ਬਹੁਤਾ ਸਮਾਂ ਇਕੱਠੇ ਰਹਿਣਾ ਵੀ ਤਲਾਕ ਨੂੰ ਸੱਦਾ ਹੋ ਸਕਦੈ


ਆਕਲੈਂਡ, 6 ਜਨਵਰੀ (ਪੋਸਟ ਬਿਊਰੋ)- ਪੂਰੀ ਦੁਨੀਆ ਵਿੱਚ ਵਿਆਹ ਵੇਲੇ ਜਿਥੇ ਪਤੀ-ਪਤਨੀ ਨੂੰ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਦਿੱਤੀਆਂ ਜਾਂਦੀਆਂ ਹਨ, ਉਥੇ ਇਕ ਨਵੇਂ ਅਧਿਐਨ ਵਿੱਚ ਸਾਹਮਣੇ ਆਏ ਤੱਥ ਕੁਝ ਹੋਰ ਸੰਕੇਤ ਦਿੰਦੇ ਹਨ। ਨਵੀਂ ਖੋਜ ਵਿੱਚ ਕਿਹਾ ਗਿਆ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਤੀ-ਪਤਨੀ ਵੱਲੋਂ ਇਕੱਠੇ ਬਿਤਾਇਆ ਲੰਬਾ ਸਮਾਂ ਤਲਾਕ ਨੂੰ ਸੱਦਾ ਦਿੰਦਾ ਹੈ।
ਦੇਖਿਆ ਗਿਆ ਹੈ ਕਿ ਫਰਵਰੀ ਵਿੱਚ ਗਰਮੀਆਂ ਖਤਮ ਹੁੰਦੇ ਸਾਰ ਮਾਰਚ ਮਹੀਨੇ ਤਲਾਕ ਦੇ ਪੇਪਰ ਵੱਧ ਭਰੇ ਜਾਂਦੇ ਹਨ। ਨਿਊਜ਼ੀਲੈਂਡ ਵਿੱਚ ਪਿਛਲੇ ਅੰਕੜੇ ਦੱਸਦੇ ਹਨ ਕਿ ਸਾਲ 2015 ਵਿੱਚ ਤਲਾਕ ਦੀਆਂ 805 ਅਰਜ਼ੀਆਂ ਆਈਆਂ, ਜਦ ਕਿ ਉਂਝ ਔਸਤਨ ਗਰਮੀਆਂ ਵਿੱਚ 646 ਤੇ ਸਾਲਾਨਾ 718 ਅਰਜ਼ੀਆਂ ਆਉਂਦੀਆਂ ਹਨ। ਇਸ ਤਰ੍ਹਾਂ 2016 ਵਿੱਚ ਔਸਤਨ 700 ਅਰਜ਼ੀਆਂ ਆਈਆਂ। ਮਾਰਚ ਮਹੀਨੇ 777 ਤਲਾਕ ਦੀਆਂ ਅਰਜ਼ੀਆਂ ਆਈਆਂ ਹਨ। ਇਸ ਅਧਿਐਨ ‘ਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ। ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਇਕੱਠੇ ਰਹਿਣ ਨਾਲ ਪਿਆਰ ਵਧਦਾ ਤੇ ਰਿਸ਼ਤਾ ਮਜ਼ਬੂਤ ਹੁੰਦਾ ਹੈ। ਨਵੇਂ ਅਧਿਐਨ ਵਿੱਚ ਇਕੱਠਿਆਂ ਰਹਿਣ ਨੂੰ ਤਲਾਕ ਦਾ ਆਧਾਰ ਬਣਾ ਦਿੱਤਾ ਗਿਆ ਹੈ।