ਬਰੈਂਪਟਨ ਵੈਸਟ ਨੌਮੀਨੇਸ਼ਨ ਜੇਤੂ ਅਮਰਜੋਤ ਸੰਧੂ ਵੱਲੋਂ ਸਮਰੱਥਕਾਂ ਦਾ ਧੰਨਵਾਦ

Amarjot Sandhuਬਰੈਂਪਟਨ ਪੋਸਟ ਬਿਉਰੋ: ਉਂਟੇਰੀਓ ਦੀਆਂ 2018 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਚੁਣਨ ਲਈ ਬੀਤੇ ਦਿਨੀਂ ਚੋਣ ਹੋਈ ਜਿਸ ਵਿੱਚ ਨੌਜਵਾਨ ਅਮਰਜੋਤ ਸਿੰਘ ਸੰਧੂ ਦੀ ਜਿੱਤ ਹੋਈ। ਇਸ ਨੌਮੀਨੇਸ਼ਨ ਚੋਣ ਵਿੱਚ ਅਮਰਜੋਤ ਸੰਧੂ, ਰਣਦੀਪ ਸੰਧੂ ਅਤੇ ਜਰਮੇਨ ਚੈਂਬਰਜ਼ ਦਰਮਿਆਨ ਤ੍ਰਿਕੋਣਾ ਮੁਕਾਬਲਾ ਸੀ। ਅਮਰਜੋਤ ਸੰਧੂ ਨੇ ਪਹਿਲੇ ਗੇੜ ਵਿੱਚ ਹੀ 50% ਤੋਂ 1 ਵੋਟ ਵੱਧ ਹਾਸਲ ਕਰ ਲਈ ਜਿਸ ਬਦੌਲਤ ਉਸਨੂੰ ਜੇਤੂ ਕਰਾਰ ਦੇ ਦਿੱਤਾ ਗਿਆ।

ਪੰਜਾਬੀ ਪੋਸਟ ਨਾਲ ਗੱਲਬਾਤ ਕਰਦੇ ਹੋਏ ਅਮਰਜੋਤ ਸੰਧੂ ਨੇ ਆਪਣੀ ਸਫ਼ਲਤਾ ਲਈ ਪਾਰਟੀ ਮੈਂਬਰਾਂ, ਵਾਲੰਟੀਅਰਾਂ ਅਤੇ ਸਮਰੱਥਕਾਂ ਦਾ ਧੰਨਵਾਦ ਕੀਤਾ। ਉਸਨੇ ਨੌਮੀਨੇਸ਼ਨ ਚੋਣ ਵਿੱਚ ਦੂਜੇ ਉਮੀਦਵਾਰਾਂ ਵੱਲੋਂ ਹਾਂ ਪੱਖੀ ਚੋਣ ਮੁਹਿੰਮ ਚਲਾਉਣ ਲਈ ਵੀ ਧੰਨਵਾਦ ਕੀਤਾ ਅਤੇ ਆਖਿਆ ਕਿ ਹੁਣ ਲੜਾਈ ਲਿਬਰਲ ਸਰਕਾਰ ਨੂੰ ਹਟਾ ਕੇ ਕੰਜ਼ਰਵੇਟਿਵ ਲੀਡਰ ਪੈਟਰਿਕ ਬਰਾਊਨ ਦੇ ਹੱਥ ਮਜ਼ਬੂਤ ਕਰਨ ਲਈ ਹੈ ਜਿਸ ਵਾਸਤੇ ਸਮੂਹ ਕੰਜ਼ਰਵੇਟਿਵ ਮਿਲ ਜੁਲ ਕੇ ਕੰਮ ਕਰਨਗੇ। ਅਮਰਜੋਤ ਨੇ ਸੀਨੀਅਰ ਕੰਜ਼ਰਵੇਟਿਵ ਆਗੂ ਗੁਰਦੇਵ ਸਿੰਘ ਗਿੱਲ ਦਾ ਦਿੱਤੀ ਸਲਾਹ ਅਤੇ ਮਸ਼ਵਰੇ ਲਈ ਧੰਨਵਾਦ ਕੀਤਾ।