ਬਾਈਕ ਤੇ ਟਰਾਲੇ ਦੀ ਟੱਕਰ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ


ਨਵਾਂ ਸ਼ਹਿਰ, 16 ਅਪ੍ਰੈਲ (ਪੋਸਟ ਬਿਊਰੋ)- ਪੁਲਸ ਥਾਣਾ ਲਸਾੜਾ ਅਧੀਨ ਬੱਸ ਅੱਡਾ ਲਸਾੜਾ ਵਿੱਚ ਟਰਾਲਾ ਅਤੇ ਮੋਟਰ ਸਾਈਕਲ ਦੀ ਟੱਕਰ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ।
ਮਿਲ ਸਕੀ ਜਾਣਕਾਰੀ ਅਨੁਸਾਰ ਪਿੰਡ ਸੇਲਕੀਆਣਾ ਵਾਸੀ ਲਛਮਣ ਰਾਮ ਪੁੱਤਰ ਪ੍ਰੀਤੂ ਰਾਮ ਲਸਾੜਾ ਦੇ ਬੱਸ ਅੱਡੇ ਵਿੱਚ ਕਿਸੇ ਨਾਲ ਮੋਟਰ ਸਾਈਕਲ ਦੀ ਸਰਵਿਸ ਕਰਵਾਉਣ ਗਿਆ ਸੀ। ਸਰਵਿਸ ਤੋਂ ਬਾਅਦ ਮਿਸਤਰੀ ਜਸਵਿੰਦਰ ਸਿੰਘ (27) ਪੁੱਤਰ ਗੁਰਦੇਵ ਸਿੰਘ ਵਾਸੀ ਲਸਾੜਾ ਨੇ ਬਾਈਕ ਦੀ ਟ੍ਰਾਈ ਲੈਣ ਲਈ ਸਟਾਰਟ ਕਰ ਕੇ ਮੇਨ ਰੋਡ ‘ਤੇ ਚੜ੍ਹਨ ਲੱਗਾ ਤਾਂ ਰਾਹੋਂ ਵਾਲੇ ਪਾਸਿਓਂ ਆਏ ਟਰਾਲੇ ਦੀ ਲਪੇਟ ਵਿੱਚ ਆ ਗਿਆ। ਲੋਕਾਂ ਦੀ ਮਦਦ ਨਾਲ ਦੋਵਾਂ ਜ਼ਖਮੀਆਂ ਨੂੰ ਉੜਾਪੜ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਟਰਾਲੇ ਦਾ ਡਰਾਈਵਰ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਮ੍ਰਿਤਕ ਜਸਵਿੰਦਰ ਸਿੰਘ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਲਸਾੜਾ ਦੇ ਬੱਸ ਅੱਡੇ ਮੋਟਰ ਸਾਈਕਲਾਂ ਦੀ ਮੁਰੰਮਤ ਦਾ ਕੰਮ ਕਰਦਾ ਸੀ ਤੇ ਹਾਲੇ ਅਣਵਿਆਹਿਆ ਸੀ।