ਬਲਾਕ ਕਿਊਬਿਕੌਇਸ ਦੇ ਹੋਰ ਸਾਬਕਾ ਮੈਂਬਰ ਕੰਜ਼ਰਵੇਟਿਵ ਪਾਰਟੀ ਵਿੱਚ ਹੋਣਗੇ ਸ਼ਾਮਲ : ਸ਼ੀਅਰ

ਕਿਊਬਿਕ, 14 ਮਈ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਐਤਵਾਰ ਨੂੰ ਆਪਣੇ ਸਮਰਥਕਾਂ ਵਿੱਚ ਜੋਸ਼ ਭਰਦਿਆਂ ਆਖਿਆ ਕਿ ਬਲਾਕ ਕਿਊਬਿਕੌਇਸ ਦੇ ਹੋਰ ਸਾਬਕਾ ਮੈਂਬਰ ਵੀ ਜਲਦ ਹੀ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋਣਗੇ।
ਸੇਂਟ ਹੇਆਸਿੰਥੇ ਵਿੱਚ ਪਾਰਟੀ ਮੀਟਿੰਗ ਵਿੱਚ ਭਾਸ਼ਣ ਦਿੰਦਿਆਂ ਸ਼ੀਅਰ ਨੇ ਆਖਿਆ ਕਿ 400 ਹੋਰ ਸਮਰਥਕ ਹਨ ਜਿਹੜੇ ਨਵੇਂ ਮੈਂਬਰ ਬਣਨਾ ਚਾਹੁੰਦੇ ਹਨ। ਮਿਸਾਲ ਦਿੰਦਿਆਂ ਉਨ੍ਹਾਂ ਆਖਿਆ ਕਿ ਮਾਈਕਲ ਗੌਥੀਅਰ, ਜੋ ਕਿ ਬਲਾਕ ਕਿਊਬਿਕੌਇਸ ਦੇ ਸਾਬਕਾ ਆਗੂ ਸਨ, ਨੇ ਐਤਵਾਰ ਨੂੰ ਇਹ ਐਲਾਨ ਕੀਤਾ ਕਿ ਉਹ ਕਾਰਡ ਧਾਰਕ ਕੰਜ਼ਰਵੇਟਿਵ ਪਾਰਟੀ ਮੈਂਬਰ ਹਨ।
ਪੰਦਰਾਂ ਮਿੰਟ ਦੇ ਭਾਸ਼ਣ ਵਿੱਚ ਸ਼ੀਅਰ ਨੇ ਕਿਊਬਿਕ ਨੈਸ਼ਨਲਿਸਟਜ਼ ਤੇ ਫੈਡਰਲਿਸਟਜ਼ ਨੂੰ ਜ਼ੋਰ ਦੇ ਕੇ ਆਖਿਆ ਕਿ ਜਿਹੜੇ ਫੈਡਰਲ ਸਰਕਾਰ ਤੋਂ ਅੱਕ ਚੁੱਕੇ ਹਨ, ਜਿਹੜੇ ਜਸਟਿਨ ਟਰੂਡੋ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਉਹ ਸਾਡੇ ਕੋਲ ਆ ਜਾਣ। ਸਾਨੂੰ ਕੰਜ਼ਰਵੇਟਿਵ ਹੋਣ ਉੱਤੇ ਮਾਣ ਹੈ। ਅਸੀਂ ਆਪਣੇ ਇਸ ਵੱਡੇ ਪਰਿਵਾਰ ਵਿੱਚ ਹੋਰ ਜੀਆਂ ਨੂੰ ਵੀ ਹੱਸ ਕੇ ਸ਼ਾਮਲ ਕਰ ਸਕਦੇ ਹਾਂ।