ਬਹੱਤਰ ਨੰਬਰ ਵਾਲਾ ਚਮਨ

-ਰਾਮ ਸਵਰਨ ਲੱਖੇਵਾਲੀ
ਰਾਜਧਾਨੀ ਤੋਂ ਚੱਲੀ ਲੰਬੇ ਰੂਟ ਦੀ ਬੱਸ ਦਾ ਨੌਜਵਾਨ ਕੰਡਕਟਰ ਟਿਕਟਾਂ ਕੱਟਣ ਦਾ ਕੰਮ ਮੁਕਾ ਕੇ ਡਰਾਈਵਰ ਕੋਲ ਆ ਬੈਠਾ। ਸੇਵਾਮੁਕਤੀ ਦੇ ਨੇੜੇ ਢੁੱਕੇ ਡਰਾਈਵਰ ਨੇ ਸ਼ੀਸ਼ੇ ਰਾਹੀਂ ਬੱਸ ਵਿੱਚ ਬੈਠੀਆਂ ਸਵਾਰੀਆਂ ਵੱਲ ਨਜ਼ਰ ਮਾਰੀ ਅਤੇ ਕੰਡਕਟਰ ਵੱਲ ਤੱਕਿਆ। ਕੁਝ ਪਲ ਮਗਰੋਂ ਉਸ ਨੇ ਚੁੱਪ ਤੋੜੀ ਤੇ ਦੂਰ ਮੰਜ਼ਿਲ ਵੱਲ ਜਾਂਦੀ ਸੜਕ ਵੱਲ ਤੱਕਦਾ ਕੰਡਕਟਰ ਨੂੰ ਕਹਿਣ ਲੱਗਾ, ‘ਪਤਾ ਏ ਗੁਰਦੀਪ, ਆਪਣੇ ਡਿੱਪੂ ਵਾਲਾ ਬਹੱਤਰ ਨੰਬਰ ਇੰਸਪੈਕਟਰ ਚਮਨ ਨਹੀਂ ਰਿਹਾ। ਪਰਸੋਂ ਭੋਗ ਸੀ ਉਹਦਾ, ਵਕਤ ਗੁਜ਼ਰਦਿਆਂ ਪਤਾ ਨਹੀਂ ਲੱਗਦਾ। ਅਜੇ ਕੱਲ੍ਹ ਦੀਆਂ ਗੱਲਾਂ ਲੱਗਦੀਆਂ। ਉਦੋਂ ਹੁਣ ਵਾਂਗ ਠੇਕੇ ‘ਤੇ ਨਹੀਂ ਸਗੋਂ ਪੱਕੀ ਭਰਤੀ ਹੁੰਦੀ ਸੀ। ਉਹ ਸ਼ੁਰੂ ਤੋਂ ਮੇਰੇ ਨਾਲ ਲੰਬੇ ਰੂਟ ‘ਤੇ ਚੱਲਦਾ ਸੀ। ਹਰ ਸਵਾਰੀ ਨਾਲ ਮਿੱਠਾ ਬੋਲਣਾ ਅਤੇ ਇਮਾਨਦਾਰੀ ਉਸ ਦਾ ਧਰਮ ਸੀ। ਉਹ ਨਾਂ ਦਾ ਹੀ ਚਮਨ ਨਹੀਂ, ਸਗੋਂ ਆਪਣੇ ਕੰਮ ਤੇ ਵਰਤੋਂ ਵਿਹਾਰ ਵਿੱਚ ਵੀ ਮਹਿਕ ਬਿਖੇਰਦਾ ਸੀ। ਜੇ ਬੱਸ ਵਿੱਚ ਚੜ੍ਹੀ ਕੋਈ ਸਵਾਰੀ ਬੋਲ ਕੁਬੋਲ ਕਰਦੀ ਤਾਂ ਸ਼ਹਿਦ ਭਰੇ ਬੋਲਾਂ ਨਾਲ ਉਸ ਨੂੰ ਸ਼ਾਂਤ ਕਰ ਦਿੰਦਾ। ਖਾਣੇ ਵਾਲਾ ਡੱਬਾ ਉਹ ਘਰੋਂ ਲਿਆਉਂਦਾ ਸੀ। ਢਾਬੇ ਦਾ ਮੁਫਤ ਖਾਣਾ ਉਸ ਨੂੰ ਹਰਾਮ ਸੀ। ਉਹ ਅਕਸਰ ਆਖਦਾ, ‘ਹੱਕ ਦਾ ਖਾਣਾ ਹੀ ਚੰਗਾ ਹੁੰਦਾ।’ ਸਵੇਰੇ ਤੁਰਨ ਵੇਲੇ ਹੀ ਉਸ ਦੇ ਥੈਲੇ ਵਿੱਚ ਅਖਬਾਰ ਹੁੰਦਾ। ਟਿਕਟਾਂ ਤੋਂ ਵਿਹਲਾ ਹੋ ਉਹ ਦੀਨ ਦੁਨੀਆਂ ਦੀਆਂ ਖਬਰਾਂ ਸੁਣਾਉਂਦਾ। ਅਸੂਲ ਲਈ ਹਰ ਥਾਂ ਅੜ ਜਾਂਦਾ। ਡਿਊਟੀ ਵਿੱਚ ਕੁਤਾਹੀ ਬਾਰੇ ਸਭ ਨੂੰ ਇਹੋ ਆਖਦਾ, ਇਹ ਸਾਡਾ ਰਿਜ਼ਕ ਏ, ਇਸ ਨਾਲ ਆਪਣਾ ਘਰ ਪਰਵਾਰ ਪਾਲਦੇ ਹਾਂ, ਇਸ ਨਾਲ ਧੋਖਾ ਕਰਨਾ ਆਪਣੇ ਬਾਲਾਂ ਦੇ ਪੈਰ ਕੁਹਾੜੀ ਮਾਰਨਾ ਹੈ। ਇੱਧਰਲੀ ਉਧਰ ਕਰਨ ਤੇ ਡਿਊਟੀ ਮੌਕੇ ਉਲਟ ਪੁਲਟ ਕਰਨ ਵਾਲੇ ਕੰਡਕਟਰ ਡਰਾਈਵਰ ਉਸ ਨੂੰ ਮੰਦਾ ਚੰਗਾ ਬੋਲਦੇ, ਪਰ ਧੁਨ ਦਾ ਪੱਕਾ ਚਮਨ ਲਗਨ ਨਾਲ ਆਪਣੇ ਕੰਮ ਵਿੱਚ ਜੁਟਿਆ ਰਹਿੰਦਾ।’
ਮਹਾਂਨਗਰ ਦਾ ਬੱਸ ਅੱਡਾ ਆਉਣ ‘ਤੇ ਕੰਡਕਟਰ ਸਵਾਰੀਆਂ ਵੱਲ ਅਹੁਲਿਆ। ਅੱਡੇ ਤੋਂ ਬੱਸ ਮੁੜ ਮੰਜ਼ਿਲ ਵੱਲ ਤੁਰੀ। ਵਿਹਲਾ ਹੋ ਕੇ ਕੰਡਕਟਰ ਨੇ ਡਰਾਈਵਰ ਕੋਲ ਆ ਕੇ ਕਿਹਾ, ‘ਸੁਣਾਓ ਭਾਅ ਜੀ, ਆਪਣੇ ਚਮਨ ਦੀ ਗੱਲ?’
ਮੈਂ ਵੀ ਸੁਣਨ ਲਈ ਉਤਸਕ ਸਾਂ। ਡਰਾਈਵਰ ਦੱਸਣ ਲੱਗਾ, ‘ਉਨ੍ਹਾਂ ਸਮਿਆਂ ਵਿੱਚ ਸੜਕਾਂ ‘ਤੇ ਸਰਕਾਰੀ ਬੱਸਾਂ ਦੀ ਸਰਦਾਰੀ ਹੁੰਦੀ ਸੀ। ਖਾਣ ਪੀਣ ਜੋਗੇ ਪੈਸੇ ਬਚਾਉਣਾ ਆਮ ਗੱਲ ਸੀ। ਅਸੂਲਾਂ ਦਾ ਪੱਕਾ ਉਹ ਸੱਜਣ ਇਸ ਦੇ ਖਿਲਾਫ ਸੀ। ਆਪਣੇ ਅਸੂਲਾਂ ਕਰਕੇ ਉਹ ਹੱਕਾਂ ਹਿਤਾਂ ਲਈ ਲੜਨ, ਬੋਲਣ ਵਾਲਿਆਂ ਨਾਲ ਜਾ ਮਿਲਿਆ। ਇਹ ਉਸ ਦੇ ਜੀਵਨ ਦਾ ਨਵਾਂ ਮੋੜ ਸੀ। ਉਹ ਆਪਣੀ ਡਿਊਟੀ ਦੇ ਨਾਲ ਯੂਨੀਅਨ ਵਿੱਚ ਸਰਗਰਮ ਹੋ ਗਿਆ। ਆਪਣੇ ਕੰਡਕਟਰਾਂ, ਡਰਾਈਵਰਾਂ ਦੇ ਮਸਲੇ ਹੱਲ ਲਈ ਮੋਹਰੀ ਰੋਲ ਨਿਭਾਉਣ ਲੱਗਾ। ਆਪਣੇ ਸਾਥੀਆਂ ਨਾਲ ਰੋਡਵੇਜ਼ ਦੇ ਭਲੇ ਦੀਆਂ ਵਿਉਂਤਾਂ ਬਣਾਉਂਦਾ। ਜਦ ‘ਰਾਜਿਆਂ’ ਦੀਆਂ ਬੱਸਾਂ ਦਾ ਬੋਲਬਾਲਾ ਸ਼ੁਰੂ ਹੋਇਆ ਤਾਂ ਰੋਡਵੇਜ਼ ਨੂੰ ਬਚਾਓੁਣ ਵਾਲਿਆਂ ਦੀ ਸ਼ਾਮਤ ਆ ਗਈ। ਉਹ ਉਦੋਂ ਵੀ ਡਟੇ ਰਹੇ ਤੇ ਹਿਤ ਬਚਾਉਣ ਬਦਲੇ ਦੂਰ ਦੁਰਾਡੇ ਬਦਲੀਆਂ ਦੀ ਸਜ਼ਾ ਭੁਗਤੀ। ਇੰਨਾ ਸਿਰੜੀ ਬੰਦਾ ਨਹੀਂ ਦੇਖਿਆ ਮੈਂ ਆਪਣੀ ਜ਼ਿੰਦਗੀ ‘ਚ।’ ਉਸ ਦੀਆਂ ਗੱਲਾਂ ਕਰਦਾ ਡਰਾਈਵਰ ਭਾਵੁਕ ਹੋ ਗਿਆ।
ਬੱਸ ਦਾ ਚਾਹ ਪਾਣੀ ਦਾ ਠਹਿਰਾਓ ਆਉਣ ‘ਤੇ ਉਨ੍ਹਾਂ ਚਾਹ ਬੱਸ ਅੰਦਰ ਮੰਗਵਾ ਲਈ। ਉਨ੍ਹਾਂ ਦੀ ਗੱਲਬਾਤ ਜਾਰੀ ਰਹੀ, ‘ਆਹ ਭਗਤ ਸਿੰਘ ਦੀ ਤਸਵੀਰ ਲੱਗੀ ਏ ਨਾ, ਇਹ ਦੋ ਦਹਾਕੇ ਪਹਿਲਾਂ ਚਮਨ ਹੀ ਲਿਆਇਆ ਸੀ। ਤਸਵੀਰ ਨੂੰ ਬੱਸ ਦੇ ਮੁਖੜੇ ‘ਤੇ ਸਜਾ ਕੇ ਉਸ ਦੇ ਕਹੇ ਸ਼ਬਦ ਮੈਨੂੰ ਅੱਜ ਵੀ ਯਾਦ ਹਨ, ‘ਬਾਈ, ਇਸ ਬੱਸ ਵਿੱਚ ਸਟੀਅਰਿੰਗ ਉਤੇ ਬੈਠ ਕਿਸੇ ਤਰ੍ਹਾਂ ਦੀ ਬੇਈਮਾਨੀ ਹਰਗਿਜ਼ ਨਹੀਂ। ਇਹ ਆਪਣੇ ਇਸ ਨਾਇਕ ਤੇ ਉਸ ਦੇ ਆਦਰਸ਼ਾਂ ਦਾ ਸਨਮਾਨ ਹੋਏਗਾ।’ ਉਹ ਦਿਨ ਗਿਆ, ਮੈਂ ਅੱਜ ਤੱਕ ਉਸ ਦੇ ਬੋਲਾਂ ‘ਤੇ ਪਹਿਰਾ ਦੇ ਰਿਹਾਂ।’
ਡਰਾਈਵਰ ਨੇ ਲੰਬਾ ਹਉਕਾ ਲਿਆ ਤੇ ਕਹਿਣ ਲੱਗਾ, ‘ਗੁਰਦੀਪ, ਆਖਰੀ ਉਮਰੇ ਜਦੋਂ ਫਿਰ ਤਰੱਕੀ ਦੇ ਨਾਲ ਇੰਸਪੈਕਟਰ ਬਣਿਆ ਤਾਂ ਉਸ ਨੇ ਆਪਣੀ ਰੋਡਵੇਜ਼ ਦੇ ਵਕਤ ਦੇ ਮਿੰਟ ਦੋ ਮਿੰਟ ਵੀ ਕਹਿੰਦੇ ਕਹਾਉਂਦੇ ਟਰਾਂਸਪੋਰਟਰਾਂ ਨੂੰ ਨਹੀਂ ਛੱਡੇ। ਅੱਡਾ ਇੰਚਾਰਜ ਬਣਿਆ ਤਾਂ ਬੱਸਾਂ ਦਾ ਸਹੀ ਟਾਈਮ ਜੁਰਅੱਤ ਨਾਲ ਲਾਗੂ ਕੀਤਾ। ਅਜਿਹੇ ਚਮਨ ਜ਼ਿੰਦਗੀ ਵਿੱਚ ਵਾਰ-ਵਾਰ ਨਹੀਂ ਮਿਲਦੇ।’
ਇੰਨਾ ਆਖਦਿਆਂ ਡਰਾਈਵਰ ਚੁੱਪ ਕਰ ਗਿਆ। ਬੱਸ ਮੰਜ਼ਿਲ ਵੱਲ ਵਧ ਰਹੀ ਸੀ, ਮੈਂ ਮਨ ਹੀ ਮਨ ਇੰਸਪੈਕਟਰ ਚਮਨ ਨੂੰ ਸਿਜਦਾ ਕਰ ਰਿਹਾ ਸਾਂ..।