ਬਰੈਂਪਟਨ ਵਿੱਚ ਚੱਲੀ ਗੋਲੀ, ਦੋ ਗੰਭੀਰ ਜ਼ਖ਼ਮੀ

ਬਰੈਂਪਟਨ, 13 ਅਪਰੈਲ (ਪੋਸਟ ਬਿਊਰੋ) : ਪੀਲ ਪੁਲਿਸ ਇੱਕ ਮਸ਼ਕੂਕ ਦੀ ਭਾਲ ਕਰ ਰਹੀ ਹੈ ਜਿਸ ਕਾਰਨ ਵੀਰਵਾਰ ਰਾਤ ਨੂੰ ਬਰੈਂਪਟਨ ਦੇ ਇੱਕ ਘਰ ਵਿੱਚ ਦੋ ਵਿਅਕਤੀ ਗੰਭੀਰ ਨਾਜ਼ੁਕ ਹਾਲਤ ਵਿੱਚ ਪਾਏ ਗਏ।
ਕੌਂਸਟੇਬਲ ਬੈਂਕ੍ਰੌਫਟ ਰਾਈਟ ਨੇ ਆਖਿਆ ਕਿ ਪੁਲਿਸ ਨੂੰ ਕਲੇਮੈਂਟਾਈਨ ਡਰੇਲ ਤੇ ਪਰਗੋਲਾ ਵੇਅ ਇਲਾਕੇ ਵਿੱਚ ਰਾਤੀਂ 8:30 ਵਜੇ ਦੇ ਨੇੜੇ ਤੇੜੇ ਸੱਦਿਆ ਗਿਆ। ਉਨ੍ਹਾਂ ਆਖਿਆ ਕਿ ਗੋਲੀ ਚੱਲਣ ਤੋਂ ਪਹਿਲਾਂ ਇੱਕ ਵਿਅਕਤੀ ਘਰ ਵਿੱਚ ਦਾਖਲ ਹੋਇਆ। ਜਦੋਂ ਐਮਰਜੰਸੀ ਸਰਵਿਸ ਮੌਕੇ ਉੱਤੇ ਪਹੁੰਚੀ ਤਾਂ ਉਨ੍ਹਾਂ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਪਏ ਦੋ ਵਿਅਕਤੀ ਮਿਲੇ। ਇੱਕ ਵਿਅਕਤੀ ਜੋ ਕਿ ਆਪਣੇ 60ਵਿਆਂ ਵਿੱਚ ਸੀ ਤੇ ਇੱਕ ਔਰਤ ਜੋ ਕਿ ਆਪਣੇ 40ਵਿਆਂ ਵਿੱਚ ਸੀ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਸਨ।
ਰਾਈਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਘਰ ਵਿੱਚ ਪੰਜ ਲੋਕਾਂ ਦਾ ਟੱਬਰ ਰਹਿੰਦਾ ਹੈ ਜਿਨ੍ਹਾਂ ਵਿੱਚ ਦੋ ਬੱਚੇ ਵੀ ਹਨ ਤੇ ਉਹ ਸਾਰੇ ਉਦੋਂ ਘਰ ਵਿੱਚ ਹੀ ਮੌਜੂਦ ਸਨ ਜਦੋਂ ਗੋਲੀਆਂ ਚੱਲੀਆਂ। ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇਹ ਗੋਲੀਕਾਂਡ ਵੱਖਰੀ ਕਿਸਮ ਦਾ ਮਾਮਲਾ ਹੈ ਤੇ ਮਸ਼ਕੂਕ ਘਰ ਵਿੱਚੋਂ ਹੀ ਕਿਸੇ ਜੀਅ ਦਾ ਵਾਕਫ ਸੀ। ਬਰੈਂਪਟਨ ਦੇ ਹੀ ਇੱਕ 41 ਸਾਲਾ ਵਿਅਕਤੀ ਨੂੰ ਸਵੇਰੇ 2:00 ਵਜੇ ਤੋਂ ਠੀਕ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਉਸ ਉੱਤੇ ਕਤਲ ਕਰਨ ਦੀ ਕੋਸਿ਼ਸ਼ ਕਰਨ, ਗੁੱਸੇ ਵਿੱਚ ਆ ਕੇ ਹਮਲਾ ਕਰਨ ਤੇ ਹਥਿਆਰਾਂ ਨਾਲ ਸਬੰਧਤ ਕਈ ਹੋਰ ਚਾਰਜਿਜ਼ ਦਰਜ ਕੀਤੇ ਗਏ ਹਨ। ਪੁਲਿਸ ਨੇ ਅਜੇ ਤੱਕ ਮਸ਼ਕੂਕ ਦੀ ਪਛਾਣ ਜਾਰੀ ਨਹੀਂ ਕੀਤੀ ਹੈ।