ਬਹੁਤ ਖਤਰਨਾਕ ਹੈ ਇਹ ਮੱਛੀ

blue whale
-ਗੁਰ ਕ੍ਰਿਪਾਲ ਸਿੰਘ ਅਸ਼ਕ
ਕਹਿਣ ਨੂੰ ਤਾਂ ਇਹ ਮਹਿਜ਼ ਇੱਕ ਖੇਡ ਹੈ, ਪਰ ਇਸ ਨੂੰ ਖੇਡ ਕਹਿਣਾ ਖੇਡਾਂ ਦਾ ਅਪਮਾਨ ਹੈ। ਦੱਸਿਆ ਜਾਂਦਾ ਹੈ ਬਲੂ ਵੇਲ੍ਹ ਚੈਲੰਜ ਨਾਮੀ ਇਹ ਖੇਡ ਹੁਣ ਤੱਕ ਢਾਈ ਸੌ ਤੋਂ ਜ਼ਿਆਦਾ ਮਾਸੂਮਾਂ ਦੀ ਜਾਨ ਲੈ ਚੁੱਕੀ ਹੈ। ਇਨ੍ਹਾਂ ਵਿੱਚੋਂ ਡੇਢ ਸੌ ਦੇ ਕਰੀਬ ਬੱਚੇ ਇਕੱਲੇ ਰੂਸ ਦੇ ਹਨ। ਬੀਤੇ ਦਿਨੀਂ ਅੰਧੇਰੀ ਮੁੰਬਈ ‘ਚ 14 ਸਾਲਾਂ ਦਾ ਇੱਕ ਮੰੁਡਾ ਮਨਪ੍ਰੀਤ ਸਿੰਘ ਸਾਹਨੀ ਇਸ ਦਾ ਤਾਜ਼ਾ ਸ਼ਿਕਾਰ ਬਣਿਆ ਅਤੇ ਭਾਰਤ ਵਿੱਚ ਉਹ ਇਸ ਮੱਛੀ ਦਾ ਪਹਿਲਾ ਸ਼ਿਕਾਰ ਸੀ।
ਇਹ ਬਲੂ ਵਲ੍ਹੇ ਦਰਅਸਲ ਸਮੁੰਦਰ ‘ਚੋਂ ਨਿਕਲ ਕੇ ਨਹੀਂ ਸੀ ਆਈ ਤੇ ਨਾ ਮਨਪ੍ਰੀਤ ਉਸ ਕੋਲ ਗਿਆ ਸੀ, ਇਸ ਦਾ ਜਨਮ ਸਮੁੰਦਰ ‘ਚ ਨਹੀਂ, ਰੂਸ ਦੀ ਇੱਕ ਯੂਨੀਵਰਸਿਟੀ ਵਿੱਚੋਂ ਕੱਢੇ ਗਏ ਮਨੋਵਿਗਿਆਨ ਦੇ ਇੱਕ ਵਿਦਿਆਰਥੀ ਫਿਲਿਪ ਬੁਦਕਿਨ ਦੇ ਖੁਰਾਫਾਤੀ ਦਿਮਾਗ ਵਿੱਚ ਹੋਇਆ ਤੇ ਇਸ ਨੂੰ ਇੰਟਰਨੈਟ ‘ਤੇ ਮੌਜੂਦ ਇੱਕ ਵੈਬਸਾਈਟ ਨੇ ਆਪਣੀ ਬੁੱਕਲ ਵਿੱਚ ਪਾਲਿਆ। ਬਾਕੀ ਸ਼ਿਕਾਰਾਂ ਵਾਂਗ ਇੰਟਰਨੈਟ ‘ਤੇ ਖੇਡਾਂ ਖੇਡਦਾ ਮਨਪ੍ਰੀਤ ਇੱਗ ਦਿਨ ਇਸ ਦੇ ਚੱਕਰਵਿਊ ਵਿੱਚ ਫਸ ਗਿਆ ਅਤੇ ਆਖਰ ਸੱਤ ਮੰਜ਼ਿਲਾ ਉਚੀ ਇਮਾਰਤ ਤੋਂ ਛਾਲ ਮਾਰ ਕੇ ਉਸ ਨੇ ਆਤਮ ਹੱਤਿਆ ਕਰ ਲਈ।
ਆਖਰ ਇਹ ਖੇਡ ਹੈ ਕੀ? ਇਥੇ ਇਸ ਦਾ ਕਾਰਨ ਵਿਸਥਾਰ ਦੇਣਾ ਉਚਿਤ ਨਹੀਂ ਹੋਵੇਗਾ ਕਿ ਕਿਧਰੇ ਕੋਈ ਹੋਰ ਮਨਪ੍ਰੀਤ ਉਸ ਦੇ ਟਿਕਾਣੇ ‘ਤੇ ਨਾ ਪੁੱਜ ਜਾਵੇ ਜਿੱਥੋਂ ਉਸ ਦਾ ਵਾਪਸ ਮੁੜਨਾ ਲਗਭਗ ਅਸੰਭਵ ਹੋਵੇਗਾ। ਜਾਣਕਾਰਾਂ ਅਨੁਸਾਰ ਇਹ ਖੇਡ ਖੇਡਣ ਤੋਂ ਪਹਿਲਾਂ ਖਿਡਾਰੀ ਆਪਣੀ ਰਜਿਸਟਰੇਸ਼ਨ ਕਰਦਾ ਹੈ। ਇਹ ਖੇਡ 50 ਦਿਨਾਂ ਦੀ ਹੈ, ਹਰ ਰੋਜ਼ ਖਿਡਾਰੀ ਨੂੰ ਇੱਕ ਚੈਲੰਜ ਦਿੱਤਾ ਜਾਂਦਾ ਹੈ, ਜਿਸ ਨੂੰ ਪੂਰਾ ਕਰਨ ‘ਤੇ ਉਹ ਸਬੂਤ ਵਜੋਂ ਆਪਣੀ ਇੱਕ ਫੋਟੋ ਅਪਲੋਡ ਕਰਦਾ ਹੈ ਅਤੇ ਫਿਰ ਅਗਲੇ ਦੌਰ ਵਿੱਚ ਦਾਖਲ ਹੁੰਦਾ ਹੈ।
ਸ਼ੁਰੂ-ਸ਼ੁਰੂ ਵਿੱਚ ਖੇਡ ਐਡਮਨਿਸਟ੍ਰੇਟਰ ਵੱਲੋਂ ਮਾਮੂਲੀ ਚੈਲੰਜ ਦਿੱਤੇ ਜਾਂਦੇ ਹਨ, ਜਿਵੇਂ ਰਾਤ ਨੂੰ ਕਿਸੇ ਖਾਸ ਵਕਤ ‘ਤੇ ਤੁਰਨਾ, ਇਕੱਲਿਆਂ ਕੋਈ ਡਰਾਉਣੀ ਫਿਲਮ ਦੇਖਣੀ। ਬਾਅਦ ਵਿੱਚ ਕਿਸੇ ਤਿੱਖੀ ਚੀਜ਼ ਨਾਲ ਆਪਣੇ ਸਰੀਰ ‘ਤੇ ਕੋਈ ਖਾਸ ਨਿਸ਼ਾਨ ਬਣਾਉਣ ਦੇ ਹੁਕਮ ਮਿਲਦੇ ਹਨ। ਪਹਿਲਾਂ-ਪਹਿਲ ਨਿਸ਼ਾਨ ਬਣਾਉਣ ਸੰਬੰਧੀ ਚੁਣੌਤੀਆਂ ਸੌਖੀਆਂ ਲੱਗਦੀਆਂ ਹਨ, ਬਾਅਦ ਵਿੱਚ ਖਿਡਾਰੀ ਕੋਲ ਵਾਪਸ ਮੁੜਨ ਦਾ ਰਾਹ ਨਹੀਂ ਰਹਿੰਦਾ ਤੇ ਅਖੀਰ ਵਿੱਚ ਅਕਸਰ ਉਹ ਆਤਮ ਹੱਤਿਆ ਕਰਦਾ ਹੈ। ਇਸ ਖੇਡ ਦੇ ਜਾਣਕਾਰ ਦੱਸਦੇ ਹਨ ਕਿ ਰਜਿਸਟਰੇਸ਼ਨ ਸਮੇਂ ਖਿਡਾਰੀ ਦਾ ਡਾਟਾ ਹੈਕ ਕਰ ਲਿਆ ਜਾਂਦਾ ਹੈ ਜਿਸ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਖੇਡ ਛੱਡਣ ਦੀ ਸੂਰਤ ‘ਚ ਖਿਡਾਰੀ ਨੂੰ ਧਮਕੀਆਂ ਮਿਲਣ ਲੱਗ ਜਾਂਦੀਆਂ ਹਨ ਤੇ ਉਹ ਵਾਪਸ ਮੁੜਨ ਤੋਂ ਕਰੀਬ-ਕਰੀਬ ਅਸਮਰੱਥ ਹੋ ਜਾਂਦਾ ਹੈ। ਉਹ ਇੰਨਾ ਡਰ ਜਾਂਦਾ ਹੈ ਕਿ ਕਿਸੇ ਨੂੰ ਵੀ ਇਸ ਬਾਰੇ ਦੱਸਣ ਤੋਂ ਡਰਦਾ ਹੈ। ਫਿਲਿਪ ਨੂੰ ਅਜੇ ਪਿਛਲੇ ਮਹੀਨੇ ਸਾਇਬੇਰੀਆ ਦੀ ਅਦਾਲਤ ਨੇ ਤਿੰਨ ਸਾਲ ਲਈ ਜੇਲ੍ਹ ਭੇਜਿਆ ਹੈ। ਉਸ ਖਿਲਾਫ ਦੋ ਬੱਚੀਆਂ ਨੂੰ ਮਰਨ ਲਈ ਉਕਸਾਉਣ ਦੇ ਦੋਸ਼ ਸਨ, ਜੋ ਮਾਪਿਆਂ ਦੀ ਚੌਕਸੀ ਕਾਰਨ ਬਚ ਗਈਆਂ।
ਫਿਲਿਪ ਵਰਗੇ ਅਜਿਹੇ ਹਰ ਬੰਦੇ ਕੋਲ ਆਪਣੀ ਮਹਾਨਤਾ ਸਿੱਧ ਕਰਨ ਦੀਆਂ ਦਲੀਲਾਂ ਹੁੰਦੀਆਂ ਹਨ। ਉਸ ਦਾ ਕਹਿਣਾ ਹੈ ਕਿ ਉਹ ਤਾਂ ਸਮਾਜ ਵਿੱਚੋਂ ਅਜਿਹੇ ਬੰਦਿਆਂ ਦੀ ਸਫਾਈ ਕਰ ਰਿਹਾ ਹੈ, ਜੋ ਉਸ ਮੁਤਾਬਕ ਬਾਇਓਲੋਜੀਕਲ ਵੇਸਟ ਹਨ। ਫਿਲਿਪ ਭਾਵੇਂ ਜੇਲ੍ਹ ਵਿੱਚ ਹੈ, ਪਰ ਉਸ ਦੀ ਮੱਛੀ ਅਜੇ ਵੀ ਆਜ਼ਾਦ ਹੈ। ਪਤਾ ਨਹੀਂ ਕਿੰਨੀਆਂ ਕੁ ਹੋਰ ਜਾਨਾਂ ਲਵੇਗੀ। ਬੱਚਿਆਂ ਨੂੰ ਆਪਣੇ ਚੰਗੇ ਮਾੜੇ ਦਾ ਕੁਝ ਪਤਾ ਨਹੀਂ ਹੁੰਦਾ ਤੇ ਇੰਟਰਨੈਟ ਦੇ ਜਾਦੂਈ ਸੰਸਾਰ ਵਿੱਚ ਉਹ ਜਲਦੀ ਹੀ ਗੁਆਚ ਜਾਂਦੇ ਹਨ। ਮਾਪੇ ਚੌਕਸ ਰਹਿਣ ਤਾਂ ਇਸ ਮੱਛੀ ਤੋਂ ਬਚਿਆ ਜਾ ਸਕਦਾ ਹੈ।
ਜੇ ਕਿਸੇ ਬੱਚੇ ਦੇ ਸੁਭਾਅ ਵਿੱਚ ਅਚਾਨਕ ਤਬਦੀਲੀ ਆਉਂਦੀ ਹੈ, ਉਸ ਦੇ ਜਾਗਣ ਸੌਣ ਦੇ ਸਮੇਂ ਵਿੱਚ ਬਦਲਾਅ ਦਿਖਾਈ ਦਿੰਦਾ ਹੈ, ਇੰਟਰਨੈਟ ‘ਤੇ ਉਸ ਦੀਆਂ ਗਤੀਵਿਧੀਆਂ ਵਧਦੀਆਂ ਹਨ ਜਾਂ ਉਸ ਦੇ ਸਰੀਰ ਦੇ ਕਿਸੇ ਹਿੱਸੇ ‘ਤੇ ਤਿੱਖੀ ਚੀਜ਼ ਨਾਲ ਬਣਿਆ ਕੋਈ ਖਾਸ ਨਿਸ਼ਾਨ ਦਿਖਾਈ ਦਿੰਦਾ ਹੈ ਤਾਂ ਮਾਪਿਆਂ ਨੂੰ ਚਾਹੀਦਾ ਹੈ ਕਿ ਤੁਰੰਤ ਉਸ ਨੂੰ ਭਰੋਸੇ ‘ਚ ਲੈ ਲੈਣ ਅਤੇ ਸਮਝਾਉਣ। ਇਹੀ ਸਮਾਂ ਹੈ ਜਦੋਂ ਮੱਛੀ ਦੇ ਸ਼ਿਕਾਰ ਤੋਂ ਕਿਸੇ ਨੂੰ ਬਚਾਇਆ ਜਾ ਸਕਦਾ ਹੈ। ਵਰਨਾ ਉਹ ਅਗਲੀ ਚੁਣੌਤੀ ਪੂਰਾ ਕਰਦਾ-ਕਰਦਾ ਬਹੁਤ ਦੂਰ ਨਿਕਲ ਜਾਵੇਗਾ ਜਿੱਥੇ ਕਦੇ ਵੀ ਸ਼ਾਇਦ ਉਹ ਆਪਣੇ ਮਾਪਿਆਂ ਦੇ ਹੱਥ ਨਾ ਆਵੇ ਕਿਉਂਕਿ ਮਾਪੇ ਹੀ ਬੱਚੇ ਨੂੰ ਕਿਸੇ ਮਨੋਵਿਗਿਆਨੀ ਕੋਲ ਲਿਜਾਣ ਤਾਂ ਕਿ ਸਹੀ ਸਮੇਂ ‘ਤੇ ਉਸ ਨੂੰ ਇਸ ਬਲੂ ਵੇਲ੍ਹ ਦੀ ਪਕੜ ਤੋਂ ਬਚਾਇਆ ਜਾ ਸਕੇ। ਇਹ ਮੱਛੀ ਕਿਧਰੇ ਦੂਰ ਨਹੀਂ, ਬਹੁਤ ਨੇੜੇ ਹੈ, ਬੱਸ ਜ਼ਰੂਰਤ ਹੈ ਚੌਕਸ ਰਹਿਣ ਦੀ।