ਬਲਾਤਕਾਰ ਤੇ ਇਰਾਦਾ ਕਤਲ ਦਾ ਸ਼ੱਕੀ ਦੋਸ਼ੀ ਪੰਜਾਬ ਨੂੰ ਦੌੜ ਗਿਆ, ਪੁਲਸ ਅਗਲੀ ਕਾਰਵਾਈ ਕਰੇਗੀ

ਲੰਡਨ, 12 ਜਨਵਰੀ (ਪੋਸਟ ਬਿਊਰੋ)- ਤਕਰੀਬਨ 6 ਸਾਲ ਪਹਿਲਾਂ ਸਕਾਟਲੈਂਡ ਵਿਚ ਬਲਾਤਕਾਰ ਅਤੇ ਇਰਾਦਾ ਕਤਲ ਦੇ ਸ਼ੱਕੀ ਪੰਜਾਬੀ ਵੱਲੋਂ ਭਾਰਤ ਦੌੜ ਜਾਣਦੇ ਕੇਸ ਵਿਚ ਉਸ ਨੂੰ ਅਦਾਲਤੀ ਸੁਣਵਾਈ ਲਈ ਸਕਾਟਲੈਂਡ ਲੈ ਕੇ ਆਉਣ ਦੀ ਕਾਰਵਾਈ ਜਾਰੀ ਹੈ। ਇਸ ਤੋਂ ਬਚਣ ਲਈ ਪੰਜਾਬੀ ਨੇ ਦਾਅਵਾ ਕੀਤਾ ਹੈ ਕਿ ਇਹ ਜਿਣਸੀ ਸਬੰਧ ਆਪਸੀ ਸਹਿਮਤੀ ਨਾਲ ਬਣਾਏ ਗਏ ਸਨ ਅਤੇ ਉਸ ਨੇ ਕੋਈ ਗੁਨਾਹ ਨਹੀਂ ਕੀਤਾ।
28 ਸਾਲਾ ਰਮਿੰਦਰ ਸਿੰਘ 2012 ਵਿਚ ਭਾਰਤ ਚਲਾ ਗਿਆ ਸੀ, ਉਸ ਦੇ ਖਿਲਾਫ ਯੂ ਕੇ ਵਿਚ ਦੋ ਜਿਣਸੀ ਹਮਲੇ ਕਰਨ ਅਤੇ ਇਕ ਇਰਾਦਾ ਕਤਲ ਦੇ ਦੋਸ਼ ਹੇਠ ਅਦਾਲਤੀ ਕਾਰਵਾਈ ਚੱਲ ਰਹੀ ਹੈ। ਉਸ ਉੱਤੇ ਦੋਸ਼ ਲੱਗਾ ਹੈ ਕਿ ਉਸ ਨੇ ਐਡਿਨਬਰਾ ਵਿਚ ਇਕ ਔਰਤ ਉੱਤੇ ਗੰਭੀਰ ਜਿਣਸੀ ਹਮਲਾ ਕੀਤਾ ਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਕੁੱਟਮਾਰ ਕਰਕੇ ਸੜਕ ਉੱਤੇ ਛੱਡ ਗਿਆ ਸੀ, ਜਿਸ ਤੋਂ ਅਗਲੇ ਦਿਨ ਉਹ ਭਾਰਤ ਚਲਾ ਗਿਆ ਸੀ। ਇਸ 23 ਸਾਲਾ ਪੀੜਤ ਨੂੰ ਪਿਲਰਿਗ ਪਾਰਕ ਵਿਚ ਬੇਹੋਸ਼ ਤੇ ਖੂਨ ਨਾਲ ਲੱਥਪੱਥ ਪਾਇਆ ਗਿਆ ਸੀ। ਇਸ ਪਿੱਛੋਂ ਰਮਿੰਦਰ ਸਿੰਘ ਦੇ ਖਿਲਾਫ ਜੁਲਾਈ 2012 ਕੇਸ ਦਰਜ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਰਮਿੰਦਰ ਸਿੰਘ ਉੱਤੇ ਇਸ ਤੋਂ ਇਕ ਹਫਤਾ ਪਹਿਲਾਂ ਇਕ ਹੋਰ 27 ਸਾਲਾਂ ਔਰਤ ਨਾਲ ਬਲਾਤਕਾਰ ਅਤੇ ਹਿੰਸਕ ਹਮਲਾ ਕਰਨ ਦੇ ਦੋਸ਼ ਵੀ ਹਨ।
ਸਾਲ 2009 ਵਿਚ ਵਿਦਿਆਰਥੀ ਵੀਜ਼ੇ ਉੱਤੇ ਪੰਜਾਬ ਤੋਂ ਸਕਾਟਲੈਂਡ ਆਏ ਰਮਿੰਦਰ ਸਿੰਘ ਨੇ ਹਾਸਪੀਟੈਲਿਟੀ ਦਾ ਡਿਪਲੋਮਾ ਕੀਤਾ ਸੀ। ਉਹ ਐਡਿਨਬਰਾ ਵਿਚ ਰੋਜ਼ਲੀਨ ਟੈਰੇਸ ਵਿਖੇ ਰਹਿੰਦਾ ਤੇ ਇਕ ਗੇਅ ਨਾਈਟ ਕਲੱਬ ਦੇ ਬਾਊਂਸਰ ਦਾ ਕੰਮ ਵੀ ਕਰਦਾ ਸੀ। ਪਤਾ ਲੱਗਾ ਹੈ ਕਿ ਉਹ ਜਲੰਧਰ ਸ਼ਹਿਰ ਵਿਚ ਰੈਸਟੋਰੈਂਟ ਚਲਾਉਂਦਾ ਹੈ। ਉਸ ਦੀ ਗ੍ਰਿਫਤਾਰੀ ਲਈ ਨਵੰਬਰ 2012 ਵਿਚ ਵਾਰੰਟ ਜਾਰੀ ਕੀਤੇ ਗਏ ਅਤੇ ਉਸ ਦਾ ਨਾਮ ਇੰਟਰਪੋਲ ਦੀ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿਚ ਦਰਜ ਹੈ। ਰਮਿੰਦਰ ਸਿੰਘ ਵੱਲੋਂ ਉਸ ਨੂੰ ਸਕਾਟਲੈਂਡ ਦੇ ਹਵਾਲੇ ਕੀਤੇ ਜਾਣ ਦੇ ਖਿਲਾਫ ਲਗਾਤਾਰ ਕੋਸ਼ਿਸ਼ ਜਾਰੀ ਹੈ। ਉਸ ਦੇ ਵਕੀਲ ਦਾ ਦਾਅਵਾ ਹੈ ਕਿ ਇਹ ਜਿਣਸੀ ਸਬੰਧ ਆਪਸੀ ਸਹਿਮਤੀ ਦਾ ਨਤੀਜਾ ਸਨ। ਰਮਿੰਦਰ ਨੂੰ 2015 ਵਿਚ ਪੱਛਮੀ ਦਿੱਲੀ ਵਿਚ ਅਲੀਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੇ ਉਹ ਕਿਸੇ ਨੂੰ ਮਿਲਣ ਗਿਆ ਸੀ।