ਬਰੈਂਪਟਨ ਵਿੱਚ ਊਬਰ ਤੇ ਹੋਰਨਾਂ ਰਾਈਡਸ਼ੇਅਰਿੰਗ ਕੰਪਨੀਆਂ ਨੂੰ ਮਿਲੀ ਕਾਨੂੰਨੀ ਮਾਨਤਾ


ਬਰੈਂਪਟਨ, 8 ਜੁਲਾਈ (ਪੋਸਟ ਬਿਊਰੋ) : ਊਬਰ ਤੇ ਲਿਫਟ ਵਰਗੀਆਂ ਰਾਈਡਸ਼ੇਅਰਿੰਗ ਕੰਪਨੀਆਂ ਹੁਣ ਕਾਨੂੰਨੀ ਤੌਰ ਉੱਤੇ ਬਰੈਂਪਟਨ ਵਿੱਚ ਆਪਰੇਟ ਕਰ ਸਕਣਗੀਆਂ। ਜਿ਼ਕਰਯੋਗ ਹੈ ਕਿ ਸਿਟੀ ਕਾਉਂਸਲ ਵੱਲੋਂ ਦੋ ਸਾਲਾਂ ਤੋਂ ਵੀ ਵੱਧ ਸਮੇਂ ਤੱਕ ਇਨ੍ਹਾਂ ਦੇ ਆਪਰੇਸ਼ਨ ਨੂੰ ਸਸਪੈਂਡ ਕਰਕੇ ਰੱਖਿਆ ਗਿਆ ਸੀ।
27 ਜੂਨ ਨੂੰ ਹੋਈ ਕਾਉਂਸਲ ਦੀ ਮੀਟਿੰਗ ਵਿੱਚ ਮੋਬਾਈਲ ਲਾਇਸੰਸਿੰਗ ਬਾਇਲਾਅ ਵਿੱਚ ਸੋਧ ਕੀਤੀ ਗਈ ਤੇ ਨਵੀਂ ਪਰਸਨਲ ਟਰਾਂਸਪੋਰਟੇਸ਼ਨ ਕੰਪਨੀ (ਪੀਟੀਸੀ) ਵੈਹੀਕਲ ਲਾਇਸੰਸ ਕੈਟੇਗਰੀ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ। ਇਸ ਨਾਲ ਹੁਣ ਰਾਈਡਸ਼ੇਅਰਿੰਗ ਕੰਪਨੀਆਂ ਸਿਟੀ ਵਿੱਚ ਆਪਣਾ ਕੰਮ ਜਾਰੀ ਰੱਖ ਸਕਣਗੀਆਂ।
ਇਸ ਨਵੇਂ ਬਾਇਲਾਅ ਤਹਿਤ ਪੀਟੀਸੀ ਨੂੰ ਸਾਲ ਦੀ 20,000 ਡਾਲਰ ਲਾਇਸੰਸਿੰਗ ਫੀਸ ਅਦਾ ਕਰਨੀ ਹੋਵੇਗੀ ਤੇ ਹਰ ਰਾਈਡ ਪਿੱਛੇ 30 ਸੈਂਟ ਸਿਟੀ ਨੂੰ ਦੇਣੇ ਹੋਣਗੇ। ਪੀਟੀਸੀ ਤਹਿਤ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਾਰੀਆਂ ਗੱਡੀਆਂ ਬਾਇਲਾਅ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀਆਂ ਹੋਣ, ਡਰਾਈਵਰ ਤੇ ਗੱਡੀ ਦੀ ਸਾਰੀ ਜਾਣਕਾਰੀ ਇੱਕਠੀ ਕੀਤੀ ਜਾਵੇ, ਰਿਕਾਰਡ ਚੈੱਕ ਕੀਤਾ ਜਾਵੇ ਤੇ ਸਾਰੇ ਡਰਾਈਵਰਾਂ ਦਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾਵੇ।
ਮੇਅਰ ਲਿੰਡਾ ਜੈਫਰੀ ਨੇ ਆਖਿਆ ਕਿ ਬਰੈਂਪਟਨ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਸਾਡੇ ਸਥਾਨਕ ਬਸਿ਼ੰਦਿਆਂ ਵੱਲੋਂ ਵਧੇਰੇ ਫਲੈਕਸੀਬਲ ਟਰਾਂਸਪੋਰਟੇਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਉਹ ਸਹਿਜ ਨਾਲ ਸਿਟੀ ਵਿੱਚ ਤੇ ਆਲੇ ਦੁਆਲੇ ਘੁੰਮ ਸਕਣ। 2016 ਵਿੱਚ ਕਾਉਂਸਲ ਨੇ ਊਬਰ ਤੇ ਹੋਰ ਰਾਈਡਸੇ਼ਅਰਿੰਗ ਕੰਪਨੀਆਂ ਦੇ ਕੰਮਕਾਜ ਨੂੰ ਇਸ ਲਈ ਸਸਪੈਂਡ ਕਰ ਦਿੱਤਾ ਸੀ ਤਾਂ ਕਿ ਮਿਊਂਸਪੈਲਿਟੀ ਨੂੰ ਨਵੇਂ ਰੈਗੂਲੇਸ਼ਨਜ਼ ਤਿਆਰ ਕਰਨ ਲਈ ਸਮਾਂ ਮਿਲ ਸਕੇ।