ਬਲਿਊ ਵੇਲ੍ਹ ਗੇਮ ਵਿਰੁੱਧ ਕਾਰਵਾਈ ਦੀ ਮੰਗ ਪਾਰਲੀਮੈਂਟ ਵਿੱਚ ਉੱਠੀ

blue whale game
ਨਵੀਂ ਦਿੱਲੀ, 3 ਅਗਸਤ (ਪੋਸਟ ਬਿਊਰੋ)- ਰਾਜ ਸਭਾ ਵਿੱਚ ਵੀਰਵਾਰ ਨੂੰ ‘ਬਲਿਊ ਵ੍ਹੇਲ` ਆਨਲਾਈਨ ਗੇਮ ਦਾ ਮੁੱਦਾ ਉੱਠਿਆ ਅਤੇ ਕਈ ਮੈਂਬਰਾਂ ਨੇ ਇਸ ਤਰ੍ਹਾਂ ਦੀ ਗੇਮ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਮੁੰਬਈ ਵਿੱਚ 14 ਸਾਲਾ ਮਨਪ੍ਰੀਤ ਸਿੰਘ ਨੇ ਇਸ ਗੇਮ ਦੇ ਚੱਕਰ ਵਿੱਚ ਖ਼ੁਦਕੁਸ਼ੀ ਕੀਤੀ ਹੈ।
ਜ਼ੀਰੋ ਆਵਰ ਦੌਰਾਨ ਇਹ ਮੁੱਦਾ ਚੁੱਕਦੇ ਹੋਏ ਭਾਜਪਾ ਦੇ ਅਮਰ ਸ਼ੰਕਰ ਸਾਵਲੇ ਨੇ ਕਿਹਾ ਕਿ ਮਨਪ੍ਰੀਤ ਸਿੰਘ 50 ਦਿਨਾਂ ਤੋਂ ‘ਬਲਿਊ ਵ੍ਹੇਲ` ਗੇਮ ਖੇਡ ਰਿਹਾ ਸੀ। ਉਸ ਨੇ ਬੀਤੇ ਦਿਨੀਂ ਪੰਜਵੀਂ ਮੰਜ਼ਿਲ ਤੋਂ ਕੁੱਦ ਕੇ ਖੁਦਕੁਸ਼ੀ ਕਰ ਲਈ ਸੀ। ਇਸ ਖੇਡ ਨਾਲ ਸਬੰਧਿਤ ਖੁਦਕੁਸ਼ੀ ਦੀਆਂ ਲਗਪਗ 130 ਘਟਨਾਵਾਂ ਅਮਰੀਕਾ, ਰੂਸ, ਇੰਗਲੈਂਡ ਅਤੇ ਇਟਲੀ ਵਿੱਚ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਗੇਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਡਰਾਉਣੀਆਂ ਫਿਲਮਾਂ ਵੇਖਣ, ਬਿਨਾਂ ਟਿਕਟ ਯਾਤਰਾ ਕਰਨ ਅਤੇ ਬਾਅਦ ਵਿੱਚ ਖੁਦਕੁਸ਼ੀ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ। ਭਾਰਤ ਵਿੱਚ ਮਨਪ੍ਰੀਤ ਸਿੰਘ ਇਸ ਗੇਮ ਦਾ ਪਹਿਲਾ ਸ਼ਿਕਾਰ ਬਣਿਆ ਹੈ। ਸਾਵਲੇ ਨੇ ਕਿਹਾ ਕਿ ਇਹ ਨਿਸ਼ਚਿਤ ਕਰਨ ਲਈ ਕਦਮ ਚੁੱਕੇ ਜਾਣ ਕਿ ਘੱਟ ਉਮਰ ਦੇ ਬੱਚੇ ‘ਬਲਿਊ ਵ੍ਹੇਲ` ਗੇਮ ਦੀ ਲਪੇਟ ਵਿੱਚ ਨਾ ਆਉਣ।
ਭਾਜਪਾ ਦੇ ਹੀ ਇਕ ਹੋਰ ਮੈਂਬਰ ਵਿਕਾਸ ਮਹਾਤਮੇ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਗੇਮਜ਼ ਹਨ, ਜੋ ਆਪਣੇ ਵੱਲ ਬੇਹੱਦ ਖਿੱਚਣ ਵਾਲੀਆਂ ਹਨ। ਸਮਾਜਵਾਦੀ ਪਾਰਟੀ ਦੇ ਸੰਜੇ ਸੇਠ ਨੇ ਕਿਹਾ ਕਿ ਵੈੱਬਸਾਈਟ ਤੋਂ ਇਸ ਤਰ੍ਹਾਂ ਦੀ ਗੇਮ ਨੂੰ ਹਟਾਉਣ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਇਸ ਦੌਰਾਨ ਮੁੰਬਈ ਵਿੱਚੋਂ ਫਿਲਮ ਸਟਾਰ ਅਮਿਤਾਭ ਬੱਚਨ ਨੇ ਵੀ ‘ਬਲਿਊ ਵ੍ਹੇਲ` ਗੇਮ ਦੇ ਵਧਦੇ ਪ੍ਰਭਾਵ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਬਾਰੇ ਸੁਚੇਤ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ਉੱਤੇ ਲਿਖਿਆ ਕਿ ਮੈਂ ਘੱਟ ਉਮਰ ਦੇ ਬੱਚਿਆਂ ਵੱਲੋਂ ਖੇਡੀ ਜਾ ਰਹੀ ਇਸ ਖ਼ਤਰਨਾਕ ਗੇਮ ਤੋਂ ਸਾਵਧਾਨ ਕਰਨ ਵਾਲੀ ਖ਼ਬਰ ਪੜ੍ਹ ਰਿਹਾ ਹਾਂ। ਜ਼ਿੰਦਗੀ ਜਿਊਣ ਨੂੰ ਮਿਲਦੀ ਹੈ, ਇੰਝ ਖ਼ਤਮ ਕਰਨ ਵਾਸਤੇ ਨਹੀਂ।
ਵਰਨਣ ਯੋਗ ਹੈ ਕਿ ‘ਬਲਿਊ ਵ੍ਹੇਲ` ਗੇਮ ਨੂੰ ਰੂਸ ਵਿੱਚ ਤਿਆਰ ਕੀਤਾ ਗਿਆ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਨੂੰ ਹਰ ਟਾਸਕ ਦੇ ਬਾਅਦ ਬਲੇਡ ਨਾਲ ਹੱਥ ਉੱਤੇ ਕੱਟ ਲਾਉਣ ਨੂੰ ਕਿਹਾ ਜਾਂਦਾ ਹੈ, ਜਿਸ ਦੇ ਨਾਲ ਵ੍ਹੇਲ ਮੱਛੀ ਦੀ ਸ਼ਕਲ ਬਣਦੀ ਹੈ। ਗੇਮ ਦੇ 50ਵੇਂ ਦਿਨ ਉੱਚੀ ਇਮਾਰਤ ਤੋਂ ਛਾਲ ਲਾਉਣ ਨੂੰ ਕਿਹਾ ਜਾਂਦਾ ਹੈ।