ਬਰੈਂਪਟਨ ਸਿਟੀ ਵੱਲੋਂ ਯੂਨੀਵਰਸਿਟੀ ਲਈ 150 ਮਿਲੀਅਨ ਨਿਵੇਸ਼ ਕਰਨ ਦਾ ਐਲਾਨ

04. Panel Photoਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਸਿਟੀ ਕਾਉਂਸਲ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਭੱਵਿਖ ਵਿੱਚ ਬਣਨ ਵਾਲੀ ਯੂਨੀਵਰਸਿਟੀ ਵਾਸਤੇ 150 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚ 100 ਮਿਲੀਅਨ ਡਾਲਰ ਇੱਕ ਅਜਿਹਾ ਕਮਿਊਨਿਟੀ ਸਥਾਨ ਨਿਰਮਾਣ ਕਰਨ ਉੱਤੇ ਖਰਚ ਕੀਤੇ ਜਾਣਗੇ ਜਿਸਨੂੰ ਇੱਕ ਨਵੀਂ ਲਾਇਬਰੇਰੀ, ਵਿਉਪਾਰਕ ਉੱਦਮ ਦਾ ਕੇਂਦਰ ਅਤੇ ਕਮਿਉਨਿਟੀ ਸੱਭਿਆਚਾਰਕ ਸਪੇਸ ਨਿਰਮਾਣ ਲਈ ਵਰਤਿਆ ਜਾਵੇਗਾ। ਅਗਲੇ ਦਸ ਵਿੱਚ 50 ਮਿਲੀਅਨ ਡਾਲਰ ਯੂਨੀਵਰਸਿਟੀ ਉੱਤੇ ਸਿੱਧੇ ਖਰਚੇ ਜਾਣਗੇ। ਮੇਅਰ ਲਿੰਡਾ ਜੈਫਰੀ ਨੇ ਇਸ ਫੈਸਲੇ ਨੂੰ ਲਾਮਿਸਾਲ ਦੱਸਦੇ ਹੋਏ ਇਸਨੂੰ ਇੱਕ ਹੌਸਲੇ ਵਾਲਾ ਵੱਡਾ ਕਦਮ ਕਰਾਰ ਦਿੱਤਾ ਹੈ।

ਬੇਸ਼ੱਕ ਹਾਲੇ ਤੱਕ ਬਰੈਂਪਟਨ ਸਿਟੀ ਅਤੇ ਪ੍ਰੋਵਿੰਸ ਵੱਲੋਂ ਹਾਲੇ ਤੱਕ ਯੂਨੀਵਰਸਿਟੀ ਦੇ ਸਥਾਨ ਬਾਰੇ ਖੁੱਲ ਕੇ ਐਲਾਨ ਨਹੀਂ ਕੀਤਾ ਗਿਆ ਪਰ ਕੱਲ ਦੇ ਪਰੈੱਸ ਰੀਲੀਜ਼ ਤੋਂ ਸਾਫ਼ ਜ਼ਾਹਰ ਹੈ ਕਿ ਇਹ ਡਾਊਨ ਟਾਊਨ ਵਿੱਚ ਜਾਂ ਇਸਦੇ ਇਰਦ ਗਿਰਦ ਹੋਵੇਗੀ। ਹਾਲੇ ਤੱਕ ਇਹ ਗੱਲ ਵੀ ਸਪੱਸ਼ਟ ਨਹੀਂ ਹੋਈ ਹੈ ਕਿ ਡਾਊਨ ਟਾਊਨ ਵਿੱਚ ਯੂਨੀਵਰਸਿਟੀ ਦੇ ਉਸਾਰੀ ਲਈ ਲੋੜੀਂਦੀ ਥਾਂ ਕਿੱਥੇ ਉਪਲਬਧ ਹੋ ਸਕੇਗੀ।

ਚੇਤੇ ਰਹੇ ਕਿ ਬਰੈਂਪਟਨ ਅਤੇ ਮਿਲਟਨ ਵਿੱਚ ਯੂਨੀਵਰਸਿਟੀਆਂ ਬਣਾਉਣ ਲਈ ਪ੍ਰੋਵਿੰਸ ਵੱਲੋਂ ਦੋਵਾਂ ਸ਼ਹਿਰਾਂ ਨੂੰ ਕੁੱਲ ਮਿਲਾ ਕੇ 180 ਮਿਲੀਅਨ ਡਾਲਰ ਦਿੱਤੇ ਜਾਣਗੇ। ਮਿਲਟਨ ਨੇ ਯੂਨੀਵਰਸਿਟੀ ਲਈ 150 ਏਕੜ ਨਿਰਧਾਰਤ ਰੱਖੇ ਹੋਏ ਹਨ ਜਦੋਂ ਕਿ ਬਰੈਂਪਟਨ ਨੇ ਹਾਲੇ ਇਸ ਬਾਰੇ ਕੋਈ ਐਲਾਨ ਕਰਨਾ ਹੈ।

ਸਿਟੀ ਵੱਲੋਂ ਜਾਰੀ ਪਰੈੱਸ ਰੀਲੀਜ਼ ਅਨੁਸਾਰ ਅੱਜ ਦੇ ਫੈਸਲੇ ਤੋਂ ਬਾਅਦ ਬਰੈਂਪਟਨ ਸਿਟੀ ਵੱਲੋਂ ਰਾਇਰਸਨ ਯੂਨੀਵਰਸਿਟੀ ਅਤੇ ਸ਼ੈਰੀਡਾਨ ਕਾਲਜ ਨਾਲ ਮੈਮੋਰੰਡਮ ਆਫ ਅੰਡਰਸਟੈਂਡਿੰਗ ਉੱੱਤੇ ਦਸਤਖਤ ਕਰਨ ਲਈ ਕਾਰਵਾਈ ਆਰੰਭੀ ਜਾਵੇਗੀ। ਮਿਲਟਨ ਵੱਲੋਂ ਵਿਲਫਰੈਡ ਲੌਰੀਏ ਯੂਨੀਵਰਸਿਟੀ ਨਾਲ ਅਜਿਹਾ ਮੈਮੋਰੰਡਮ ਆਫ ਅੰਡਰਸਟੈਂਡਿੰਗ 2008 ਵਿੱਚ ਸਹੀ ਕਰ ਲਿਆ ਗਿਆ ਸੀ।