ਬਹੁਤ ਮਿਲਿਆ ਲੋਕਾਂ ਦਾ ਪਿਆਰ : ਦੀਪਿਕਾ ਪਾਦੁਕੋਣ

deepika
ਕੰਨੜ ਫਿਲਮ ‘ਐਸ਼ਵਰਿਆ’ ਤੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਦੀਪਿਕਾ ਪਾਦੁਕੋਣ ਜਦੋਂ ਫਿਲਮ ‘ਓਮ ਸ਼ਾਂਤੀ ਓਮ’ ਨਾਲ ਹਿੰਦੀ ਸਿਨੇਮਾ ਵਿੱਚ ਆਈ ਤਾਂ ਰਾਤੋ ਰਾਤ ਉਸ ਨੂੰ ਸੁਪਰਸਟਾਰ ਦਾ ਦਰਜਾ ਮਿਲ ਗਿਆ। ਇੱਕ ਤੋਂ ਬਾਅਦ ਇੱਕ ਕਈ ਹਿੱਟ ਫਿਲਮਾਂ ਦੇਣ ਵਾਲੀ ਦੀਪਿਕਾ ਨੇ ਹਾਲੀਵੁੱਡ ਵਿੱਚ ਵੀ ਫਿਲਮ ‘ਟਿ੍ਰਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ’ ਨਾਲ ਧੁੰਮਾਂ ਪਾ ਦਿੱਤੀਆਂ। ਹੁਣ ਉਹ ਸੰਜੇ ਲੀਲਾ ਭੰਸਾਲੀ ਦੀ ਪੀਰੀਅਡ ਫਿਲਮ ‘ਪਦਮਾਵਤੀ’ ਵਿੱਚ ਦਿਖਾਈ ਦੇਵੇਗੀ। ਪੇਸ਼ ਹਨ ਦੀਪਿਕਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਸਭ ਤੋਂ ਪਹਿਲਾਂ ਆਪਣੀ ਆਉਣ ਵਾਲੀ ਫਿਲਮ ‘ਪਦਮਾਵਤੀ’ ਬਾਰੇ ਦੱਸੋ?
– ਇਸ ਬਾਰੇ ਸਿਰਫ ਇੰਨਾ ਕਹਿ ਸਕਦੀ ਹਾਂ ਕਿ ਇਹ ਰਾਣੀ ਪਦਮਾਵਤੀ ਦੀ ਕਹਾਣੀ ‘ਤੇ ਆਧਾਰਤ ਹੈ, ਜੋ ਮੇਵਾੜ ਦੇ ਰਾਜਾ ਰਾਣਾ ਰਾਵਲ ਰਤਨ ਸਿੰਘ ਦੀ ਪਤਨੀ ਸੀ। ਦਿੱਲੀ ਸਲਤਨਤ ਦੇ ਸ਼ਾਸਕ ਅਲਾਊਦੀਨ ਖਿਲਜੀ ਦੇ ਮਨ ਵਿੱਚ ਪਦਮਿਨੀ ਨੂੰ ਪ੍ਰਾਪਤ ਕਰਨ ਦੀ ਲਾਲਸਾ ਸੀ, ਇਸ ਲਈ ਉਸ ਨੇ ਚਿਤੌੜ ਦੇ ਕਿਲ੍ਹੇ ਉੱਤੇ ਹਮਲਾ ਕੀਤਾ ਸੀ। ਰਾਣੀ ਪਦਮਿਨੀ ਨੇ ਆਪਣੀ ਇੱਜ਼ਤ ਲਈ ‘ਜੌਹਰ’ (ਖੁਦ ਦਾ ਬਲੀਦਾਨ ਦੇਣਾ) ਕਰ ਲਿਆ। ਸੰਜੇ ਲੀਲਾ ਭੰਸਾਲੀ ਆਪਣੀਆਂ ਫਿਲਮਾਂ ਦੀ ਵਿਸ਼ਾਲਤਾ ਲਈ ਮਸ਼ਹੂਰ ਹੈ। ਇਹ ਵੀ ਇੱਕ ਵਿਸ਼ਾਲ ਫਿਲਮ ਹੋਵੇਗੀ।
* ਆਪਣੀ ਹਾਲੀਵੁੱਡ ਡੈਬਿਊ ਫਿਲਮ ‘ਟਿ੍ਰਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ’ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
– ਇਹ ਬਹੁਤ ਸ਼ਾਨਦਾਰ ਰਿਹਾ। ਮੈਂ ਇਸ ਤੋਂ ਜ਼ਿਆਦਾ ਖੁਸ਼ ਹਾਂ। ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਸਨਮਾਨ ਕਰਦੀ ਹਾਂ, ਜਿਨ੍ਹਾਂ ਨੇ ਮੇਰੀ ਪਹਿਲੀ ਹਾਲੀਵੁੱਡ ਫਿਲਮ ਲਈ ਮੇਰੀ ਇੰਨੀ ਪ੍ਰਸ਼ੰਸਾ ਕੀਤੀ। ਮੈਨੂੰ ਨਹੀਂ ਪਤਾ ਸੀ ਕਿ ਮੈਂ ਹੋਰ ਕੀ ਇੱਛਾ ਕਰਾਂ, ਕਿਉਂਕਿ ਇਹ ਮੇਰੇ ਲਈ ਨਵੀਂ ਦੁਨੀਆ ਸੀ। ਬਿਲਕੁਲ ਨਵਾਂ ਵਾਤਾਵਰਣ, ਜੋ ਮੇਰੇ ਕੰਫਰਟ ਜ਼ੋਨ ਤੋਂ ਬਾਹਰ ਸੀ। ਇਸ ਲਈ ਇੰਨੀ ਪ੍ਰਸ਼ੰਸਾ ਮਿਲਣੀ ਕਾਫੀ ਉਤਸ਼ਾਹਪੂਰਵਕ ਰਿਹਾ।
* ਭਾਰਤ ਵਿੱਚ ਇਸ ਫਿਲਮ ਨੂੰ ਜੋ ਰਿਸਪਾਂਸ ਮਿਲਿਆ, ਕੀ ਤੁਸੀਂ ਉਸ ਤੋਂ ਖੁਸ਼ ਸੀ?
– ਭਾਰਤ ‘ਚ ਇਸ ਫਿਲਮ ਨੂੰ ਪਹਿਲਾਂ ਸਿਰਫ ਥ੍ਰੀ ਡੀ ਵਿੱਚ ਰਿਲੀਜ਼ ਕੀਤਾ ਗਿਆ ਸੀ। ਜਦੋਂ ਸਾਰੇ ਫਾਰਮੈਟਸ ‘ਚ ਇਸ ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਕੀਤਾ ਗਿਆ ਤਾਂ ਇਹ ਭਾਰਤ ‘ਚ ਵੀ ਸਾਰੇ ਫਾਰਮੈਟਸ ‘ਚ ਰਿਲੀਜ਼ ਕੀਤੀ ਗਈ। ਫਿਲਮ ਤੇ ਇਸ ਵਿੱਚ ਮੇਰੇ ਕਿਰਦਾਰ ਬਾਰੇ ਪ੍ਰਤੀਕਿਰਿਆਵਾਂ ਕਾਫੀ ਐਕਸਾਈਟਿੰਗ ਸਨ। ਸਭ ਤੋਂ ਵੱਡਾ ਕੰਪਲੀਮੈਂਟ ਮੈਨੂੰ ਔਰਤਾਂ ਤੋਂ ਮਿਲਿਆ, ਇਸ ਲਈ ਹੁਣ ਐਕਸ਼ਨ ਫਿਲਮਾਂ ਵਿੱਚ ਵੀ ਔਰਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਤੇ ਇਸ ਫਿਲਮ ਵਿੱਚ ਇੱਕ ਤਾਕਤਵਰ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ, ਜਿੱਥੇ ਆਮ ਤੌਰ ‘ਤੇ ਮਰਦਾਂ ਵੱਲੋਂ ਹੀ ਮੁੱਖ ਕਿਰਦਾਰ ਨਿਭਾਏ ਜਾਂਦੇ ਹਨ।
* ਵਿਦੇਸ਼ਾਂ ਵਿੱਚ ਇਸ ਫਿਲਮ ਨੇ ਕੋਈ ਰਿਕਾਰਡ ਤੋੜ ਕਮਾਈ ਨਹੀਂ ਕੀਤੀ। ਕੀ ਕਹੋਗੇ?
– ਅਸਲ ‘ਚ ਬਾਕਸ ਆਫਿਸ ਦੇ ਅੰਕੜੇ ਨਹੀਂ, ਸਗੋਂ ਮੈਨੂੰ ਆਪਣੇ ਕਿਰਦਾਰ ਲਈ ਮਿਲੀ ਪ੍ਰਸ਼ੰਸਾ ਤੇ ਪਿਆਰ ਮੇਰੇ ਲਈ ਅਸਲੀ ਉਪਲਬਧੀ ਹੈ। ਇਹ ਹਰ ਚੀਜ਼ ‘ਤੇ ਭਾਰੀ ਪੈਂਦਾ ਹੈ।
* ਤੁਸੀਂ ਐਲਨ ਡੀਜੈਨਰੇਸ ਪ੍ਰੋਗਰਾਮ ‘ਚ ਟਿੱਪਣੀ ਕੀਤੀ ਸੀ। ‘ਹੈਵਿੰਗ ਵਿਨਸ ਬੇਬੀ ਇਨ ਮਾਈ ਹੈਡ’ ਜਿਸ ਨੇ ਭਾਰਤ ‘ਚ ਸਨਸਨੀ ਫੈਲਾ ਦਿੱਤੀ ਸੀ। ਕੀ ਕਹੋਗੇ?
– ਮੈਂ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਇਸ ਦੀ ਬਜਾਏ ਮੈਂ ਐਲਨ ਵਰਗੀ ਤਾਕਤਵਰ ਅਤੇ ਸ਼ਾਨਦਾਰ ਮਹਿਲਾ ਨਾਲ ਮੀਟਿੰਗ ਦੇ ਆਪਣੇ ਸ਼ਾਨਦਾਰ ਤਜਰਬੇ ‘ਤੇ ਗੱਲ ਕਰਨਾ ਚਾਹਾਂਗੀ। ਐਲਨ ਨਾਲ ਮਿਲਣਾ ਮੇਰੇ ਲਈ ਕਾਫੀ ਪ੍ਰੇਰਨਾ ਦਾਇਕ ਸੀ।
* ਇਸ ਸ਼ੋਅ ਵਿੱਚ ਹਰ ਕੋਈ ਤੁਹਾਡੇ ਤੋਂ ਇੱਛਾ ਰੱਖਦਾ ਸੀ ਕਿ ਜ਼ਿਆਦਾਤਰ ਅਭਿਨੇਤਰੀਆਂ ਦੀ ਤਰ੍ਹਾਂ ਤੁਸੀਂ ਵੀ ਲਿੰਕਅਪ ਤੋਂ ਸਿੱਧਾ ਇਨਕਾਰ ਕਰ ਦਿਓਗੇ। ਇਸ ਦੀ ਥਾਂ ਤੁਸੀਂ ਇਸ ਨੂੰ ਮਜ਼ਾਕੀਆ ਲਹਿਜ਼ੇ ‘ਚ ਕੀਤਾ। ਕੀ ਤੁਹਾਨੂੰ ਕੋਈ ਪਛਤਾਵਾ ਨਹੀਂ ਹੋਇਆ।
– ਬਿਲਕੁਲ ਪਛਤਾਵਾ ਨਹੀਂ ਤੇ ਮੈਂ ਇਸ ‘ਤੇ ਹੋਰ ਕੁਝ ਵੀ ਨਹੀਂ ਕਹਾਂਗੀ। ਅਸਲ ‘ਚ ਮੈਨੂੰ ਵਿਸ਼ਵ ਭਰ ਦੇ ਲੋਕਾਂ ਤੋਂ ਮੈਸੇਜ ਮਿਲੇ ਸਨ ਕਿ ਉਨ੍ਹਾਂ ਇਸ ਸ਼ੋਅ ਦਾ ਆਨੰਦ ਲਿਆ ਸੀ। ਸ਼ੋਅ ਦੇ ਅਗਲੇ ਦਿਨ ਮੈਨੂੰ ਅਣਗਿਣਤ ਕੰਪਲੀਮੈਂਟਸ ਮਿਲੇ ਕਿ ਮੈਂ ਸ਼ੋਅ ‘ਚ ਉਹੀ ਸੀ, ਜੋ ਅਸਲ ‘ਚ ਮੈਂ ਹਾਂ।