ਬਲਾਕ ਐਜੂਕੇਸ਼ਨ ਅਫਸਰ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਫੜਿਆ

bribe
ਜਲੰਧਰ, 4 ਅਗਸਤ (ਪੋਸਟ ਬਿਊਰੋ)- ਵਿਜੀਲੈਂਸ ਵਿਭਾਗ ਨੇ ਨਕੋਦਰ ਦੀ ਇਕ ਈ ਟੀ ਟੀ ਅਧਿਆਪਕਾ ਵੱਲੋਂ ਦਿੱਤੀ ਸ਼ਿਕਾਇਤ ਉਤੇ ਕਾਰਵਾਈ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਨਕੋਦਰ-1 ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਜਲੰਧਰ ਦੇ ਡੀ ਐਸ ਪੀ ਵਿਜੀਲੈਂਸ ਅਸ਼ਵਨੀ ਕੁਮਾਰ ਨੇ ਦੱਸਿਆਅ ਕਿ ਸ੍ਰੀਮਤੀ ਇੰਦਰਜੀਤ ਕੌਰ ਈ ਟੀ ਟੀ ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ, ਰਾਏਪੁਰ ਬਘੇਲਾ, ਨਕੋਦਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਰੈਗੂਲਰ ਨਿਯੁਕਤੀ ਦੀ ਮਿਤੀ 1 ਅਪਰੈਲ 2011 ਹੈ। ਰੈਗੂਲਰ ਹੋਣ ਦੀ ਮਿਤੀ ਤੋਂ ਉਸ ਦਾ ਈ ਟੀ ਟੀ ਟੀਚਰ ਵਜੋਂ ਚਾਰ ਸਾਲ ਦਾ ਸਮਾਂ ਮਿਤੀ 1 ਅਪਰੈਲ 2015 ਨੂੰ ਪੂਰਾ ਹੋ ਚੁੱਕਾ ਹੈ, ਜਿਸ ਲਈ ਉਸ ਦੀ ਏ ਸੀ ਪੀ ਸਕੀਮ ਹੇਠ ਚਾਰ ਸਾਲਾ ਇੰਕਰੀਮੈਂਟ ਲੱਗਣੀ ਹੈ। ਇਸ ਸਕੀਮ ਦਾ ਲਾਭ ਦੇੇਣ ਲਈ ਐਜੂਕੇਸ਼ਨ ਸਕੱਤਰ ਸਕੂਲਜ਼ ਪੰਜਾਬ ਵੱਲੋਂ ਬਲਾਕ ਪੱਧਰ ਉੱਤੇ ਪਾਵਰਾਂ ਦਿੱਤੀਆਂ ਹੋਈਆਂ ਹਨ। ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ (ਬੀ ਪੀ ਈ ਓ) ਨਕੋਦਰ-1 ਅਮਰੀਕ ਸਿੰਘ ਇਸ ਬਲਾਕ ਨਕੋਦਰ ਅਧਿਕਾਰਤ ਸਿਗਨੇਟਰੀ ਹੋਣ ਕਰਕੇ ਸ਼ਿਕਾਇਤ ਕਰਤਾ ਉਸ ਨੂੰ ਕਈ ਵਾਰ ਮਿਲੀ, ਪਰ ਬੀ ਪੀ ਈ ਓ ਉਸ ਦਾ ਕੰਮ ਕਰਨ ਤੋਂ ਟਾਲਦਾ ਰਿਹਾ। ਜਦੋਂ ਉਹ 2 ਅਗਸਤ ਨੂੰ ਅਮਰੀਕ ਸਿੰਘ ਨੂੰ ਮਿਲੀ ਤਾਂ ਉਸ ਨੇ ਕੇਸ ਮਨਜ਼ੂਰ ਕਰਨ ਲਈ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ। ਇੰਦਰਜੀਤ ਕੌਰ ਵੱਲੋਂ ਮਿੰਨਤ ਕਰਨ ਉੱਤੇ ਉਹ 1500 ਰੁਪਏ ਲੈ ਕੇ ਕੰਮ ਕਰਨਾ ਮੰਨ ਗਿਆ, ਜਿਸ ‘ਤੇ ਬਲਾਕ ਪ੍ਰਾਇਮਰੀ ਅਫਸਰ ਨੂੰ 3 ਅਗਸਤ 2017 ਨੂੰ ਰਿਸ਼ਵਤ ਦੀ ਰਕਮ ਦੇਣ ਦਾ ਆਖ ਕੇ ਉਹ ਆ ਗਈ। ਡੀ ਐਸ ਪੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਿਲੀ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਮਨਦੀਪ ਸਿੰਘ ਵੱਲੋਂ ਇਕ ਟੀਮ ਬਣਾਈ ਗਈ, ਜਿਸ ਨੇ ਅਮਰੀਕ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।