ਬਾਈਪੋਲਰ

-ਪ੍ਰੀਤਮਾ ਦੋਮੇਲ
ਐਸ ਬਾਲਾਚੰਦਰਨ ਕੇਰਲ ਦਾ ਰਹਿਣ ਵਾਲਾ ਸੀ, ਪਰ ਉਸ ਨੇ ਆਪਣੀ ਨੌਕਰੀ ਦੇ 20 ਸਾਲ ਹਰਿਆਣੇ ਤੇ ਪੰਜਾਬ ਦੇ ਬੈਂਕਾਂ ਵਿੱਚ ਹੀ ਬਿਤਾਏ ਸਨ। ਸ਼ਾਦੀ ਕਰਵਾ ਕੇ ਉਹ ਹਰਿਆਣੇ ਦੇ ਕਰਨਾਲ ਸ਼ਹਿਰ ਦੀ ਬੈਂਕ ਵਿੱਚ ਲੱਗ ਗਿਆ ਸੀ। ਉਸ ਦੇ ਦੋਵੇਂ ਬੱਚੇ ਰਾਧਾ ਤੇ ਰਮਨ ਇਧਰ ਹੀ ਪੈਦਾ ਹੋਏ। ਉਸ ਦੀ ਪਤਨੀ ਸ਼ਾਰਦਾ ਬੜੀ ਹੀ ਸਾਊ ਤੇ ਧਾਰਮਿਕ ਰੁਚੀਆਂ ਵਾਲੀ ਔਰਤ ਸੀ, ਜੋ ਆਪਣੇ ਪਤੀ ਨੂੰ ਪਰਮਾਤਮਾ ਰੂਪ ਸਮਝਦੀ ਸੀ। ਬੱਚਿਆਂ ਉਤੇ ਹਰਿਆਣੇ ਪੰਜਾਬ ਦਾ ਪੂਰਾ ਅਸਰ ਸੀ। ਉਹ ਸਾਲ ਵਿੱਚ ਇਕ ਚੱਕਰ ਜ਼ਰੂਰ ਆਪਣੇ ਸੂਬੇ ਦਾ ਲਾਉਂਦੇ। ਮਿਸਟਰ ਬਾਲਾ ਪੜ੍ਹਿਆ ਲਿਖਿਆ ਬੈਂਕ ਅਧਿਕਾਰੀ ਸੀ, ਪਰ ਉਸ ਦੇ ਵਿਚਾਰ ਹਾਲੇ ਵੀ ਕੇਰਲ ਦੇ ਪੰਜਾਹ ਸਾਲ ਪੁਰਾਣੇ ਰੀਤੀ ਰਿਵਾਜਾਂ ਵਿੱਚ ਅਟਕੇ ਹੋਏ ਸਨ। ਉਹ ਔਰਤਾਂ ਦੀ ਆਜ਼ਾਦੀ ਦੇ ਪੂਰੀ ਤਰ੍ਹਾਂ ਖਿਲਾਫ ਸੀ। ਰਮਨ ਦੋ ਸਾਲ ਭੈਣ ਤੋਂ ਵੱਡਾ ਸੀ ਜੋ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ ਰਾਧਾ ਨੌਵੀਂ ਵਿੱਚ ਸੀ। ਦੋਵਾਂ ਬੱਚਿਆਂ ਵਿੱਚ ਬਹੁਤ ਪਿਆਰ ਸੀ। ਬਾਪ ਤੋਂ ਉਹ ਬਹੁਤ ਡਰਦੇ ਸਨ। ਸੋ ਘਰ ਵਿੱਚ ਹਮੇਸ਼ਾ ਘੁਟੇ-ਘੁਟੇ ਰਹਿੰਦੇ, ਪਰ ਉਹ ਦੋਵੇਂ ਭੈਣ ਭਰਾ ਆਪਸ ਵਿੱਚ ਹਰ ਗੱਲ ਕਰ ਲੈਂਦੇ। ਉਨ੍ਹਾਂ ਨੂੰ ਘਰ ਦੇ ਮਾਹੌਲ ਨਾਲ ਬਹੁਤਾ ਫਰਕ ਨਹੀਂ ਸੀ ਪੈਂਦਾ।
ਗੁਆਂਢ ਵਿੱਚ ਰਹਿਣ ਵਾਲਾ ਰਾਕੇਸ਼ ਵੀ ਰਾਧਾ ਦਾ ਜਮਾਤੀ ਸੀ। ਉਨ੍ਹਾਂ ਦੇ ਸਕੂਲ ਵੱਖ-ਵੱਖ ਸਨ, ਪਰ ਘਰੋਂ ਉਹ ਤਿੰਨੋਂ ਇਕੱਠੇ ਨਿਕਲਦੇ। ਉਨ੍ਹਾਂ ਨੂੰ ਇਕੱਠੇ ਆਉਂਦੇ ਜਾਂਦੇ ਦੇਖ ਕੇ ਮਿਸਟਰ ਬਾਲਾ ਨੂੰ ਗੁੱਸਾ ਚੜ੍ਹ ਜਾਂਦਾ। ਖਾਸ ਕਰ ਰਾਧਾ ਨੂੰ ਉਨ੍ਹਾਂ ਨਾਲ ਜਾਂਦਿਆਂ ਦੇਖ ਕੇ ਉਹ ਆਪਣੀ ਪਤਨੀ ਸ਼ਾਰਦਾ ਨੂੰ ਸਖਤ ਲਹਿਜੇ ਵਿੱਚ ਕਹਿੰਦਾ, ‘ਤੈਨੂੰ ਕਿੰਨੀ ਵਾਰੀ ਕਿਹਾ ਹੈ ਕਿ ਰਾਧਾ ਨੂੰ ਉਸ ਪੰਜਾਬੀ ਮੁੰਡੇ ਨਾਲ ਨਾ ਬੋਲਣ ਦਿਆ ਕਰ। ਰਮਨ ਨੂੰ ਸਮਝਾ ਦੇ, ਉਹ ਆਪੇ ਮਨ੍ਹਾ ਕਰ ਦੇਵੇਗਾ। ਨਹੀਂ ਤਾਂ ਫੇਰ ਤੈਨੂੰ ਪਤਾ ਹੈ ਮੇਰੇ ਤਰੀਕੇ ਦਾ..।’
‘ਠੀਕ ਹੈ ਜੀ, ਮੈਂ ਧਿਆਨ ਰੱਖਾਂਗੀ।’ ਉਹ ਡਰ ਕੇ ਕਹਿੰਦੀ। ਉਸ ਨੇ ਰਾਧਾ ਨੂੰ ਕਈ ਵਾਰ ਕਿਹਾ, ‘ਰਾਧਾ ਤੇਰੇ ਪਾਪਾ ਨੂੰ ਤੇਰੇ ਬਾਹਰਲੇ ਮੁੰਡਿਆਂ ਨਾਲ ਬੋਲਣਾ ਬਿਲਕੁਲ ਪਸੰਦ ਨਹੀਂ, ਪਰ ਤੂੰ ਸੁਣਦੀ ਨਹੀਂ। ਜਦ ਤੇਰੇ ਪਾਪਾ ਤੈਨੂੰ ਖੁਦ ਸਮਝਾਉਣਗੇ, ਫੇਰ ਹੀ ਮੰਨੇਂਗੀ?’
ਕੁੜੀ ਮਾਂ ਨੂੰ ਕਹਿੰਦੀ, ‘ਠੀਕ ਹੈ ਮੰਮੀ, ਜੇ ਤੁਹਾਡਾ ਮਤਲਬ ਰਾਕੇਸ਼ ਤੋਂ ਹੈ ਤਾਂ ਅੱਗੋਂ ਤੋਂ ਉਸ ਨਾਲ ਨਹੀਂ ਬੋਲਾਂਗੀ।’
ਬਾਰ੍ਹਵੀਂ ਕਰਕੇ ਰਮਨ ਨੇ ਐਨ ਡੀ ਏ ਦਾ ਇਮਤਿਹਾਨ ਪਾਸ ਕਰ ਲਿਆ। ਇੰਟਰਵਿਊ ਤੇ ਮੈਡੀਕਲ ਵਿੱਚੋਂ ਲੰਘ ਕੇ ਮਿਥੀ ਤਾਰੀਖ ਨੂੰ ਸਿਖਲਾਈ ਲਈ ਪੁਣੇ ਚਲਾ ਗਿਆ। ਉਸ ਦੇ ਮਾਤਾ ਪਿਤਾ ਤੇ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਖੁਸ਼ ਹੋਏ।
ਦੂਜੇ ਪਾਸੇ ਉਸ ਦੇ ਪੂਣੇ ਜਾਣ ਮਗਰੋਂ ਰਾਧਾ ਬਹੁਤ ਇਕੱਲੀ ਹੋ ਗਈ। ਹੁਣ ਉਹ ਕੀਹਦੇ ਨਾਲ ਗੱਲਾਂ ਕਰੇ ਤੇ ਕਿਸ ਨੂੰ ਆਪਣੇ ਦਿਲ ਦੀ ਗੱਲ ਦੱਸੇ। ਪਿਤਾ ਦਾ ਹਰ ਗੱਲ ‘ਤੇ ਸ਼ੱਕ ਕਰਨਾ ਤੇ ਛੋਟੀ-ਛੋਟੀ ਗੱਲ ‘ਤੇ ਟੋਕਣਾ। ਮਾਂ ਸਾਰਾ ਦਿਨ ਹੀ ਪਰਛਾਵੇਂ ਵਾਂਗ ਆਪਣੇ ਪਤੀ ਦੁਆਲੇ ਘੁੰਮਦੀ ਰਹਿੰਦੀ। ਬੇਟੀ ਵੱਲ ਧਿਆਨ ਦੇਣ ਦੀ ਉਸ ਨੂੰ ਵਿਹਲ ਨਹੀਂ ਸੀ। ਰਮਨ ਦੇ ਜਾਣ ਕਰਕੇ ਹੁਣ ਰਾਕੇਸ਼ ਨਾਲ ਵੀ ਘੱਟ ਗੱਲ ਹੁੰਦੀ। ਇਕ ਦਿਨ ਰਾਕੇਸ਼ ਨੇ ਉਸ ਨੂੰ ਸਕੂਲੋਂ ਆਉਂਦਿਆਂ ਰਾਹ ਵਿੱਚ ਪੁੱਛ ਲਿਆ, ‘ਰਮਨ ਦੇ ਜਾਣ ਕਰਕੇ ਤੂੰ ਬਹੁਤ ਇਕੱਲਾਪਣ ਮਹਿਸੂਸ ਕਰਦੀ ਹੋਵੇਂਗੀ?’
ਰਾਧਾ ਦਾ ਰੋਣਾ ਨਿਕਲ ਗਿਆ। ਰਾਕੇਸ਼ ਨੇ ਉਸ ਨੂੰ ਦਿਲਾਸਾ ਦਿੱਤਾ, ‘ਰਮਨ ਚਲਾ ਗਿਆ, ਫੇਰ ਕੀ ਹੋਇਆ! ਤੂੰ ਮੇਰੇ ਨਾਲ ਗੱਲਾਂ ਕਰ ਲਿਆ ਕਰ।’
‘ਪਰ..’ ਉਹ ਕਹਿੰਦੀ-ਕਹਿੰਦੀ ਚੁੱਪ ਹੋ ਗਈ।
ਸਾਰਾ ਕੁਝ ਜਾਣਦੇ ਰਾਕੇਸ਼ ਨੇ ਕਿਹਾ, ‘ਆਪਾਂ ਫੋਨ ‘ਤੇ ਗੱਲ ਕਰ ਲਿਆ ਕਰਾਂਗੇ।’
ਰਾਧਾ ਕੋਲ ਮੋਬਾਈਲ ਨਹੀਂ ਸੀ, ਪਰ ਘਰ ਫੋਨ ਲੱਗਿਆ ਹੋਇਆ ਸੀ। ਜਦੋਂ ਮਾਪੇ ਸਵੇਰੇ ਸੈਰ ਨੂੰ ਜਾਂਦੇ ਤਾਂ ਉਹ ਗੱਲਾਂ ਕਰਦੇ। ਰਾਧਾ ਦਾ ਮਨ ਕਾਫੀ ਟਿਕਾਣੇ ਆ ਗਿਆ ਸੀ, ਪਰ ਇਹ ਤਰੀਕਾ ਥੋੜ੍ਹੇ ਦਿਨ ਹੀ ਚੱਲਿਆ। ਉਸ ਦੇ ਪਾਪਾ ਨੂੰ ਸ਼ੱਕ ਪੈ ਗਿਆ ਸੀ। ਇਕ ਦਿਨ ਉਨ੍ਹਾਂ ਨੇ ਸੈਰ ਤੋਂ ਜਲਦੀ ਵਾਪਸ ਆ ਕੇ ਰਾਧਾ ਨੂੰ ਗੱਲਾਂ ਕਰਦਿਆਂ ਫੜ ਲਿਆ। ਰਾਧਾ ਨੂੰ ਥੱਪੜ ਵੀ ਲਾਏ ਤੇ ਪੂਰੀ ਰਾਤ ਕਮਰੇ ਵਿੱਚ ਬੰਦ ਰੱਖਿਆ। ਰਾਧਾ ਦੇ ਅੰਦਰ ਜਿਹਡੇ ਤਿਣਕੇ ਰਮਨ ਦੇ ਜਾਣ ਨਾਲ ਬਿਖਰੇ ਸਨ, ਉਹ ਰਾਕੇਸ਼ ਨੇ ਜੋੜ ਦਿੱਤੇ ਸਨ, ਪਰ ਹੁਣ ਫਿਰ ਪੂਰੀ ਤਰ੍ਹਾਂ ਖਿੰਡ ਗਏ ਸਨ। ਉਸ ਨੇ ਇਹ ਗੱਲ ਰਾਕੇਸ਼ ਨੂੰ ਨਹੀਂ ਦੱਸੀ ਤੇ ਆਪਣੇ ਮਨ ਵਿੱਚ ਹੀ ਦੱਬ ਲਈ। ਇਸ ਤੋਂ ਬਾਅਦ ਉਹ ਬਿਲਕੁਲ ਚੁੱਪ ਹੋ ਗਈ ਤੇ ਉਸ ਨੂੰ ਜਿਵੇਂ ਸਭ ਕੁਝ ਤੋਂ ਨਫਰਤ ਹੋ ਗਈ। ਸਕੂਲ ਵਿੱਚ ਵੀ ਉਸ ਦਾ ਮਨ ਨਾ ਲੱਗਦਾ। ਉਸ ਦੇ ਰੁੱਖੇ ਵਰਤਾਓ ਕਰਕੇ ਉਸ ਦੀ ਕੋਈ ਸਹੇਲੀ ਵੀ ਨਾ ਬਣੀ। ਪਹਿਲਾਂ ਉਹ ਸਕੂਲ ਦੀਆਂ ਸਭ ਸਰਗਰਮੀਆਂ ਵਿੱਚ ਹਿੱਸਾ ਲੈਂਦੀ ਸੀ, ਪਰ ਉਸ ਦਾ ਸਭ ਪਾਸਿਓਂ ਧਿਆਨ ਹਟ ਗਿਆ। ਸਕੂਲਾਂ ਦੇ ਟੂਰਨਾਮੈਂਟ ਹੋਏ ਤਾਂ ਉਸ ਨੇ ਕਿਸੇ ਖੇਡ ਵਿੱਚ ਭਾਗ ਲੈਣ ਤੋਂ ਜਵਾਬ ਦੇ ਦਿੱਤਾ। ਉਸ ਦੀ ਅਧਿਆਪਕਾ ਨੇ ਮੱਲੋ ਮੱਲੀ ਬੈਡਮਿੰਟਨ ਲਈ ਉਸ ਦਾ ਨਾਂ ਲਿਖਵਾ ਦਿੱਤਾ। ਉਸ ਸਾਲ ਅੰਬਾਲੇ ਦੇ ਕਿਸੇ ਸਕੂਲ ਨੂੰ ਟੂਰਨਾਮੈਂਟ ਦਾ ਸੈਂਟਰ ਬਣਾਇਆ ਗਿਆ ਸੀ। ਸਵੇਰੇ ਹੀ ਬੱਸਾਂ ਬੱਚਿਆਂ ਨੂੰ ਲੈ ਕੇ ਅੰਬਾਲੇ ਚਲੀਆਂ ਜਾਂਦੀਆਂ ਤੇ ਸ਼ਾਮੀਂ ਵਾਪਸ ਆ ਜਾਂਦੀਆਂ। ਇਕ ਦਿਨ ਰਾਧਾ ਵਾਸ਼ਰੂਮ ਗਈ ਸੀ ਕਿ ਪਿੱਛੋਂ ਬੱਸ ਚਲੀ ਗਈ। ਉਹ ਬਹੁਤ ਘਬਰਾ ਗਈ। ਉਸ ਕੋਲ ਘਰ ਜਾਣ ਜੋਗੇ ਪੈਸੇ ਵੀ ਨਹੀਂ ਸਨ। ਪਿਤਾ ਬਾਰੇ ਸੋਚ ਕੇ ਉਹ ਕੰਬਣ ਲੱਗੀ। ਉਸੇ ਵੇਲੇ ਉਥੋਂ ਲੰਘ ਰਿਹਾ ਇਕ ਸਾਊ ਜਿਹਾ ਮੁੰਡਾ ਉਸ ਨੂੰ ਘਬਰਾਈ ਹੋਈ ਦੇਖ ਕੇ ਰੁਕ ਗਿਆ ਤੇ ਉਸ ਕੋਲੋਂ ਕਾਰਨ ਪੁੱਛਿਆ। ਉਸ ਨੇ ਸਭ ਕੁਝ ਸੱਚ ਦਸ ਦਿੱਤਾ। ਮੁੰਡੇ ਨੇ ਉਸ ਨੂੰ ਦਿਲਾਸਾ ਦੇ ਕੇ ਕਿਹਾ ਕਿ ਉਹ ਘਬਰਾਏ ਨਾ, ਉਸ ਕੋਲ ਮੋਟਰ ਸਾਈਕਲ ਹੈ, ਉਹ ਉਸ ਨੂੰ ਘਰ ਛੱਡ ਦੇਵੇਗਾ, ਕਿਉਂਕਿ ਉਸ ਨੇ ਵੀ ਕਰਨਾਲ ਹੀ ਜਾਣਾ ਹੈ।
ਇਸ ਮਗਰੋਂ ਉਹ ਰੋਜ਼ ਬਾਈਕ ‘ਤੇ ਆਉਣ ਲੱਗ ਪਏ। ਇਕ ਦਿਨ ਉਸ ਨੇ ਕਿਸੇ ਢਾਬੇ ‘ਤੇ ਰੁਕ ਕੇ ਉਸ ਨੂੰ ਚਾਹ ਪਿਲਾਈ ਤੇ ਸਮੋਸੇ ਖੁਆਏ। ਦੋਵਾਂ ਵਿੱਚ ਥੋੜ੍ਹੀ-ਥੋੜ੍ਹੀ ਨੇੜਤਾ ਹੋ ਗਈ। ਟੂਰਨਾਮੈਂਟ ਖਤਮ ਹੋ ਗਏ, ਪਰ ਬਾਅਦ ਵਿੱਚ ਵੀ ਉਹ ਕਿਤੇ ਨਾ ਕਿਤੇ ਮਿਲ ਲੈਂਦੇ। ਮੁੰਡੇ ਦਾ ਨਾਂ ਅੰਕੁਰ ਸੀ। ਉਹ ਵੀ ਸਾਇੰਸ ਦਾ ਵਿਦਿਆਰਥੀ ਸੀ ਤੇ ਡਾਕਟਰ ਬਣਨਾ ਚਾਹੁੰਦਾ ਸੀ। ਇਕ ਦਿਨ ਉਹ ਉਸ ਨੂੰ ਆਪਣੇ ਘਰ ਲੈ ਗਿਆ। ਵੱਡੇ ਸਾਰੇ ਘਰ ਵਿੱਚ ਉਹ ਤੇ ਉਸ ਦਾ ਨਾਨਾ ਰਹਿੰਦੇ ਸਨ। ਉਹ ਉਸ ਨੂੰ ਦੂਜੀ ਮੰਜ਼ਿਲ ‘ਤੇ ਆਪਣੇ ਕਮਰੇ ਵਿੱਚ ਲੈ ਗਿਆ। ਰਾਧਾ ਨੇ ਦੇਖਿਆ ਕਿ ਕਮਰੇ ਵਿੱਚ ਸਭ ਜਗ੍ਹਾ ਉਸ ਦੀ ਮਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਉਸ ਨੇ ਦੱਸਿਆ ਕਿ ਬਚਪਨ ਵਿੱਚ ਉਸ ਦੇ ਪਿਤਾ ਨੇ ਝਗੜ ਕੇ ਉਸ ਦੀ ਮਾਂ ਨੂੰ ਘਰੋਂ ਕੱਢ ਦਿੱਤਾ ਸੀ ਤੇ ਉਹ ਵਿਦੇਸ਼ ਜਾ ਕੇ ਵਸ ਗਈ ਸੀ। ਉਸ ਨੂੰ ਉਸ ਦੇ ਨਾਨੇ ਨੇ ਹੀ ਪਾਲਿਆ ਸੀ। ਉਹ ਖੁਦ ਕਿਸੇ ਡੇਰੇ ਦੇ ਮਹੰਤ ਬਣ ਗਿਆ। ਦੋ ਚਾਰ ਮਹੀਨੇ ਬਾਅਦ ਆਉਂਦਾ ਤੇ ਅੰਕੁਰ ਨੂੰ ਨਾਲ ਲਿਜਾਣ ਦੀ ਜ਼ਿੱਦ ਕਰਦਾ। ਉਸ ਦੇ ਨਾਂਹ ਕਰਨ ‘ਤੇ ਉਸ ਨੂੰ ਖੂਬ ਮਾਰਦਾ। ਉਸ ਨੇ ਆਪਣੀ ਕਮੀਜ਼ ਉਚੀ ਕਰਕੇ ਆਪਣੀ ਪਿੱਠ ਦਿਖਾਈ ਜਿਸ ‘ਤੇ ਤਾਜ਼ੇ ਬੈਲਟਾਂ ਦੇ ਨਿਸ਼ਾਨ ਸਨ। ਦੇਖ ਕੇ ਰਾਧਾ ਨੂੰ ਬਹੁਤ ਤਰਸ ਆਇਆ। ਏਨੇ ‘ਚ ਨਾਨਾ ਵੀ ਕੋਲ ਆ ਕੇ ਬੈਠ ਗਿਆ ਤੇ ਰਾਧਾ ਨੂੰ ਕਹਿਣ ਲੱਗਿਆ, ‘ਦੇਖੋ ਬੇਟਾ, ਰਿਸ਼ਤੇਦਾਰੀ ਤੋਂ ਵੱਡੀ ਦੋਸਤੀ ਹੁੰਦੀ ਹੈ। ਆਪਣੇ ਦੋਸਤ ਨਾਲ ਤੁਸੀਂ ਹਰ ਤਰ੍ਹਾਂ ਦੀ ਗੱਲ ਕਰ ਸਕਦੇ ਹੋ।’ ਉਹ ਜਿਵੇਂ ਉਨ੍ਹਾਂ ਦੀ ਦੋਸਤੀ ‘ਤੇ ਮੋਹਰ ਲਾ ਰਿਹਾ ਸੀ।
ਬਾਰ੍ਹਵੀਂ ਦਾ ਨਤੀਜਾ ਨਿਕਲਿਆ, ਉਹ ਮੈਰਿਟ ਵਿੱਚ ਆਈ। ਅੰਕੁਰ ਵੀ ਬਹੁਤ ਅੱਛੇ ਨੰਬਰ ਲੈ ਕੇ ਪਾਸ ਹੋ ਗਿਆ। ਫਿਰ ਉਨ੍ਹਾਂ ਨੇ ਮੈਡੀਕਲ ਕਾਲਜ ਦੇ ਦਾਖਲੇ ਦੇ ਪੇਪਰ ਦਿੱਤੇ। ਉਸ ਵਿੱਚ ਵੀ ਉਹ ਦੋਵੇਂ ਪਾਸ ਹੋ ਗਏ। ਇਸੇ ਦਰਾਨ ਰਾਧਾ ਦੇ ਪਿਤਾ ਦੀ ਬਦਲੀ ਨਾਗਾਲੈਂਡ ਦੇ ਕੋਹਿਮਾ ਵਿੱਚ ਹੋ ਗਈ। ਭਾਵੇਂ ਰਾਧਾ ਨੂੰ ਦਿੱਲੀ ਮੈਡੀਕਲ ਕਾਲਜ ਵਿੱਚ ਦਾਖਲਾ ਮਿਲ ਗਿਆ ਸੀ, ਪਰ ਉਸ ਦੇ ਪਿਤਾ ਨੇ ਉਸ ਨੂੰ ਕੋਹਿਮਾ ਦੇ ਮੈਡੀਕਲ ਕਾਲਜ ਵਿੱਚ ਪੜ੍ਹਾਉਣਾ ਠੀਕ ਸਮਝਿਆ। ਅੰਕੁਰ ਨੂੰ ਵੀ ਦਿੱਲੀ ਦੇ ਉਸੇ ਕਾਲਜ ਵਿੱਚ ਦਾਖਲਾ ਮਿਲ ਗਿਆ ਸੀ ਤੇ ਉਹ ਬਹੁਤ ਖੁਸ਼ ਸੀ ਕਿ ਉਹ ਅਤੇ ਰਾਧਾ ਕਈ ਸਾਲ ਇਕੱਠੇ ਪੜ੍ਹਨਗੇ। ਜਦੋਂ ਉਸ ਨੂੰ ਰਾਧਾ ਦੇ ਕੋਹਿਮਾ ਜਾਣ ਦਾ ਪਤਾ ਲੱਗਿਆ ਤਾਂ ਉਹ ਬਹੁਤ ਉਦਾਸ ਹੋ ਗਿਆ। ਉਸ ਨੇ ਮਿੰਨਤ ਨਾਲ ਰਾਧਾ ਨੂੰ ਕਿਹਾ ਕਿ ਉਹ ਆਪਣੇ ਪਿਤਾ ਨੂੰ ਮਨਾਏ ਕਿ ਉਹ ਦਿੱਲੀ ਆਪਣੀ ਪੜ੍ਹਾਈ ਕਰੇ। ਰਾਧਾ ਨੇ ਨਾਂਹ ਕਰ ਦਿੱਤੀ ਕਿਉਂਕਿ ਉਹ ਪਿਤਾ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਜਿਸ ਦਿਨ ਉਸ ਨੇ ਜਾਣਾ ਸੀ, ਉਸ ਤੋਂ ਪਹਿਲਾਂ ਅੰਕੁਰ ਨੇ ਫਿਰ ਉਸ ਨੂੰ ਆਪਣੇ ਘਰ ਬੁਲਾਇਆ ਤੇ ਉਸ ਨੂੰ ਦੱਸਿਆ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ। ਕੀ ਉਹ ਉਸ ਨੂੰ ਪਿਆਰ ਕਰਦੀ ਹੈ। ਰਾਧਾ ਨੇ ਕੋਈ ਜਵਾਬ ਨਾ ਦਿੱਤਾ। ਉਹ ਵਾਰ-ਵਾਰ ਪੁੱਛਦਾ ਰਿਹਾ, ਪਰ ਉਹ ਚੁੱਪ ਰਹੀ। ਅਖੀਰ ਅੰਕੁਰ ਨੇ ਉਸ ਨੂੰ ਤਰਲੇ ਨਾਲ ਕਿਹਾ, ‘ਕੋਈ ਗੱਲ ਨਹੀਂ ਰਾਧਾ, ਜੇ ਤੂੰ ਇਸ ਵੇਲੇ ਕੁਝ ਕਹਿਣਾ ਨਹੀਂ ਚਾਹੁੰਦੀ। ਆਪਾਂ ਇਕ ਦੂਜੇ ਨਾਲ ਫੋਨ ‘ਤੇ ਗੱਲਾਂ ਕਰਦੇ ਰਹਾਂਗੇ ਤੇ ਕਦੇ ਕਦਾਈ ਮਿਲ ਵੀ ਲਿਆ ਕਰਾਂਗੇ। ਤੂੰ ਭਾਵੇਂ ਦਿੱਲੀ ਨਾ ਆਵੀਂ, ਪਰ ਮੈਂ ਤੈਨੂੰ ਮਿਲਣ ਲਈ ਕੋਹਿਮਾ ਆ ਜਾਇਆ ਕਰਾਂਗਾ।’
ਰਾਧਾ ਨੇ ਇਸ ਲਈ ਵੀ ਹਾਮੀ ਨਹੀਂ ਭਰੀ ਤੇ ਚੁੱਪ ਚਾਪ ਆਪਣੇ ਘਰ ਆ ਗਈ। ਅਗਲੇ ਦਿਨ ਪਤਾ ਲੱਗਿਆ ਕਿ ਅੰਕੁਰ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਸੁਣ ਕੇ ਉਹ ਜਿਵੇਂ ਪੱਥਰ ਹੋ ਗਈ। ਨਾ ਰੋਈ, ਨਾ ਬੋਲੀ ਤੇ ਨਾ ਹੀ ਅੰਕੁਰ ਦੇ ਘਰ ਗਈ। ਥੋੜ੍ਹੇ ਦਿਨਾਂ ਬਾਅਦ ਉਹ ਆਪਣੇ ਪਰਵਾਰ ਨਾਲ ਕੋਹਿਮਾ (ਨਾਗਾਲੈਂਡ) ਚਲੀ ਗਈ ਤੇ ਉਥੋਂ ਦੇ ਮੈਡੀਕਲ ਕਾਲਜ ਵਿੱਚ ਦਾਖਲ ਹੋ ਗਈ। ਦੇਖਣ ਨੂੰ ਬਹਾਰੋਂ ਸਭ ਕੁਝ ਠੀਕ ਲੱਗਦਾ ਸੀ, ਪਰ ਉਸ ਦੇ ਅੰਦਰੋਂ ਜਿਵੇਂ ਕੁਝ ਮਰ ਗਿਆ ਸੀ। ਉਹ ਕਿਸੇ ਨੂੰ ਦੱਸੇ ਤਾਂ ਕੀ ਦੱਸੇ। ਫਿਰ ਹੌਲੀ-ਹੌਲੀ ਉਸ ਨੂੰ ਸਭ ਕੁਝ ਬੁਰਾ ਲੱਗਣ ਲੱਗਿਆ। ਪੜ੍ਹਾਈ ਵੱਲੋਂ ਵੀ ਉਸ ਦਾ ਧਿਆਨ ਹਟ ਗਿਆ। ਕਾਲਜ ਤੋਂ ਆ ਕੇ ਉਹ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਬੈਠ ਜਾਂਦੀ ਤੇ ਪਤਾ ਨਹੀਂ ਕੀ-ਕੀ ਸੋਚਦੀ ਰਹਿੰਦੀ। ਉਸ ਦੀ ਭੁੱਖ ਮਰ ਗਈ। ਬਿਨਾਂ ਕੁਝ ਖਾਧੇ ਪੀਤੇ ਕਾਲਜ ਚਲੀ ਜਾਂਦੀ। ਉਸ ਦਾ ਰੰਗ ਪੀਲਾ ਤੇ ਸਰੀਰ ਕਾਫੀ ਕਮਜ਼ੋਰ ਹੋ ਗਿਆ। ਮਾਂ ਬਥੈਰਾ ਪੁੱਛਦੀ। ਹੁਣ ਤਾਂ ਉਸ ਦਾ ਪਿਤਾ ਵੀ ਉਸ ਵੱਲ ਧਿਆਨ ਦੇਣ ਲੱਗ ਪਿਆ ਸੀ, ਪਰ ਉਹ ਕਿਸੇ ਨੂੰ ਕੁਝ ਨਾ ਦੱਸਦੀ। ਬਾਹਰ ਜਾਂਦੀ ਤਾਂ ਉਸ ਨੂੰ ਹਰ ਅਣਜਾਣ ਚੀਜ਼ ਤੋਂ ਡਰ ਲੱਗਦਾ। ਬੱਸ ‘ਤੇ ਚੜ੍ਹਨ ਲੱਗਦੀ ਤਾਂ ਉਸ ਤੋਂ ਡਰ ਜਾਂਦੀ ਤੇ ਬੱਸ ਤੋਂ ਦੂਰ ਹਟ ਜਾਂਦੀ। ਇਕ ਦਿਨ ਤਾਂ ਰਸੋਈ ਵਿੱਚੋਂ ਵੱਡਾ ਸਾਰਾ ਚਾਕੂ ਚੁੱਕ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣੀ ਬਾਂਹ ‘ਤੇ ਚਾਕੂ ਰੱਖ ਕੇ ਪਤਾ ਨਹੀਂ ਕੀ ਕਰਨ ਲੱਗੀ ਸੀ ਕਿ ਮਾਂ ਨੇ ਐਨ ਮੌਕੇ ‘ਤੇ ਪਹੁੰਚ ਕੇ ਚਾਕੂ ਉਸ ਦੇ ਕੋਲੋਂ ਖੋਹ ਲਿਆ। ਜਦੋਂ ਉਹਦੇ ਕੋਲੋਂ ਪੁੱਛਿਆ ਤਾਂ ਉਹ ਹੈਰਾਨ ਹੋ ਕੇ ਬੋਲੀ ਕਿ ਮੈਨੂੰ ਪਤਾ ਨਹੀਂ ਕਿ ਮੈਂ ਕੀ ਤੇ ਕਿਉਂ ਕਰਨ ਲੱਗੀ ਸਾਂ।
ਉਸ ਪਿੱਛੋਂ ਮਾਪੇ ਹਰ ਵੇਲੇ ਉਸ ਦੇ ਨਾਲ-ਨਾਲ ਰਹਿਣ ਲੱਗੇ ਸਨ ਤੇ ਉਸ ਨੂੰ ਕਈ ਚੰਗੇ-ਚੰਗੇ ਡਾਕਟਰਾਂ ਨੂੰ ਵੀ ਦਿਖਾਇਆ, ਪਰ ਡਾਕਟਰਾਂ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ। ਸਾਰੇ ਟੈਸਟ ਠੀਕ ਸਨ ਤੇ ਮੂੰਹੋਂ ਉਹ ਕੁਝ ਬੋਲਦੀ ਨਹੀਂ ਸੀ। ਮਿਸਟਰ ਬਾਲਾਚੰਦਰਨ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ। ਇਕ ਪੰਜਾਬ ਤੋਂ ਬਦਲ ਕੇ ਆਏ ਉਸ ਦੇ ਸਹਿ-ਕਰਮੀ ਪਰਮਿੰਦਰ ਸਿੰਘ ਨੇ ਉਸ ਕੋਲੋਂ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਸ ਨੂੰ ਰਾਧਾ ਬਾਬਤ ਸਾਰਾ ਕੁਝ ਦੱਸ ਦਿੱਤਾ। ਪਰਮਿੰਦਰ ਸਿੰਘ ਨੇ ਉਸ ਨੂੰ ਦਿਲਾਸਾ ਦੇ ਕੇ ਕਿਹਾ, ‘ਬਾਲਾ ਸਾਹਿਬ ਮੈਂ ਤੁਹਾਨੂੰ ਇਕ ਅਜਿਹੇ ਡਾਕਟਰ ਦਾ ਪਤਾ ਦੱਸਦਾ ਹਾਂ ਜੋ ਇਸ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕਰਦਾ ਹੈ। ਮੈਂ ਖੁਦ ਅਜਿਹੇ ਲੋਕਾਂ ਨੂੰ ਮਿਲਿਆ ਹਾਂ ਜੋ ਉਸ ਦੇ ਇਲਾਜ ਕਰਨ ਨਾਲ ਪੂਰੀ ਤਰ੍ਹਾਂ ਠੀਕ ਹੋਏ ਹਨ। ਉਹ ਡਾਕਟਰ ਅੰਮ੍ਰਿਤਸਰ ਰਹਿੰਦਾ ਹੈ। ਪਰਮਾਤਮਾ ਨੇ ਚਾਹਿਆ ਤਾਂ ਆਪ ਦੀ ਬੇਟੀ ਬਿਲਕੁਲ ਠੀਕ ਹੋ ਜਾਵੇਗੀ।’ ਮਿਸਟਰ ਬਾਲਾ ਨੇ ਉਸ ਡਾਕਟਰ ਦਾ ਨਾਂ ਪਤਾ ਤੇ ਫੋਨ ਨੰਬਰ ਪਰਮਿੰਦਰ ਤੋਂ ਲੈ ਲਿਆ। ਅਗਲੇ ਹੀ ਦਿਨ ਉਹ ਇਕ ਮਹੀਨੇ ਦੀ ਛੁੱਟੀ ਲੈ ਕੇ ਰਾਧਾ ਤੇ ਪਤਨੀ ਸਮੇਤ ਅੰਮ੍ਰਿਤਸਰ ਲਈ ਚੱਲ ਪਿਆ।
ਉਸ ਦੇ ਦੱਸੇ ਪਤੇ ‘ਤੇ ਮਿਸਟਰ ਬਾਲਾ ਆਪਣੇ ਪਰਵਾਰ ਸਮੇਤ ਪੁੱਜਿਆ ਤਾਂ ਉਥੇ ਨਾ ਕਿਸੇ ਹਸਪਤਾਲ ਦਾ ਬੋਰਡ ਲੱਗਾ ਸੀ ਤੇ ਨਾ ਬਾਹਰ ਕੋਈ ਹਸਪਤਾਲ ਦੀ ਗੱਡੀ। ਅੰਦਰ ਗਏ ਤਾਂ ਨਾ ਕੋਈ ਡਾਕਟਰ ਸੀ, ਨਾ ਨਰਸ, ਨਾ ਕੰਪਾਊਂਡਰ, ਤਿੰਨ ਚਾਰ ਕਮਰਿਆਂ ਦੀ ਇਕ ਖੁੱਲ੍ਹੀ ਡੁੱਲ੍ਹੀ ਕੋਠੀ ਦੇ ਲਾਅਨ ਵਿੱਚ ਢੇਰ ਸਾਰੇ ਫੁੱਲਾਂ ਦੇ ਬੂਟਿਆਂ ਵਿੱਚ ਇਕ ਬੱਚਾ ਤੇ ਇਕ ਨੌਜਵਾਨ ਬੈਠਾ ਸੀ ਜੋ ਆਸ ਪਾਸ ਦੇ ਫੁੱਲਾਂ ਦੇ ਪੌਦਿਆਂ ਤੋਂ ਪੀਲੇ ਪੱਤੇ ਚੁਣ ਰਿਹਾ ਸੀ। ਮਿਸਟਰ ਬਾਲਾ ਹੋਰਾਂ ਨੂੰ ਦੇਖ ਕੇ ਬੋਲਿਆ, ‘ਦੇਖੋ ਕਿੰਨੇ ਸੋਹਣੇ ਗੁਲਾਬ ਦੇ ਫੁੱਲ ਲੱਗੇ ਹਨ। ਆਹ ਪੀਲਾ ਤੇ ਕਾਲਾ ਗੁਲਾਬ ਤਾਂ ਬੱਸ ਕਮਾਲ ਹੀ ਹੈ।’
ਮਿਸਟਰ ਬਾਲਾ ਉਸ ਕੋਲੋਂ ਡਾਕਟਰ ਦਾ ਪਤਾ ਪੁੱਛਣਾ ਚਾਹੁੰਦਾ ਸੀ। ਉਸ ਨੇ ਰਾਧਾ ਬਾਬਤ ਉਸ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਗੁਲਾਬਾਂ ਵਿੱਚ ਹੀ ਉਲਝਿਆ ਰਿਹਾ। ਥੋੜ੍ਹੀ ਦੇਰ ਬਾਅਦ ਉਥੇ ਚਾਹ ਆ ਗਈ। ਨੌਜਵਾਨ ਦੇ ਮਾਤਾ ਪਿਤਾ, ਪਤਨੀ ਤੇ ਦੋ ਛੋਟੇ-ਛੋਟੇ ਬੱਚੇ ਵੀ ਹੱਸਦੇ ਖੇਡਦੇ ਆ ਗਏ। ਸਭ ਨੇ ਚਾਹ ਪੀਤੀ। ਰਾਧਾ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਉਸੇ ਕੋਠੀ ਵਿੱਚ ਉਨ੍ਹਾਂ ਨੂੰ ਇਕ ਕਮਰਾ ਸੌਣ ਲਈ ਦੇ ਦਿੱਤਾ।
ਰਾਤ ਦੀ ਰੋਟੀ ਸਭ ਨੇ ਖੁਸ਼ੀ-ਖੁਸ਼ੀ ਖਾ ਲਈ। ਛੋਟੀਆਂ-ਛੋਟੀਆਂ, ਪਿਆਰੀਆਂ-ਪਿਆਰੀਆਂ ਗੱਲਾਂ ਖਿੜਖੜਾਉਂਦੇ ਹੋਏ ਲੋਕ, ਖਾਂਦੇ ਪੀਂਦੇ ਲੋਕ, ਸਭ ਪਾਸੇ ਖੁਸ਼ੀਆਂ ਹੀ ਖੁਸ਼ੀਆਂ। ਉਹ ਇਕ ਨਵੀਂ ਹੀ ਦੁਨੀਆ ਵਿੱਚ ਵਿਚਰ ਰਹੇ ਸਨ, ਜਿਥੇ ਨਾ ਕੋਈ ਦੁੱਖ ਸੀ, ਨਾ ਗਮ ਤੇ ਨਾ ਕੋਈ ਬਿਮਾਰੀ। ਇਸ ਤਰ੍ਹਾਂ ਕਈ ਦਿਨ ਲੰਘ ਗਏ। ਬੱਚਿਆਂ ਵਿੱਚ ਰਾਧਾ ਹੀ ਸਭ ਤੋਂ ਵੱਡੀ ਸੀ। ਹਰ ਕੋਈ ਉਸ ਦੀ ਗੱਲ ਮੰਨਦਾ। ਸਭ ਕੁਝ ਉਸ ਨੂੰ ਪੁੱਛ ਕੇ ਕਰਦੇ। ਜਿਧਰ ਵੀ ਉਹ ਜਾਂਦੀ ਸਭ ਦੀਆਂ ਨਜ਼ਰਾਂ ਉਧਰ-ਉਧਰ ਘੁੰਮਦੀਆਂ ਰਹਿੰਦੀਆਂ। ਰਾਧਾ ਨੂੰ ਉਥੋਂ ਦਾ ਮਾਹੌਲ ਹੌਲੀ-ਹੌਲੀ ਚੰਗਾ ਲੱਗਣ ਲੱਗ ਪਿਆ। ਉਹ ਬੱਚਿਆਂ ਨਾਲ ਖੇਡਦੀ, ਅਖਬਾਰ ਪੜ੍ਹਦੀ, ਟੀ ਵੀ ਦੇਖਦੀ ਤੇ ਫੁੱਲਾਂ ਵਾਲੇ ਲਾਅਨ ਵਿੱਚ ਘੁੰਮਦੀ, ਕਦੇ-ਕਦੇ ਉਨ੍ਹਾਂ ਨਾਲ ਗੱਲਾਂ ਵੀ ਕਰਦੀ। ਬੱਚਿਆਂ ਨੂੰ ਖੇਡਦੇ ਡਿੱਗਦੇ, ਲੜਦੇ, ਰੋਂਦੇ ਦੇਖਦੀ, ਉਨ੍ਹਾਂ ਨੂੰ ਚੁੱਕ ਕੇ ਵਰਾਉਂਦੀ ਤੇ ਖੂਬ ਹੱਸਦੀ।
ਮਿਸਟਰ ਬਾਲਾ ਹੈਰਾਨ ਸੀ। ਇਹ ਕਿਹੋ ਜਿਹਾ ਡਾਕਟਰ ਹੈ, ਨਾ ਕੋਈ ਗੱਲ ਪੁੱਛਦਾ ਹੈ, ਨਾ ਮਰੀਜ਼ ਨੂੰ ਦੇਖਦਾ ਹੈ, ਨਾ ਕੋਈ ਦਵਾਈ ਦਿੰਦਾ ਹੈ, ਨਾ ਕੋਈ ਫੀਸ ਲੈਂਦਾ ਹੈ, ਨਾ ਜਾਣ ਨੂੰ ਕਹਿੰਦਾ ਹੈ, ਲੱਗਦਾ ਇਹ ਬੰਦਾ ਪਾਗਲ ਹੈ। ਇਕ ਦਿਨ ਉਹ ਪ੍ਰੇਸ਼ਾਨ ਹੋ ਕੇ ਆਪਣੀ ਪਤਨੀ ਨੂੰ ਕਹਿਣ ਲੱਗਿਆ, ‘ਆਪਾਂ ਦੋਵੇਂ ਇਥੇ ਆਪਣਾ ਟਾਈਮ ਖਰਾਬ ਕਰ ਰਹੇ ਹਾਂ। ਨਾ ਇਥੇ ਕੋਈ ਮਰੀਜ਼ ਹੈ ਨਾ ਡਾਕਟਰ, ਨਾ ਦਵਾਈ, ਨਾ ਕੁਝ ਹੋਰ। ਬਸ ਆਪਾਂ ਨੂੰ ਹੁਣ ਇਨ੍ਹਾਂ ਦਾ ਹਿਸਾਬ ਕਿਤਾਬ ਕਰਕੇ ਇਥੋਂ ਚਲੇ ਜਾਣਾ ਚਾਹੀਦਾ ਹੈ।’
ਅਗਲੇ ਦਿਨ ਜਦ ਉਹ ਡਾਕਟਰ ਕੋਲੋਂ ਛੁੱਟੀ ਲੈਣ ਗਿਆ ਤਾਂ ਉਹ ਹੱਸ ਕੇ ਬੋਲਿਆ, ‘ਕਿਉਂ ਭਾਈ ਸਾਹਿਬ, ਕੁੜੀ ਰਾਜ਼ੀ ਨਹੀਂ ਕਰਨੀ? ਬਸ ਤੁਰ ਚਲੇ ਹੋ! ਮੈਂ ਤਾਂ ਹਾਲੇ ਆਪਣਾ ਇਲਾਜ ਸ਼ੁਰੂ ਕਰਨਾ ਹੈ।’
ਮਿਸਟਰ ਬਾਲਾ ਦਾ ਦਿਲ ਕੀਤਾ ਕਿ ਉਹ ਉਸ ਨੂੰ ਪੁੱਛੇ ਕਿ ਕੀ ਹੁਣ ਤੱਕ ਤੁਸੀਂ ਝੱਖ ਮਾਰ ਰਹੇ ਸੀ। ਡਾਕਟਰ ਨੇ ਫਿਰ ਕਿਹਾ, ‘ਬਸ ਥੋੜ੍ਹਾ ਸਬਰ ਰੱਖੋ। ਰੱਬ ਮਿਹਰ ਕਰੇਗਾ।’
ਹੌਲੀ-ਹੌਲੀ ਰਾਧਾ ਦੇ ਵਰਤਾਉ ਵਿੱਚ ਫਰਕ ਆਉਣ ਲੱਗਿਆ। ਉਹ ਰੱਜ ਕੇ ਰੋਟੀ ਖਾਣ ਲੱਗ ਪਈ। ਆਪਣੇ ਮਾਤਾ ਪਿਤਾ ਨਾਲ ਗੱਲਾਂ ਵੀ ਕਰਨ ਲੱਗ ਪਈ। ਭਰਾ ਰਮਨ ਜੋ ਦੇਹਰਾਦੂਨ ਅਕੈਡਮੀ ਵਿੱਚ ਫੌਜੀ ਸਿਖਲਾਈ ਦੇ ਅਖਰੀਲੇ ਮਹੀਨੇ ਪੂਰੇ ਕਰ ਰਿਹਾ ਸੀ, ਉਹ ਉਸ ਨੂੰ ਮਿਲਣ ਲਈ ਜ਼ਿੱਦ ਕਰਨ ਲੱਗ ਪਈ। ਇਹ ਇਕ ਵਧੀਆ ਗੱਲ ਸੀ ਜੋ ਉਸ ਦੇ ਠੀਕ ਹੋਣ ਵੱਲ ਇਸ਼ਾਰਾ ਕਰ ਰਹੀ ਸੀ। ਫਿਰ ਉਸ ਨੇ ਖੁਦ ਹੀ ਆਪਣੇ ਪਾਪਾ ਨੂੰ ਕਿਹਾ, ‘ਪਾਪਾ, ਚਲੋ ਹੁਣ ਆਪਾਂ ਆਪਣੇ ਘਰ ਚੱਲੀਏ। ਮੈਂ ਹੁਣ ਬਿਲਕੁਲ ਠੀਕ ਹਾਂ।’
ਮਿਸਟਰ ਬਾਲਾ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਰਾਧਾ ਸੱਚਮੁੱਚ ਹੀ ਠੀਕ ਹੋ ਗਈ ਹੈ। ਉਸ ਨੇ ਡਾਕਟਰ ਕੋਲੋਂ ਜਾਣ ਦੀ ਇਜਾਜ਼ਤ ਮੰਗੀ ਤਾਂ ਉਸ ਨੇ ਖੁਸ਼ੀ-ਖੁਸ਼ੀ ਉਸ ਨੂੰ ਜਾਣ ਲਈ ਕਹਿ ਦਿੱਤਾ। ਮਿਸਟਰ ਬਾਲਾ ਨੇ ਜਦ ਡਾਕਟਰ ਦੀ ਫੀਸ ਤੇ ਹੋਰ ਖਰਚਿਆਂ ਦੀ ਅਦਾਇਗੀ ਕਰ ਦਿੱਤੀ ਤਾਂ ਉਸ ਨੇ ਡਾਕਟਰ ਤੋਂ ਝਿਜਕਦਿਆਂ ਇਕ ਸੁਆਲ ਪੁੱਛ ਹੀ ਲਿਆ, ‘ਡਾ. ਸਾਹਿਬ, ਤੁਸੀਂ ਮੈਂ ਇਕ ਗੱਲ ਦੱਸੋ, ਬਈ ਨਾ ਤੁਸੀਂ ਸਾਡੇ ਕੋਲੋਂ ਕੁਝ ਪੁੱਛਿਆ, ਨਾ ਦੱਸਿਆ, ਨਾ ਕੋਈ ਦਵਾਈ ਦਿੱਤੀ। ਫਿਰ ਅਜਿਹਾ ਕਿਹੜਾ ਜਾਦੂ ਕੀਤਾ, ਜਿਸ ਨਾਲ ਮੇਰੀ ਬੇਟੀ ਠੀਕ ਹੋ ਗਈ?’
ਡਾਕਟਰ ਨੇ ਹੱਸ ਕੇ ਕਿਹਾ, ‘ਭਾਈ ਸਾਹਿਬ ਤੁਹਾਨੂੰ ਗਲਤੀ ਲੱਗੀ ਹੈ ਕਿ ਮੈਂ ਕੁੜੀ ਦਾ ਇਲਾਜ ਨਹੀਂ ਕੀਤਾ। ਇਲਾਜ ਤਾਂ ਉਸੇ ਦਿਨ ਸ਼ੁਰੂ ਕਰ ਦਿੱਤਾ ਸੀ ਜਿਸ ਦਿਨ ਤੁਸੀਂ ਮੇਰੇ ਵਿਹੜੇ ਵਿੱਚ ਪੈਰ ਧਰਿਆ ਸੀ।’
‘ਉਹ ਕਿਵੇਂ,’ ਮਿਸਟਰ ਬਾਲਾ ਨੇ ਪੁੱਛਿਆ।
‘ਜਦੋਂ ਤੁਸੀਂ ਪਰਮਿੰਦਰ ਨਾਲ ਆਪਣੀ ਬੇਟੀ ਦੀ ਬਿਮਾਰੀ ਦੀ ਗੱਲ ਕੀਤੀ, ਉਸ ਨੇ ਮੈਨੂੰ ਸਾਰਾ ਕੁਝ ਦੱਸ ਦਿੱਤਾ। ਉਹ ਮੇਰਾ ਛੋਟਾ ਭਾਈ ਹੈ। ਫਿਰ ਮੈਂ ਉਸ ਦੇ ਜ਼ਰੀਏ ਤੁਹਾਡੇ ਬਾਰੇ ਕਾਫੀ ਕੁਝ ਜਾਣ ਲਿਆ! ਤੁਹਾਡਾ ਸੁਭਾਅ, ਤੁਹਾਡੇ ਬੱਚੇ ਤੇ ਬੱਚਿਆਂ ਦੇ ਅੱਗੋਂ ਮਿਲਣ ਗਿਲਣ ਵਾਲੇ ਤੇ ਤੁਹਾਡਾ ਪੁਰਾਣਾ ਸ਼ਹਿਰ, ਗਲੀ ਮੁਹੱਲਾ ਸਭ ਦੀ ਬਾਰੇ ਮੈਂ ਸਭ ਕੁਝ ਇਕੱਠਾ ਕਰਦਾ ਰਿਹਾ ਤੇ ਸਭ ਤੋਂ ਜ਼ਿਆਦਾ ਮੇਰੀ ਹੈਲਪ ਕੀਤੀ ਉਸ ਚਿੱਠੀ ਨੇ ਜੋ ਉਸ ਨੇ ਆਪਣੇ ਦੋਸਤ ਰਾਕੇਸ਼ ਵੱਲ ਲਿਖੀ ਸੀ।’
ਰਾਧਾ ਨੇ ਹੈਰਾਨ ਹੋ ਕਿਹਾ, ‘ਮੈਂ ਤਾਂ ਉਹ ਚਿੱਠੀ ਪੋਸਟ ਹੀ ਨਹੀਂ ਸੀ ਕੀਤੀ?’
‘ਪਰ ਉਹ ਚਿੱਠੀ ਤੂੰ ਰਾਕੇਸ਼ ਦੀ ਕਿਤਾਬ ਵਿੱਚ ਰੱਖ ਦਿੱਤੀ ਸੀ, ਜੋ ਮਾਲਕ ਮਕਾਨ ਨੇ ਤੁਹਾਡੇ ਆਉਣ ਤੋਂ ਬਾਅਦ ਰਾਕੇਸ਼ ਨੂੰ ਦੇ ਦਿੱਤੀ।’ ਡਾਕਟਰ ਨੇ ਉਹ ਚਿੱਠੀ ਸਭ ਨੂੰ ਪੜ੍ਹ ਕੇ ਸੁਣਾਈ ਜਿਸ ਵਿੱਚ ਰਾਧਾ ਨੇ ਆਪਣੇ ਭਾਈ ਦੇ ਜਾਣ ਤੋਂ ਬਾਅਦ ਆਪਣੀ ਇਕੱਲ ਨੂੰ ਰਾਕੇਸ਼ ਦੀ ਨੇੜਤਾ ਕਰਕੇ ਭਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮਿਸਟਰ ਬਾਲਾ ਦੀ ਕਠੋਰਤਾ ਨੇ ਉਹ ਸਿਰੇ ਨਹੀਂ ਚੜ੍ਹਨ ਦਿੱਤੀ। ਫਿਰ ਅੰਕੁਰ ਦੀ ਦੋਸਤੀ, ਉਸ ਦੀ ਖੁਦਕੁਸ਼ੀ ਕਰਨ ਦੇ ਦੋਸ਼ ਨੂੰ ਆਪਣੇ ਸਿਰ ਲੈਂਦਿਆਂ ਕਬੂਲ ਕੀਤਾ ਕਿ ਇਹ ਸਭ ਉਸ ਕਰਕੇ ਹੋਇਆ ਸੀ, ਪਰ ਉਹ ਕਿਸ ਅੱਗੇ ਇਹ ਸਭ ਮੰਨੇ। ਚਿੱਠੀ ਰਾਹੀਂ ਉਹ ਰਾਕੇਸ਼ ਨੂੰ ਦੱਸਣਾ ਚਾਹੁੰਦੀ ਸੀ, ਪਰ ਉਸ ਨੂੰ ਅਜਿਹਾ ਕਰਨ ਦਾ ਮੌਕਾ ਨਾ ਮਿਲ ਸਕਿਆ।
ਡਾਕਟਰ ਨੇ ਫਿਰ ਸਭ ਨੂੰ ਸਮਝਾਇਆ ਕਿ ਅਜਿਹੇ ਹਾਲਾਤ ਵਿੱਚ ਅੰਦਰ ਹੀ ਅੰਦਰ ਘੁੱਟਣ ਵਾਲੇ ਬੰਦੇ ਨੂੰ ਉਹ ਬਿਮਾਰੀ ਹੋ ਜਾਂਦੀ ਹੈ ਜਿਸ ਨੂੰ ‘ਬਾਈਪੋਲਰ’ ਕਹਿੰਦੇ ਹਨ। ਇਹ ਇਕ ਅਜਿਹੀ ਮਾਨਸਿਕ ਬਿਮਾਰੀ ਹੁੰਦੀ ਹੈ ਜਿਸ ਵਿੱਚ ਮਰੀਜ਼ ਇਕੋ ਵੇਲੇ ਕਈ-ਕਈ ਲੋਕਾਂ ਦੀਆਂ ਜ਼ਿੰਦਗੀਆਂ ਜਿਊਣ ਲੱਗਦਾ ਹੈ, ਪਰ ਅਸਲ ਵਿੱਚ ਕਿਸੇ ਵੀ ਜ਼ਿੰਦਗੀ ਨਾਲ ਇਨਸਾਫ ਨਹੀਂ ਕਰਦਾ ਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਤੇ ਉਸ ਦੇ ਦਿਮਾਗ ਦੀਆਂ ਬਹੁਤ ਹੀ ਮਹੀਨ ਤੋਂ ਮਹੀਨ ਤੇ ਨਾਜ਼ੁਕ ਨਸਾਂ ‘ਤੇ ਬੋਝ ਪੈਂਦਾ ਚਲਾ ਜਾਂਦਾ ਹੈ ਤੇ ਇਨਸਾਨ ਪੂਰੀ ਤਰ੍ਹਾਂ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਇਸ ਦੁਨੀਆ ਤੋਂ ਜਾਣ ਬਾਬਤ ਸੋਚਣ ਲੱਗ ਪੈਂਦਾ ਹੈ। ਇਸੇ ਆਲਮ ਵਿੱਚ ਉਹ ਕਈ ਵਾਰੀ ਛੱਤ ਤੋਂ ਛਾਲ ਲਾਉਣ ਜਾਂ ਆਪਣੀ ਨਸ ਕੱਟਣ ਵਰਗੀਆਂ ਹਰਕਤਾਂ ਕਰ ਬੈਠਦਾ ਹੈ। ਰਾਧਾ ਦੇ ਕੇਸ ਵਿੱਚ ਵੀ ਉਹੀ ਕੁਝ ਹੋਇਆ ਹੈ।’
‘..ਤੇ ਇਸ ਦਾ ਇਲਾਜ?’ ਰਾਧਾ ਦੀ ਮੰਮੀ ਨੇ ਪਹਿਲੀ ਵਾਰ ਕੋਈ ਸੁਆਲ ਕੀਤਾ।
‘ਬਹੁਤ ਸੁਖਾਲਾ ਹੈ। ਮਰੀਜ਼ ਨੂੰ ਉਸ ਦੇ ਪਹਿਲੇ ਵਾਲੀ ਨਾਰਮਲ ਹਾਲਤ ਵਿੱਚ ਲੈ ਆਓ ਤੇ ਅੱਗੋਂ ਉਸ ਨੂੰ ਬਦਲਦੇ ਹੋਏ ਹਾਲਾਤ ਵਿੱਚ ਢਾਲੋ। ਵਧਦੀ ਹੋਈ ਉਮਰ ਦੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਬਹੁਤੀ ਸਖਤੀ ਵੀ ਕਈ ਵਾਰੀ ਬੱਚਿਆਂ ਨੂੰ ਬਿਮਾਰ ਕਰ ਦਿੰਦੀ ਹੈ।’
ਰਾਧਾ ਦੀ ਮੰਮੀ ਨੇ ਜਿਵੇਂ ਇਸ ਗੱਲ ਦੀ ਪੁਸ਼ਟੀ ਲਈ ਆਪਣੇ ਪਤੀ ਵੱਲ ਭਾਵਪੂਰਤ ਨਜ਼ਰਾਂ ਨਾਲ ਦੇਖਿਆ। ਮਿਸਟਰ ਬਾਲਾ ਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਉਹ ਡਾਕਟਰ ਦਾ ਧੰਨਵਾਦ ਕਰਕੇ ਕੋਠੀ ਤੋਂ ਬਾਹਰ ਹੋ ਗਿਆ।