ਬਲਰਾਜ ਧਾਲੀਵਾਲ ਦਾ ਗਜ਼ਲ-ਸੰਗ੍ਰਿਹ ‘ਦਿਲ ਕਹੇ` ਰਿਲੀਜ਼

Balraj Dhaliwal book releaseਬਰੈਂਪਟਨ/ 10 ਮਈ, ਪੋਸਟ ਬਿਉਰੋ: ਸ਼ਾਇਰ ਤੇ ਗਜ਼ਲਕਾਰ ਬਲਰਾਜ ਧਾਲੀਵਾਲ ਦਾ ਪਹਿਲਾ ਗਜ਼ਲ ਸੰਗ੍ਰਿਹ `ਦਿਲ ਕਹੇ` ਬੀਤੇ ਦਿਨੀਂ ਬਰੈਂਪਟਨ ਵਿੱਚ ਹੋਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਰਗਮ ਰੇਡੀਓ ਦੇ ਡਾ ਬਲਵਿੰਦਰ ਅਤੇ ਸੰਦੀਪ ਕੌਰ ਦੁਆਰਾ ਕਰਵਾਏ ਗਏ ਇਸ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇੱਕ ਨਵੇਂ ਗਜ਼ਲਕਾਰ ਵਜੋਂ ਇਸ ਕਿਤਾਬ ਰਾਹੀਂ ਬਲਰਾਜ ਧਾਲੀਵਾਲ ਦੀ ਇਹ ਕਾਫੀ ਪ੍ਰਭਾਵਸ਼ਾਲੀ ਆਮਦ ਹੈ। ਸਮਾਗਮ ਦੇ ਮੇਜ਼ਬਾਨ ਵਜੋਂ ਬੋਲਦਿਆਂ ਡਾ ਬਲਵਿੰਦਰ ਨੇ ਕਿਹਾ ਕਿ ਕਿਸੇ ਪੰਜਾਬੀ ਸ਼ਾਇਰੀ ਦੀ ਕਿਤਾਬ ਤੇ ਹੋਣ ਵਾਲੇ ਕਿਸੇ ਸਮਾਗਮ ਨੂੰ ਇਸ ਤਰਾਂ ਦਾ ਭਰਵਾਂ ਹੁੰਗਾਰਾ ਨਾ ਸਿਰਫ ਪੰਜਾਬੀ ਕਵਿਤਾ ਬਲਕਿ ਪੰਜਾਬੀ ਜ਼ੁਬਾਨ ਲਈ ਵੀ ਕਾਫੀ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਹੈ।

ਸਮਾਗਮ ਦੌਰਾਨ ਕਿਤਾਬ ਤੇ ਦੋ ਪਰਚੇ ਪੜ੍ਹੇ ਗਏ। ਸ਼ਾਇਰ ਭੁਪਿੰਦਰ ਦੁਲੇ ਨੇ ਆਪਣੇ ਪਰਚੇ ਵਿੱਚ ‘ਦਿਲ ਕਹੇ` ਕਿਤਾਬ ਦੀਆਂ ਗਜ਼ਲਾਂ ਦਾ ਅਧਿਐਨ ਪੇਸ਼ ਕਰਦਿਆਂ ਕਿਹਾ ਕਿ ਵਿਸ਼ੇ ਤੇ ਗਜ਼ਲ ਦੇ ਵਿਧੀ-ਵਿਧਾਨ ਪੱਖੋਂ ਇਹ ਗਜ਼ਲਾਂ ਇਕ ਸੰਭਾਵਨਾਵਾਂ ਵਾਲੇ ਗਜ਼ਲਕਾਰ ਨੂੰ ਸਾਹਮਣੇ ਲਿਆਉਂਦੀਆਂ ਹਨ। ਬਲਰਾਜ ਧਾਲੀਵਾਲ ਦੀ ਬੇੱਸ਼ੱਕ ਇਹ ਪਹਿਲੀ ਕਿਤਾਬ ਹੈ ਪਰ ਇਸ ਵਿੱਚ ਕਈ ਥਾਵਾਂ ਤੇ ਕਾਫੀ ਅਨੁਭਵ ਵਾਲੇ ਸ਼ਾਇਰ ਦੀਆਂ ਝਲਕਾਂ ਵੀ ਮਿਲਦੀਆਂ ਹਨ । ਉਨ੍ਹਾਂ ਕਿਹਾ ਕਿ ਗਜ਼ਲ ਇੱਕ ਅਜਿਹਾ ਕਾਵਿ-ਰੂਪ ਹੈ, ਜਿਹੜਾ ਬਿਨਾਂ ਰਸਮੀ ਅਗਵਾਈ ਜਾਂ ਵਿਧੀ-ਵਿਧਾਨ ਦੀ ਰਸਮੀ ਟਰੇਨਿੰਗ ਦੇ ਨਹੀਂ ਨਿਭਾਇਆ ਜਾ ਸਕਦਾ। ਇਸ ਦੇ ਕੁੱਝ ਨਿਯਮ ਹਨ, ਜਿਹੜੇ ਸਿੱਖਣੇ ਵੀ ਪੈਂਦੇ ਹਨ ਅਤੇ ਉਨ੍ਹਾਂ ਤੇ ਅਮਲ ਵੀ ਕਰਨਾ ਪੈਂਦਾ ਹੈ। ਬਲਰਾਜ ਦੀਆਂ ਗਜ਼ਲਾਂ ਤੋਂ ਇਹ ਜਾਪਦਾ ਹੈ ਕਿ ਉਸ ਨੂੰ ਗਜ਼ਲ ਦੇ ਕਾਵਿ-ਰੂਪ ਦੀਆਂ ਤਕਨੀਕੀ ਲੋੜਾਂ ਦਾ ਅਹਿਸਾਸ ਅਤੇ ਅਨੁਭਵ ਹੈ।

ਦੂਜਾ ਪਰਚਾ ਸ਼ਾਇਰ ਤੇ ਲੇਖਕ ਜਸਬੀਰ ਕਾਲਰਵੀ ਨੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਗਜ਼ਲਾਂ ਲਿਖਣ ਲਈ ਇੱਕ ਖਾਸ ਤਰਾਂ ਦੀ ਸੰਵੇਦਨਾ ਵੀ ਲੋੜੀਂਦੀ ਹੁੰਦੀ ਹੈ ਅਤੇ ਸ਼ਿਲਪ ਦੀ ਜਾਣਕਾਰੀ ਵੀ। ਇਸ ਕਰਕੇ ਗਜ਼ਲ ਨੂੰ ਨਿਭਾ ਸਕਣਾ ਕਿਸੇ ਵੀ ਨਵੇਂ ਸ਼ਾਇਰ ਲਈ ਚੁਣੌਤੀਪੂਰਨ ਕੰਮ ਹੁੰਦਾ ਹੈ। ਬਲਰਾਜ ਧਾਲੀਵਾਲ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਅਤੇ ਮੈਨੂੰ ਉਸਦੀਆਂ ਗਜ਼ਲਾਂ ਨੇ ਪ੍ਰਭਾਵਤ ਕੀਤਾ ਹੈ। ਉਨ੍ਹਾਂ ਕਿਹਾ ਕਿ ਗਜ਼ਲ ਇੱਕ ਅਜਿਹਾ ਰੂਪ ਹੈ, ਜਿਸ ਦਾ ਸਿੱਧਾ ਸੰਬੰਧ ਪੇਸ਼ਕਾਰੀ ਅਤੇ ਗਾਇਨ ਨਾਲ ਵੀ ਹੈ। ਬਹੁਤ ਸਾਰੀਆਂ ਗਜ਼ਲਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਅਸਲ ਤਾਕਤ ਗਾਇਨ ਨਾਲ ਹੀ ਸਾਹਮਣੇ ਆਉਂਦੀ ਹੈ। ਬਲਰਾਜ ਦੀਆਂ ਵੀ ਕਈ ਗਜ਼ਲਾਂ ਅਜਿਹੀਆਂ ਹਨ, ਜਿਨ੍ਹਾਂ ਦੀ ਤਾਕਤ ਗਾਇਨ ਮੌਕੇ ਹੀ ਪ੍ਰਗਟ ਹੋਵੇਗੀ।

ਇਕਬਾਲ ਮਾਹਲ ਹੋਰਾਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸਾਹਿਤ ਅਤੇ ਸ਼ਾਇਰੀ ਤੇ ਖੇਤਰ ਵਿੱਚ ਇੱਕ ਕਿਤਾਬ ਜ਼ਰੀਏ ਬਲਰਾਜ ਦੀ ਆਮਦ ਸੁਆਗਤਯੋਗ ਹੈ। ਪਹਿਲੀ ਕਿਤਾਬ ਵਿੱਚ ਜੇ ਕੋਈ ਕਮੀ ਪੇਸ਼ੀ ਹੋਵੇ, ਉਹ ਵੀ ਅਣਡਿੱਠ ਕੀਤੀ ਜਾਣੀ ਚਾਹੀਦੀ ਹੈ ਪਰ ਬਲਰਾਜ ਦੀ ਕਿਤਾਬ ਵਿੱਚ ਤਾਂ ਕੋਈ ਅਜਿਹੀ ਕਮੀ ਨਜ਼ਰ ਨਹੀਂ ਆ ਰਹੀ। ਡਾ ਸੋਲੋਮਨ ਨਾਜ਼ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਬਲਰਾਜ ਦੀ ਇਸ ਕਿਤਾਬ ਵਿਚਲੀਆਂ ਕੁੱਝ ਸਤਰਾਂ ਨੇ ਤਾਂ ਮੈਨੂੰ ਬਹੁਤ ਟੁੰਬਿਆ ਹੈ। ਬਲਰਾਜ ਅੰਦਰ ਸ਼ਾਇਰੀ ਹੈ ਅਤੇ ਉਸ ਕੋਲ ਗੱਲ ਕਹਿਣ ਦਾ ਅੰਦਾਜ਼ ਵੀ ਹੈ। ਇਸ ਕਿਤਾਬ ਨੂੰ ਖੁਸ਼ਆਮਦੀਦ ਕਹਿੰਦਿਆਂ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ।

ਆਪਣੇ ਸਾਹਿਤਕ ਸਫਰ ਬਾਰੇ ਗੱਲ ਕਰਦਿਆਂ ਬਲਰਾਜ ਧਾਲੀਵਾਲ ਨੇ ਕਿਹਾ ਕਿ ਕਿਤਾਬ ਛਪਵਾਉਣ ਦਾ ਸਬੱਬ ਭਾਵੇਂ ਹੁਣ ਬਣਿਆ ਹੈ ਪਰ ਕਵਿਤਾ ਲਿਖਣ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਸੀ, ਜਦੋਂ ਅਜੇ ਮੈਂ ਕਾਲਜ ਦਾ ਵਿਦਿਆਰਥੀ ਸਾਂ। ਉਨ੍ਹਾਂ ਦੱਸਿਆ ਕਿ ਪੰਜਾਬੀ ਗਜ਼ਲ ਦੀ ਅਹਿਮ ਹਸਤੀ ਪ੍ਰਿੰਸੀਪਲ ਤਖਤ ਸਿੰਘ ਉਨ੍ਹਾਂ ਦੀ ਪਹਿਲੀ ਪ੍ਰੇਰਨਾ ਸਨ। ਉਨ੍ਹਾਂ ਤੋਂ ਰਸਮੀ ਤੌਰ ਤੇ ਕੋਈ ਅਗਵਾਈ ਲੈਣ ਦਾ ਮੌਕਾ ਭਾਵੇਂ ਮੈਨੂੰ ਨਹੀਂ ਮਿਲਿਆ, ਪਰ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਮੈਂ ਬਹੁਤ ਕੁੱਝ ਸਿੱਖ ਲਿਆ।

ਸਮਾਗਮ ਦੇ ਆਖਰੀ ਹਿੱਸੇ ਵਿੱਚ ਇਕਬਾਲ ਬਰਾੜ ਅਤੇ ਸੰਨੀ ਸ਼ਿਵਰਾਜ ਦੁਆਰਾ ਬਲਰਾਜ ਦੀਆਂ ਗਜ਼ਲਾਂ ਦਾ ਗਾਇਨ ਕੀਤਾ ਗਿਆ।
ਸਮਾਗਮ ਦੇ ਮੇਜ਼ਬਾਨ ਡਾ ਬਲਵਿੰਦਰ ਦਾ ਕਹਿਣਾ ਸੀ ਕਿ ਇਸ ਸਮਾਗਮ ਦੌਰਾਨ ਉਨ੍ਹਾਂ ਨੇ ਦੋ ਤਿੰਨ ਨਵੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਮ ਪੰਜਾਬੀ ਸਮਾਗਮਾਂ ਦੇ ਉਲਟ ਅਸੀਂ ਕੋਈ ਪ੍ਰਧਾਨਗੀ ਮੰਡਲ ਨਹੀਂ ਰੱਖਿਆ ਅਤੇ ਪ੍ਰਧਾਨਗੀ ਮੰਡਲ ਤੋਂ ਬਿਨਾਂ ਵੀ ਸਮਾਗਮ ਬਹੁਤ ਵਧੀਆ ਚੱਲਿਆ। ਸਾਨੂੰ ਸਾਰਿਆਂ ਨੂੰ ਹੀ ਪ੍ਰਧਾਨਗੀ ਮੰਡਲ ਦੀ ਬੇਲੋੜੀ ਰਸਮ ਦਾ ਖਹਿੜਾ ਛੱਡਣਾ ਚਾਹੀਦਾ ਹੈ। ਦੂਜਾ ਅਸੀਂ ਸਮਾਗਮ ਨੂੰ ਦਿੱਤੇ ਗਏ ਸਮੇਂ ਤੇ ਸ਼ੁਰੂ ਕਰਨ ਅਤੇ ਮਿਥੇ ਸਮੇਂ ਤੇ ਸਮਾਪਤ ਕਰਨ ਦਾ ਇਰਾਦਾ ਕੀਤਾ ਸੀ ਅਤੇ ਇਸ ਵਿੱਚ ਵੀ ਅਸੀਂ ਕਾਮਯਾਬ ਹੋਏ। ਪੰਜਾਬੀ ਸਾਹਿਤਕ ਸਮਾਗਮਾਂ ਨਾਲ ਵੱਧ ਤੋਂ ਵੱਧ ਸਰੋਤਿਆਂ ਨੂੰ ਜੋੜਨ ਲਈ ਇਸ ਤਰਾਂ ਦੇ ਅਨੁਸਾਸ਼ਨ ਦੀ ਬਹੁਤ ਲੋੜ ਹੈ।
ਇਹ ਸਮਾਗਮ ਬਰੈਂਪਟਨ ਦੇ ਨੈਸ਼ਨਲ ਬੈਂਕਟ ਹਾਲ ਵਿੱਚ ਹੋਇਆ।