਛਾਣ ਕਰਾਉਣੀ ਸ਼ੁਰੂ ਕਰ ਦਿੱਤੀ, ‘ਇਹ ਮੇਰੇ ਮੈਡਮ। ਨਾਲ ਪੁੱਤਰ ਤੇ ਧੀ। ਨਾਲ ਵਾਲਾ ਆਪਣਾ ਭਾਣਜਾ, ਇਹ ਮਿਲਣ ਆਇਆ ਹੋਇਆ ਸੀ। ਮੈਂ ਕਿਹਾ, ਚੱਲ ਤੂੰ ਵੀ ਨਾਲ ਈ। ਨਾਲੇ ਖਾ ਪੀ ਆਵੇਗਾ, ਨਾਲੇ ਤੁਰ ਫਿਰ ਲਵੇਗਾ, ਨਾਲੇ ਬਾਈ ਜਦੋਂ ਪੰਜ ਸੌ ਦੇਣਾ ਈ ਐ, ਫਿਰ ਜੁਆਕ ਤਾਂ ਕੁੱਖਾਂ ਕੱਢ ਲੈਣ ਕੇਰਾਂ!..ਤੇ ਤੁਸੀਂ ਕਿਵੇਂ ‘ਕੱਲੇ ਹੀ ਚੱਲੇ ਹੋ?’
ਮੈਂ ਕਿਹਾ, ‘ਬਾਈ, ਅਸੀਂ ਤਾਂ ਹਰ ਪਾਰਟੀ ‘ਤੇ ਇਕ ਜਾਂ ਦੋ ਹੀ ਜਾਨੇ ਆਂ।’
ਗੱਲਾਂ ਕਰਦਿਆਂ ਪੈਲੇਸ ਆ ਗਿਆ। ਸਾਡੇ ਪੁੱਜਣ ਤੋਂ ਪਹਿਲਾਂ ਬਰਾਤ ਆ ਗਈ ਸੀ। ਸਾਰੇ ਇਕ ਦੂਜੇ ਨੂੰ ਮਿਲ ਕੇ ਵਧਾਈਆਂ ਦੇ ਰਹੇ ਸਨ। ਅਸੀਂ ਵੀ ਵਿਆਹ ਵਾਲਿਆਂ ਨੂੰ ਵਧਾਈ ਦਿੱਤੀ। ਉਹ ਸਭ ਨੂੰ ਹੱਥ ਜੋੜ ਕੇ ਚਾਹ ਪਾਣੀ ਲਈ ਆਖ ਰਹੇ ਸਨ। ਬਾਈ ਤੇ ਉਹਦਾ ਸਾਰਾ ਪਰਵਾਰ ਮੇਰੇ ਨਾਲ ਹੀ ਰਹੇ। ਬਾਈ ਆਪਣੇ ਬੱਚਿਆਂ ਨੂੰ ਕਹਿੰਦਾ ਕਿ ਹੁਣ ਸੰਗਣ ਸੰਗਾਣ ਦੀ ਕੋਈ ਲੋੜ ਨਹੀਂ, ਜੋ ਜੀਅ ਆਉਂਦਾ, ਖਾਓ ਸਾਰੇ ਪਲੇਟਾਂ ਭਰ-ਭਰ ਕੇ। …ਤੇ ਬਾਈ ਪਲੇਟ ਭਰ ਕੇ ਮੇਰੇ ਨਾਲ ਖੜੋ ਕੇ ਖਾਣ ਲੱਗ ਪਿਆ। ਮੈਨੂੰ ਲੱਗਾ, ਇਹ ਹੁਣ ਵੀ ਆਖੂ, ਪੰਜ ਸੌ ਦੇਣਾ!
ਚੱਲੋ ਜੀ, ਉਨ੍ਹਾਂ ਜੋ ਖਾਣਾ ਸੀ, ਖਾਧਾ, ਬਾਕੀ ਡਸਟ ਬਿਨ ਦਾ ਸ਼ਿੰਗਾਰ ਬਣਾ ਦਿੱਤਾ। ਇਸ ਤੋਂ ਬਾਅਦ ਅਸੀਂ ਪੈਲੇਸ ਦੇ ਅੰਦਰ ਚਲੇ ਗਏ ਅਤੇ ਇਕੋ ਕਤਾਰ ‘ਚ ਲੱਗੀਆਂ ਕੁਰਸੀਆਂ ਉਤੇ ਬੈਠ ਗਏ। ਜਿਹੜਾ ਵੀ ਵੇਟਰ ਕੋਈ ਸਾਮਾਨ ਲੈ ਕੇ ਆਉਂਦਾ, ਬਾਈ ਜੀ ਉਸ ਦਾ ਪੂਰਾ ਅਨੰਦ ਲੈਂਦੇ। ਚੰਦ ਮਿੰਟਾਂ ਬਾਅਦ ਵਿਸਕੀ ਤੇ ਮੁਰਗਾ ਵੀ ਚਾਲੂ ਹੋ ਗਏ। ਬਾਈ ਜੀ ਨੇ ਉਸ ਦਾ ਵੀ ਪੂਰੀ ਆਨੰਦ ਲਿਆ। ਕੋਈ ਖਾਲੀ ਨਹੀਂ ਮੋੜਿਆ। ਸਭ ਤੋਂ ਕੁਝ ਨਾ ਕੁਝ ਜ਼ਰੂਰ ਲਿਆ। ਮੇਰੀ ਜਦੋਂ ਵੀ ਉਨ੍ਹਾਂ ਨਾਲ ਅੱਖ ਰਲਦੀ ਤਾਂ ਮੈਨੂੰ ਲੱਗਦਾ, ਬਾਈ ਆਖੂ, ਪੰਜ ਸੌਂ ਦੇਣਾ! ਆਖਰ ਅਸੀਂ ਸਾਰਿਆਂ ਨੇ ਕੁੜੀ ਨੂੰ ਸ਼ਗਨ ਦਿੱਤਾ ਅਤੇ ਭੋਜਨ ਦੁਆਲੇ ਹੋ ਗਏ। ਬਾਈ ਜੀ ਅਤੇ ਉਨ੍ਹਾਂ ਦਾ ਟੱਬਰ ਵੀ ਆ ਗਿਆ, ਪਰ ਬਾਈ ਦੇ ਪੈਰ ਭਾਰ ਨਹੀਂ ਸੀ ਝੱਲਦੇ। ਉਸ ਦੀ ਮੈਡਮ ਨੇ ਬਾਈ ਨੂੰ ਪਾਸੇ ਪਏ ਮੇਜ਼ ਕੋਲ ਬਿਠਾ ਦਿੱਤਾ ਤੇ ਆਪ ਪਲੇਟ ਤਿਆਰ ਕਰਕੇ ਕੋਲ ਹੀ ਬੈਠ ਗਈ। ਦੋਵਾਂ ਨੇ ਇਕੱਠਿਆਂ ਭੋਜਨ ਖਾਧਾ, ਪਰ ਬਾਈ ਤੋਂ ਬੈਠਿਆਂ ਵੀ ਨਹੀਂ ਸੀ ਜਾਂਦਾ। ਉਸ ਨੇ ਸਬਜ਼ੀ ਵੀ ਕੱਪੜਿਆਂ ‘ਤੇ ਲਾ ਲਈ ਸੀ। ਜਦੋਂ ਬਾਈ ਦੀ ਮੇਰੇ ਨਾਲ ਅੱਖ ਲੜੀ ਤਾਂ ਕਹਿਣ ਲੱਗਾ, ‘ਬਾਈ, ‘ਕੱਠੇ ਆਏ ਹਾਂ, ‘ਕੱਠੇ ਈ ਚੱਲਾਂਗੇ। ਬੱਸ ਆਹ ਇਕ ਕੱਪ ਕੁਲਫੀ ਖਾ ਲਈਏ, ਤੇ ਤੂੰ ਵੀ ਖਾ ਲੈ।’
ਮੈਂ ਕਿਹਾ, ‘ਬਾਈ ਮੈਂ ਖਾ ਲਈ ਐ, ਮੈਂ ਕਾਰ ਕੋਲ ਚੱਲਦਾਂ, ਤੁਸੀਂ ਆ ਜਾਣਾ।’ ਇੰਨਾ ਕਹਿ ਕੇ ਮੈਂ ਵਿਆਹ ਵਾਲਿਆਂ ਕੋਲ ਗਿਆ ਤੇ ਜਾਣ ਦੀ ਆਗਿਆ ਮੰਗੀ। ਅਗਲਿਆਂ ਨੇ ਫਿਰ ਹੱਥ ਜੋੜ ਕੇ ਕਿਹਾ ਕਿ ਜੇ ਖਾਣ ਪੀਣ ‘ਚ ਕੋਈ ਕਮੀ ਰਹਿ ਗਈ ਹੋਵੇ ਤਾਂ ਮੁਆਫ ਕਰਨਾ, ਤੁਹਾਡਾ ਇਥੇ ਆਉਣ ਲਈ ਬਹੁਤ-ਬਹੁਤ ਧੰਨਵਾਦ। ਮੈਂ ਅਜੇ ਕਾਰ ਕੋਲ ਖੜਾ ਹੀ ਸੀ ਕਿ ਬਾਈ ਦੀਆਂ ਬਾਹਾਂ ਫੜੀ ਉਸ ਦੇ ਬੱਚੇ ਉਸ ਨੂੰ ਲੈ ਕੇ ਆ ਰਹੇ ਸਨ। ਬੱਚਿਆਂ ਨੇ ਉਸ ਨੂੰ ਪਿਛਲੀ ਸੀਟ ‘ਤੇ ਬਿਠਾ ਦਿੱਤਾ ਤੇ ਕਾਰ ਉਸ ਦੇ ਪੁੱਤਰ ਨੇ ਚਲਾਈ। ਉਹ ਮੈਨੂੰ ਉਸੇ ਚੌਕ ਕੋਲ ਉਤਾਰ ਕੇ ਆਪਣੇ ਘਰ ਚਲੇ ਗਏ।
ਦੂਜੇ ਦਿਨ ਜਦੋਂ ਮੈਂ ਆਪਣੀ ਡਿਊਟੀ ‘ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੈਨੂੰ ਬਾਈ ਦਾ ਪੁੱਤਰ ਦਵਾਈਆਂ ਦੀ ਦੁਕਾਨ ਤੋਂ ਦਵਾਈ ਲੈ ਕੇ ਜਾਂਦਾ ਮਿਲਿਆ। ਮੈਂ ਪੁੱਛਿਆ, ‘ਪੁੱਤਰ ਕੀ ਗੱਲ? ਕੋਈ ਬਿਮਾਰ ਹੈ?’ ਉਸ ਨੇ ਦੱਸਿਆ, ‘ਅੰਕਲ, ਮੇਰੇ ਡੈਡੀ ਦਾ ਹਾਜ਼ਮਾ ਖਰਾਬ ਹੋ ਗਿਆ ਰਾਤੀਂ, ਤੇ ਹੁਣ ਹਸਪਤਾਲ ਦਾਖਲ ਨੇ।’
ਮੈਂ ਉਸ ਦੇ ਮਗਰ ਬਾਈ ਦਾ ਪਤਾ ਲੈਣ ਚਲਾ ਗਿਆ। ਜਦੋਂ ਉਸ ਨੂੰ ਦੇਖਿਆ ਤਾਂ ਉਸ ਦੇ ਬੋਤਲ ਲੱਗੀ ਹੋਈ ਸੀ। ਮੈਨੂੰ ਫਿਰ ਉਹੀ ਸੀਨ ਯਾਦ ਆ ਗਿਆ ਕਿ ਬਾਈ ਹੁਣ ਵੀ ਆਖੂ, ਬਾਈ ਪੰਜ ਸੌ ਦੇਣਾ!