ਬਲਾਤਕਾਰ ਕੇਸ ਸਾਬਤ ਨਾ ਹੋ ਸਕਿਆ ਤਾਂ ਕਾਨੂੰਨ ਬਦਲਣਾ ਪੈ ਗਿਆ


ਪੈਰਿਸ, 14 ਨਵੰਬਰ (ਪੋਸਟ ਬਿਊਰੋ)- ਫਰਾਂਸ ਵਿਚ ਬਲਾਤਕਾਰ ਦੇ ਇਕ ਕੇਸ ਦੀ ਸੁਣਵਾਈ ਮੌਕੇ ਕਾਨੂੰਨ ਬਦਲਣਾ ਪਿਆ। ਅਸਲ ਵਿਚ ਇਸ ਅਦਾਲਤ ਵਿਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਕੇਸ ਦੀ ਸੁਣਵਾਈ ਚੱਲ ਰਹੀ ਸੀ, ਜਿਸ ਵਿਚ ਦੋਸ਼ੀ ਵਿਅਕਤੀ ਨੇ ਸਾਬਤ ਕਰ ਦਿੱਤਾ ਕਿ ਜਿਨਸੀ ਸੰਬੰਧ ਦੋਵਾਂ ਦੀ ਸਹਿਮਤੀ ਨਾਲ ਬਣੇ ਹਨ। ਇਸ ਦੇ ਬਾਅਦ ਸਰਕਾਰੀ ਕਾਨੂੰਨੀ ਧਿਰ ਵੀ ਉਸ ਵਿਅਕਤੀ ਨੂੰ ਦੋਸ਼ੀ ਸਾਬਤ ਨਹੀਂ ਕਰ ਪਾਇਆ।
ਫਰਾਂਸ ਦੇ ਕਾਨੂੰਨ ਮੁਤਾਬਕ 15 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨਾਲ ਸੈਕਸ ਸੰਬੰਧ ਬਣਾਉਣਾ ਗੈਰ-ਕਾਨੂੰਨੀ ਹੈ, ਪਰ ਸਰਕਾਰੀ ਪੱਖ ਨੂੰ ਇਹ ਗੱਲ ਸਾਬਤ ਕਰਨੀ ਪੈਂਦੀ ਹੈ ਕਿ ਇਹ ਗੈਰ-ਸਹਿਮਤੀ ਨਾਲ ਬਣੇ ਸੰਬੰਧ ਸਨ। ਕਾਨੂੰਨੀ ਰੂਪ ਨਾਲ ਇਸ ਲਈ ਘੱਟੋ ਘੱਟ ਉਮਰ ਨਿਰਧਾਰਤ ਨਹੀਂ, ਜਿਸ ਤੋਂ ਇਹ ਮੰਨਿਆ ਜਾ ਸਕੇ ਕਿ ਨਾਬਾਲਗ ਸਹਿਮਤੀ ਨਹੀਂ ਦੇ ਸਕਦਾ। ਇਕੁਐਲਿਟੀ ਮਿਨਿਸਟਰ ਮਰਲਿਨ ਸਸ਼ਿਪਾ ਨੇ ਕਿਹਾ ਕਿ 13 ਤੋਂ 15 ਦੀ ਉਮਰ ਵਿਚਾਲੇ ਘੱਟੋ-ਘੱਟ ਉਮਰ ਹੱਦ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ 29 ਸਾਲਾ ਵਿਅਕਤੀ ਉੱਤੇ 11 ਸਾਲਾ ਨਾਬਾਲਗ ਕੁੜੀ ਨਾਲ ਪਾਰਕ ਵਿਚ ਬਲਾਤਕਾਰ ਕਰਨ ਦਾ ਦੋਸ਼ ਹੈ। ਉਸ ਵਿਅਕਤੀ ਨੂੰ ਜਿਊਰੀ ਨੇ ਦੋਸ਼ੀ ਪਾਇਆ, ਪਰ ਸਰਕਾਰੀ ਪੱਖ ਇਸ ਗੱਲ ਨੂੰ ਸਾਬਤ ਨਹੀਂ ਕਰ ਪਾਇਆ ਕਿ ਲੜਕੀ ਨੇ ਆਪਣੀ ਸਹਿਮਤੀ ਨਹੀਂ ਦਿੱਤੀ ਸੀ।
ਸਰਕਾਰੀ ਵਕੀਲ ਡੋਮਿਨੀ ਲਾਰੇਨ ਦੇ ਮੁਤਾਬਕ ਫ੍ਰੈਂਚ ਕਾਨੂੰਨ ਵਿਚ ਬਲਾਤਕਾਰ, ਧਮਕੀ, ਜਿਨਸੀ ਹਿੰਸਾ, ਕੁੱਟ-ਮਾਰ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇੱਕ ਫ੍ਰੈਂਚ ਅਖਬਾਰ ਦੇ ਮੁਤਾਬਕ ਇਹ ਘਟਨਾ ਸਾਲ 2009 ਦੀ ਹੈ, ਜਦੋਂ ਦੋਸ਼ੀ 22 ਸਾਲ ਦਾ ਸੀ। ਉਸ ਨੇ ਪਾਰਕ ਵਿਚ ਲੜਕੀ ਨਾਲ ਜਿਨਸੀ ਸੰਬੰਧ ਬਣਾਏ ਸਨ, ਜੋ ਸਹਿਮਤੀ ਨਾਲ ਬਣੇ ਸਨ। ਉਦੋਂ ਲੜਕੀ ਨੇ ਖੁਦ ਕਿਹਾ ਸੀ ਕਿ ਉਹ 14 ਸਾਲ ਦੀ ਹੈ ਅਤੇ ਜਲਦੀ ਹੀ 15 ਸਾਲ ਦੀ ਹੋ ਜਾਵੇਗੀ। ਲੜਕੇ ਦੇ ਪਰਿਵਾਰ ਨੂੰ ਬਾਅਦ ਵਿਚ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ। ਹੁਣ ਉਸ ਦਾ 7 ਸਾਲ ਦਾ ਬੱਚਾ ਫੋਸਟਰ ਕੇਅਰ ਵਿਚ ਹੈ