ਬਹੁ-ਚਰਚਿਤ ਪੱਤਰਕਾਰ ਜੇ ਡੇ ਕਤਲ ਕੇਸ ਵਿੱਚ ਛੋਟਾ ਰਾਜਨ ਸਣੇ 7 ਦੋਸ਼ੀਆਂ ਨੂੰ ਉਮਰ ਕੈਦ


ਮੁੰਬਈ, 2 ਮਈ, (ਪੋਸਟ ਬਿਊਰੋ)- ਉੱਘੇ ਪੱਤਰਕਾਰ ਜੇ ਡੇ ਕਤਲ ਕੇਸ ਵਿਚ ਕਰੀਬ ਸੱਤ ਸਾਲ ਬਾਅਦ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਆਪਣਾ ਫ਼ੈਸਲਾ ਸੁਣਾਇਆ ਅਤੇ ਮਾਫੀਆ ਡਾਨ ਛੋਟਾ ਰਾਜਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਛੋਟਾ ਰਾਜਨ ਤੋਂ ਬਿਨਾ ਸੱਤ ਹੋਰ ਦੋਸ਼ੀਆਂ ਨੂੰ ਸਾਰੀ ਉਮਰ ਜੇਲ ਵਿਚ ਰਹਿਣਾ ਪਵੇਗਾ। ਅਦਾਲਤ ਨੇ ਪਤਰਕਾਰ ਜਿਗਨਾ ਵੋਰਾ ਅਤੇ ਜੋਸਫ ਪਾਲਸਨ ਨੂੰ ਬਰੀ ਕਰ ਦਿਤਾ ਹੈ।
ਮਰਹੂਮ ਪੱਤਰਕਾਰ ਜੇ ਡੇ ਦੀ ਭੈਣ ਲੀਨਾ ਡੇ ਨੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਅਤੇ ਕਿਹਾ ਸੀ ਕਿ ਇਕ ਵੀ ਦੋਸ਼ੀ ਬਰੀ ਨਹੀਂ ਹੋਣਾ ਚਾਹੀਦਾ, ਸਭ ਨੂੰ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਅਜਿਹਾ ਕਿਉਂ ਹੈ, ਅਸੀਂ ਭੁਗਤ ਰਹੇ ਹੈ ਅਤੇ ਅਪਰਾਧੀ ਆਜ਼ਾਦ ਮਜ਼ੇ ਕਰ ਰਹੇ ਹਨ। ਉਨ੍ਹਾਂ ਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਸਾਰੇ ਅਪਰਾਧੀ ਤਾਕਤਵਰ ਲੋਕ ਹਨ, ਜਿਨ੍ਹਾਂ ਦੇ ਕਾਫ਼ੀ ਸੰਪਰਕ ਹਨ ਤੇ ਸੰਭਵ ਹੈ ਕਿ ਉਹ ਸਾਰੇ ਬਰੀ ਹੋ ਜਾਣਗੇ।
ਪੱਤਰਕਾਰ ਡੇ ਦੀ 11 ਜੂਨ 2011 ਨੂੰ ਹੱਤਿਆ ਕਰ ਦਿਤੀ ਗਈ ਸੀ। ਪਿਛਲੇ ਸੱਤ ਸਾਲ ਤੋਂ ਚੱਲ ਰਹੀ ਸੁਣਵਾਈ ਦੌਰਾਨ ਸਾਲ 2015 ਵਿਚ ਛੋਟਾ ਰਾਜਨ ਨੂੰ ਇੰਡੋਨੇਸ਼ੀਆ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇਸ ਦੇ ਬਾਅਦ ਇਸ ਕੇਸ ਵਿਚ ਸੁਣਵਾਈ ਤੇਜ ਹੋਈ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਛੋਟਾ ਰਾਜਨ ਵੀਡੀਓ ਕਾਨਫਰੰਸ ਰਾਹੀਂ ਕੋਰਟ ਵਿਚ ਪੇਸ਼ ਹੁੰਦਾ ਰਿਹਾ ਸੀ। ਜਾਂਚ ਅਫਸਰ ਦੇ ਦੱਸਣ ਅਨੁਸਾਰ ‘ਛੋਟਾ ਰਾਜਨ ਨੇ ਜੇ ਡੇ ਨੂੰ ਮਾਰਨ ਦੇ ਆਦੇਸ਼ ਦਿਤੇ ਸਨ।’ ਇਸ ਕੇਸ ਵਿੱਚ ਡਾਨ ਰਾਜੇਂਦਰ ਨਿਖਲਜੇ ਉਰਫ ਛੋਟਾ ਰਾਜਨ ਅਤੇ ਮੁੰਬਈ ਦੀ ਪੱਤਰਕਾਰ ਜਿਗਨਾ ਵੋਰਾ ਦੋਸ਼ੀ ਸਨ। ਕੇਸ ਦੀ ਜਾਂਚ ਪਹਿਲਾਂ ਪੁਲਿਸ ਨੇ ਕੀਤੀ ਸੀ, ਪਰ ਬਾਅਦ ਵਿੱਚ ਇਸ ਕੇਸ ਨੂੰ ਸੀ ਬੀ ਆਈ ਨੂੰ ਸੌਂਪ ਦਿਤਾ ਗਿਆ ਸੀ।