ਬਹੁ-ਸੰਮਤੀ ਨਾ ਹੋਣ ਦੇ ਬਾਵਜੂਦ ਗਵਰਨਰ ਨੇ ਸਰਕਾਰ ਬਣਾਉਣ ਦਾ ਸੱਦਾ ਯੇਡੀਯੁਰੱਪਾ ਨੂੰ ਦਿੱਤਾ


ਬੰਗਲੌਰ, 16 ਮਈ, (ਪੋਸਟ ਬਿਊਰੋ)- ਕਰਨਾਟਕ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਸਾਰਾ ਦਿਨ ਚੱਲਦੇ ਰਹੇ ਹਾਈ ਵੋਲਟੇਜ਼ ਨਾਟਕ ਦੇ ਬਾਅਦ ਇਸ ਰਾਜ ਦੇ ਗਵਰਨਰ ਵਜੂਭਾਈ ਵਾਲਾ ਨੇ ਅੱਜ ਸ਼ਾਮ ਭਾਜਪਾ ਵਿਧਾਇਕ ਦਲ ਦੇ ਆਗੂ ਬੀ ਐਸ ਯੇਡੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ। ਉਨ੍ਹਾ ਨੂੰ ਵੀਰਵਾਰ ਸਵੇਰੇ 9 ਵਜੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਕਿਹਾ ਗਿਆ ਹੈ।
ਗਵਰਨਰ ਵੱਲੋਂ ਯੇਡੀਯੁਰੱਪਾ ਨੂੰ ਦਿੱਤੀ ਗਈ ਚਿੱਠੀ ਵਿੱਚ ਕਿਹਾ ਗਿਆ ਹੈ, ‘ਮੈਂ ਤੁਹਾਨੂੰ ਸਰਕਾਰ ਬਣਾਉਣ ਅਤੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੱਦਾ ਦਿੰਦਾ ਹਾਂ।’ ਯੇਡੀਯੁਰੱਪਾ ਨੂੰ ਅਹੁਦਾ ਸੰਭਾਲਣ ਦੇ 15 ਦਿਨਾਂ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਆਪਣਾ ਬਹੁਮੱਤ ਸਾਬਤ ਕਰਨ ਲਈ ਕਿਹਾ ਗਿਆ ਹੈ। ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਗਵਰਨਰ ਵਜੂਭਾਈ ਵਾਲਾ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਫ਼ੌਰੀ ਕਾਰਵਾਈ ਕਰਦਿਆਂ ਸੁਪਰੀਮ ਕੋਰਟ ਦਾ ਦਰਵਾਜ਼ਾ ਜਾ ਖੜਕਾਇਆ, ਪਰ ਓਥੋਂ ਉਸ ਦੀ ਅਰਜ਼ੀ ਦਾਖਲ ਹੋਣ ਦੇ ਬਾਅਦ ਇਸ ਸਹੁੰ ਚੁੱਕ ਸਮਾਗਮ ਉੱਤੇ ਰੋਕ ਦਾ ਹੁਕਮ ਪ੍ਰਾਪਤ ਨਹੀਂ ਹੋ ਸਕਿਆ। ਕਾਂਗਰਸ ਨੇ ਇਸ ਦੌਰਾਨ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਦਲ-ਬਦਲੀ ਨੂੰ ਉਤਸ਼ਾਹਤ ਕਰਨ ਦੇ ਦੋਸ਼ ਲਾਏ ਹਨ।
ਅੱਜ ਸ਼ਾਮ ਭਾਜਪਾ ਦੇ ਜਨਰਲ ਸਕੱਤਰ ਮੁਰਲੀਧਰ ਰਾਓ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਨੂੰ ਰਾਜ ਭਵਨ ਤੋਂ ਸੱਦਾ ਆਇਆ ਹੈ ਅਤੇ ਯੇਡੀਯੁਰੱਪਾ ਸਵੇਰੇ 9.30 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।’ ਉਨ੍ਹਾਂ ਕਿਹਾ ਕਿ ਇਸ ਮੌਕੇ ਸਿਰਫ਼ ਬੀ ਐੱਸ ਯੇਡੀਯੁਰੱਪਾ ਰਾਜ ਭਵਨ ਦੇ ਵਿਹੜੇ ਦੇ ‘ਗਲਾਸ ਹਾਊਸ’ ਵਿੱਚ ਸਾਦੇ ਸਮਾਰੋਹ ਵਿੱਚ ਸਹੁੰ ਚੁੱਕਣਗੇ। ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਬੀ ਐੱਸ ਯੇਡੀਯੁਰੱਪਾ ਨੂੰ ਭਾਜਪਾ ਵਿਧਾਇਕ ਗਰੁੱਪ ਦਾ ਆਗੂ ਚੁਣਿਆ ਗਿਆ ਸੀ।
ਦੂਜੇ ਪਾਸੇ ਜਨਤਾ ਦਲ (ਐਸ) ਦੇ ਆਗੂ ਐਚ ਡੀ ਕੁਮਾਰਸਵਾਮੀ ਆਪਣੀ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਚੁਣੇ ਗਏ ਸਨ। ਆਪੋ ਆਪਣੀ ਪਾਰਟੀ ਦਾ ਆਗੂ ਚੁਣੇ ਜਾਣ ਤੋਂ ਤੁਰੰਤ ਪਿੱਛੋਂ ਯੇਡੀਯੁਰੱਪਾ ਤੇ ਕੁਮਾਰਸਵਾਮੀ ਦੋਵੇਂ ਲੀਡਰ ਰਾਜ ਭਵਨ ਪਹੁੰਚੇ ਅਤੇ ਸਰਕਾਰ ਬਣਾਉਣ ਲਈ ਆਪੋ-ਆਪਣੇ ਦਾਅਵੇ ਪੇਸ਼ ਕੀਤੇ। ਯੇਡੀਯੁਰੱਪਾ ਨੇ ਰਾਜ ਭਵਨ ਵਿੱਚੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਦਾਅਵਾ ਕਰ ਦਿੱਤਾ ਕਿ ਉਨ੍ਹਾਂ ਨੂੰ ਸੌ ਫ਼ੀਸਦੀ ਯਕੀਨ ਹੈ ਕਿ ਸਰਕਾਰ ਬਣਾਉਣ ਦਾ ਸੱਦਾ ਉਨ੍ਹਾਂ ਨੂੰ ਹੀ ਮਿਲੇਗਾ। ਉਹ ਇਥੋਂ ਤੱਕ ਵੀ ਆਖ ਗਏ ਕਿ ਉਹ 17 ਮਈ ਨੂੰ ਹਰ ਹਾਲ ਸਹੁੰ ਚੁੱਕਣਗੇ।
ਇਸ ਦੌਰਾਨ ਜਨਤਾ ਦਲ (ਐੱਸ) ਦੇ ਆਗੂ ਕੁਮਾਰਸਵਾਮੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਧਾਇਕ ਤੋੜਨ ਲਈ ਭਾਜਪਾ ਵੱਲੋਂ 100-100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਅਹੁਦਾ ਛੱਡ ਰਹੇ ਮੁੱਖ ਮੰਤਰੀ ਸਿੱਧਾਰਮਈਆ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਭਾਜਪਾ ਨੂੰ ਕਰਨਾਟਕ ਦਾ ਰਾਜ ਦਿਵਾਉਣ ਲਈ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ। ਕੁਮਾਰਸਵਾਮੀ ਨੇ ਆਗੂ ਚੁਣੇ ਜਾਣ ਪਿੱਛੋਂ ਕਿਹਾ, ‘ਮੈਂ ਜਾਨਣਾ ਚਾਹੁੰਦਾ ਹਾਂ ਕਿ ਇਹ 100-100 ਕਰੋੜ ਰੁਪਏ ਬਲੈਕ ਹੋਣਗੇ ਜਾਂ ਵਾਈਟ।’ ਉਨ੍ਹਾਂ ਕਿਹਾ ਕਿ ਜਨਤਾ ਦਲ (ਐਸ)-ਕਾਂਗਰਸ ਗੱਠਜੋੜ ਦੇ ਨਾਲ ਚੋਣ ਤੋਂ ਪਹਿਲਾਂ ਸਹਿਯੋਗੀ ਬਣ ਚੁੱਕੀ ਬਹੁਜਨ ਸਮਾਜ ਪਾਰਟੀ ਦੇ ਸਮੇਤ 116 ਵਿਧਾਇਕ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ 12 ਸਾਲ ਪਹਿਲਾਂ ਉਨ੍ਹਾਂ ਭਾਜਪਾ ਦਾ ਸਾਥ ਦੇ ਕੇ ਵੱਡੀ ਭੁੱਲ ਕੀਤੀ ਸੀ, ਜਿਸ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਦੇ ਧਰਮ ਨਿਰਪੱਖ ਕਿਰਦਾਰ ਉੱਤੇ ਕਿੰਤੂ ਕਰਨ ਦਾ ਮੌਕਾ ਮਿਲ ਗਿਆ ਸੀ। ਉਨ੍ਹਾਂ ਕਿਹਾ, ‘ਰੱਬ ਨੇ ਮੈਨੂੰ ਉਹ ਦਾਗ ਧੋਣ ਦਾ ਮੌਕਾ ਦਿੱਤਾ ਹੈ।’ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਪ੍ਰਕਾਸ਼ ਜਾਵੜੇਕਰ ਨੇ ਕੁਮਾਰਸਵਾਮੀ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਇਸ ਨੂੰ ਸਿਰਫ ਖਿਆਲੀ ਗੱਲਾਂ ਕਰਾਰ ਦਿੱਤਾ। ਉਨ੍ਹਾਂ ਕਿਹਾ, ‘100 ਕਰੋੜ, 200 ਕਰੋੜ ਦੀਆਂ ਇਹ ਗੱਲਾਂ ਐਵੇਂ ਵਹਿਮ ਹਨ।’
ਹੈਰਾਨੀ ਦੀ ਗੱਲ ਇਹ ਕਿ ਕਰਨਾਟਕਾ ਦੀ ਭਾਜਪਾ ਦੇ ਸੂਬਾਈ ਬੁਲਾਰੇ ਸੁਰੇਸ਼ ਕੁਮਾਰ ਨੇ ਇਕ ਟਵੀਟ ਰਾਹੀਂ ਅੱਜ ਅਗੇਤਾ ਹੀ ਇਹ ਦਾਅਵਾ ਵੀ ਕਰ ਦਿੱਤਾ ਕਿ ਬੀ ਐੱਸ ਯੇਡੀਯੁਰੱਪਾ ਵੀਰਵਾਰ ਸਵੇਰੇ 9.30 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲੈਣਗੇ। ਬਾਅਦ ਵਿੱਚ ਉਨ੍ਹਾਂ ਨੇ ਇਹ ਟਵੀਟ ਹਟਾ ਦਿੱਤਾ, ਪਰ ਦੇਰ ਸ਼ਾਮ ਯੇਡੀਯੁਰੱਪਾ ਨੂੰ ਗਵਰਨਰ ਵੱਲੋਂ ਸਰਕਾਰ ਬਣਾਉਣ ਲਈ ਸੱਦੇ ਜਾਣ ਉੱਤੇ ਉਨ੍ਹਾਂ ਵੱਲੋਂ ਸਵੇਰੇ 9.30 ਵਜੇ ਸਹੁੰ ਚੁੱਕਣ ਦਾ ਐਲਾਨ ਹੋਣ ਨਾਲ ਭਾਜਪਾ ਬੁਲਾਰੇ ਦੀ ਇਹ ਗੱਲ ਸੱਚੀ ਸਾਬਤ ਹੋਈ ਹੈ। ਕਰਨਾਟਕ ਕਾਂਗਰਸ ਦੇ ਬੁਲਾਰੇ ਨੇ ਇਸ ਉੱਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਗਵਰਨਰ ਦੇ ਬਿਆਨ ਪਹਿਲਾਂ ਲੀਕ ਹੋਣਾ ਲੋਕਤੰਤਰ ਦੀ ਹੱਤਿਆ ਤੇ ਸੰਵਿਧਾਨ ਨੂੰ ਲਤਾੜਨ ਦੇ ਸਮਾਨ ਹੈ।