ਬਰੈਂਪਟਨ ਸਿਟੀ ਕਰੇਗਾ ਪੰਜ ਸਿੱਖਾਂ ਦਾ ਸਨਮਾਨ

C9fT90kUAAAM2gHਬਰੈਂਪਟਨ, 19 ਅਪਰੈਲ (ਪੋਸਟ ਬਿਊਰੋ) : ਸਿੱਖ ਹੈਰੀਟੇਜ ਮੰਥ ਦੇ ਜਸ਼ਨਾਂ ਦੇ ਚੱਲਦਿਆਂ ਬਰੈਂਪਟਨ ਸਿਟੀ ਵੱਲੋਂ ਕਮਿਉਨਿਟੀ ਲਈ ਅਦੁੱਤੀਆਂ ਸੇਵਾਵਾਂ ਦੇਣ ਤੇ ਵਧੀਆ ਕੰਮ ਕਰਨ ਬਦਲੇ ਪੰਜ ਸਿੱਖਾਂ ਦਾ ਸਨਮਾਨ ਕੀਤਾ ਜਾਵੇਗਾ। ਸਿੱਖ ਹੈਰੀਟੇਜ ਮੰਥ ਦੌਰਾਨ ਐਵਾਰਡ ਸਮਾਰੋਹ ਮੰਗਲਵਾਰ 25 ਅਪਰੈਲ ਨੂੰ ਬਰੈਂਪਟਨ ਸਿਟੀ ਹਾਲ ਵਿੱਚ ਆਯੋਜਿਤ ਕੀਤਾ ਜਾਵੇਗਾ।
ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਖਿਆ ਕਿ ਅਪਰੈਲ ਦਾ ਮਹੀਨਾ ਓਨਟਾਰੀਓ ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾ ਰਿਹਾ ਹੈ ਤੇ ਬਰੈਂਪਟਨ ਸਿਟੀ ਸਿੱਖ ਕਮਿਊਨਿਟੀ ਵੱਲੋਂ ਪਾਏ ਯੋਗਦਾਨ ਦੇ ਬੜੇ ਮਾਨ ਨਾਲ ਜਸ਼ਨ ਮਨਾਉਣਾ ਚਾਹੁੰਦੀ ਹੈ। ਇਸ ਐਵਾਰਡ ਸਮਾਰੋਹ ਵਿੱਚ ਹਰ ਕੋਈ ਹਿੱਸਾ ਲੈ ਸਕੇਗਾ। ਇਸ ਸਾਲ ਬਾਸਕਟਬਾਲ ਖਿਡਾਰੀ ਮਨਵਿੰਦਰ ਸਿੰਘ ਸਹੋਤਾ ਦਾ ਸਨਮਾਨ ਕੀਤਾ ਜਾਵੇਗਾ। ਬਰੈਂਪਟਨ ਵਿੱਚ ਪਲੇ ਵੱਡੇ ਹੋਏ ਸਹੋਤਾ ਨੇ ਐਨਸੀਏਏ ਵੱਲੋਂ ਪੂਰੇ ਉੱਤਰੀ ਅਮਰੀਕਾ ਤੇ ਕੌਮਾਂਤਰੀ ਪੱਧਰ ਉੱਤੇ ਆਪਣੀ ਖੇਡ ਦਾ ਜਲਵਾ ਵਿਖਾਇਆ। ਇਨ੍ਹਾਂ ਗਰਮੀਆਂ ਵਿੱਚ ਉਹ ਯੂਥ ਡਿਵੈਲਪਮੈਂਟ ਪ੍ਰੋਗਰਾਮ ਜਿਸ ਨੂੰ ਜੋਰ ਬਾਸਕਟਬਾਲ ਆਖਿਆ ਜਾਂਦਾ ਹੈ, ਲਾਂਚ ਕਰੇਗਾ।
ਅਪਾਹਜਾਂ ਦੇ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਹਰਵਿੰਦਰ ਕੌਰ ਬਾਜਵਾ ਦਾ ਵੀ ਇਸ ਮੌਕੇ ਸਨਮਾਨ ਕੀਤਾ ਜਾਵੇਗਾ। ਬਾਜਵਾ ਬਹੁਤ ਕਮਾਲ ਦੀ ਫੰਡਰੇਜ਼ਰ ਹੈ ਤੇ ਉਹ ਕੈਨੇਡੀਅਨ ਸਾਊਥ ਏਸ਼ੀਅਨਜ਼ ਸਪੋਰਟਿੰਗ ਇੰਡੀਪੈਂਡੈਂਟ ਲਿਵਿੰਗ (ਸੀਐਸਏਐਸਆਈਐਲ) ਦੀ ਬਾਨੀ ਵੀ ਹੈ। ਇਹ ਸੰਸਥਾ ਗੈਰ ਮੁਨਾਫੇ ਵਾਲੀ ਸੰਸਥਾ ਹੈ ਤੇ ਅਜਿਹੇ ਲੋਕਾਂ ਵੱਲੋਂ ਚਲਾਈ ਜਾਂਦੀ ਹੈ ਜਿਹੜੇ ਅਪਾਹਜਾਂ ਦੇ ਅਧਿਕਾਰਾਂ ਲਈ ਲੜਦੇ ਹਨ।
ਕੈਨੇਡੀਅਨ ਪੰਜਾਬੀ ਐਕਟਰ ਤੇ ਕਾਮੇਡੀਅਨ ਰੂਪਨ ਸਿੰਘ ਬੱਲ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਬੱਲ ਨੂੰ ਉਸ ਸਮੇਂ ਮਸ਼ਹੂਰੀ ਮਿਲੀ ਜਦੋਂ ਉਸ ਦੇ ਸਾਥੀ ਕੈਨੇਡੀਅਨ ਪੰਜਾਬੀ ਕਾਮੇਡੀਅਨ ਤੇ ਯੂ ਟਿਊਬਰ ਜੱਸ ਰੇਨ ਨੇ ਉਸ ਨਾਲ ਕਾਮੇਡੀ ਭੂਮਿਕਾਵਾਂ ਕੀਤੀਆਂ। ਉਸ ਨੇ ਬਰੈਂਪਟਨ ਤੇ ਕੌਮਾਂਤਰੀ ਪੱਧਰ ਉੱਤੇ ਐਕਟਿੰਗ ਤੇ ਡਾਇਰੈਕਟਿੰਗ ਦੇ ਖੇਤਰ ਵਿੱਚ ਕਾਫੀ ਮੱਲਾ ਮਾਰੀਆਂ ਹਨ।
ਬਰੈਂਪਟਨ ਵਾਸੀ ਬਿਕ੍ਰਮਜੀਤ ਸਿੰਘ ਗਿੱਲ ਨੇ ਆਪਣੇ ਕਰੀਅਰ ਦੀ ਸੁ਼ਰੂਆਤ ਇੰਡੀਆਨਾ ਵਿੱਚ ਬਾਲ ਸਟੇਟ ਯੂਨੀਵਰਸਿਟੀ ਤੋਂ ਡਵੀਜ਼ਨ 1 ਐਨਸੀਏਏ ਖੇਡਣ ਨਾਲ ਕੀਤੀ। ਇਸ ਸਮੇਂ ਉਹ ਕੌਮਾਂਤਰੀ ਪੱਧਰ ਉੱਤੇ ਨਾਮਣਾ ਖੱਟ ਰਿਹਾ ਹੈ ਤੇ ਜਪਾਨ ਦੀ ਪ੍ਰੋਫੈਸ਼ਨਲ ਲੀਗ ਵਿੱਚ ਬਰੈਂਪਟਨ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਮੌਕੇ ਬਿਕ੍ਰਮਜੀਤ ਦਾ ਵੀ ਸਨਮਾਨ ਕੀਤਾ ਜਾਵੇਗਾ। ਅਵਤਾਰ ਔਜਲਾ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਉਹ ਬਰੈਂਪਟਨ ਦੇ ਪਹਿਲੇ ਸਾਊਥ ਏਸੀਅਨ ਸਿਟੀ ਕਾਉਂਸਲਰ ਹਨ ਜਿਨ੍ਹਾਂ ਨੇ 2000 ਤੋਂ 2003 ਤੱਕ ਸੇਵਾ ਨਿਭਾਈ।