ਬਰੈਂਪਟਨ ਲਈ ਹਸਪਤਾਲ ਤੇ ਇੰਸ਼ੋਰੈਂਸ ਘਟਾਉਣਾ ਹੋਵੇਗੀ ਸਾਡੀ ਪਹਿਲ: ਐਡ੍ਰੀਆ ਹੋਰਵਥ

ਬਰੈਪਟਨ, 5 ਜੂਨ (ਪੋਸਟ ਬਿਊਰੋ)- ਕੱਲ੍ਹ ਓਂਟਾਰੀਓ ਦੀ ਐਨਡੀਪੀ ਪਾਰਟੀ ਲੀਡਰ ਐਡ੍ਰੀਆ ਹੋਰਵਥ ਵਲੋਂ ਕੈਨੇਡੀਅਨ ਪੰਜਾਬੀ ਬਰਾਡਕਾਸਟਰਜ ਐਸੋਸੀਏਸ਼ਨ ਨਾਲ ਇਕ ਗੋਲ ਮੇਜ ਵਾਰਤਾ ਰਚਾਈ ਗਈ। ਇਸ ਗੱਲਬਾਤ ਦੌਰਾਨ ਉੁਨ੍ਹਾਂ ਸਰਕਾਰ ਬਣਨ `ਤੇ ਵੱਖ ਵੱਖ ਮਸਲਿਆਂ ਨੂੰ ਤਰਜੀਹ ਦੇ ਆਧਾਰ ਉਤੇ ਹੱਲ ਕਰਨ ਲਈ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ `ਤੇ ਸਾਡਾ ਸਭ ਤੋਂ ਪਹਿਲਾ ਕੰਮ 15 ਫੀਸਦੀ ਇੰਸ਼ੋਰੈਂਸ ਘਟਾਉਣ ਦਾ ਹੋਵੇਗਾ, ਜਿਹੜੀ ਕਿ ਬਰਂੈਪਟਨ ਨਿਵਾਸੀਆਂ ਦੀ ਬੜੇ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਹੈ। ਉਨ੍ਹਾਂ ਕਿਹਾ ਮੈਂ ਪੋਸਟਲ ਕੋਡ ਦੀ ਬੰਦਿਸ਼ ਖਤਮ ਕਰਕੇ ਪੂਰੇ ਓਂਟਾਰੀਓ ਲਈ ਇਕਸਾਰ ਇੰਸ਼ੋਰੈਂਸ ਨੀਤੀ ਲਾਗੂ ਕਰਾਂਗੀ। ਇਸੇ ਤਰ੍ਹਾਂ ਉਨ੍ਹਾਂ ਬਰੈਂਪਟਨ ਦੇ ਸਿਹਤ ਸੇਵਾਵਾਂ ਵਿਚ ਸੁਧਾਰ ਲਿਆਉਣ ਲਈ ਤੀਜਾ ਹਸਪਤਾਲ ਬਣਾਉਣ ਲਈ ਆਪਣੀ ਦ੍ਰਿੜਤਾ ਦੁਹਰਾਈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਬਰੈਂਪਟਨ ਵਿਚ ਸਿਹਤ ਸੇਵਾਵਾਂ ਪੂਰੇ ਮੁਲਕ ਦੇ ਸ਼ਹਿਰਾਂ ਨਾਲੋਂ ਬਦਤਰ ਹਨ। ਜਿਨ੍ਹਾਂ ਵਿਚ ਸੁਧਾਰ ਦੀ ਮੰਗ ਸਮੇ ਦੀ ਪ੍ਰਮੁੱਖ ਲੋੜ ਹੈ। ਇਸੇ ਤਰ੍ਹਾਂ ਉਨ੍ਹਾਂ ਸਿੱਖ ਮੋਟਰਸਾਈਕਲ ਕਲੱਬ ਦੀ ਮੰਗ ਨੂੰ ਵੀ ਪਹਿਲ ਦੇ ਆਧਾਰ ਉਤੇ ਹੱਲ ਕਰਨ ਲਈ ਆਪਣੀ ਵਚਨਵੱਧਤਾ ਦ੍ਰਿੜਾਈ। ਘੱਟ ਗਿਣਤੀ ਸਰਕਾਰ ਬਣਨ ਉਤੇ ਉਹ ਕਿਸ ਨਾਲ ਗੱਠਜੋੜ ਕਰਨਗੇ। ੜਾਰ-ਵਾਰ ਪੁੱਛੇ ਜਾਣ ਉਤੇ ਵੀ ਉਨ੍ਹਾਂ ਆਪਣੇ ਪੱਤੇ ਨਹੀ ਖੋਲੇ। ਇਸੇ ਤਰ੍ਹਾਂ ਹੀ ਉਨ੍ਹਾਂ ਓਟਾਰੀਓ ਦੀ ਆਰਥਿਕਤਾ ਅਤੇ ਰੁਜ਼ਗਾਰ ਨੂੰ ਵਧਾਉਣ, ਬਿਜਲੀ ਦੇ ਬਿਲ ਘੱਟ ਕਰਨ ਅਤੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਹੋਰ ਵਾਅਦਿਆਂ ਦਾ ਵੀ ਜਿ਼ਕਰ ਕੀਤਾ। ਇਸ ਮੀਟਿੰਗ ਵਿਚ ਕਲੱਬ ਦੇ ਪ੍ਰਧਾਨ ਹਰਜਿੰਦਰ ਗਿੱਲ ਨੇ ਲਗਭਗ ਸੰਸਥਾ ਨਾਲ ਜੁੜੇ 25 ਮੀਡੀਆਕਾਰਾਂ ਦਾ ਤਾਰੂਫ ਕਰਵਾਇਆ ਤੇ ਐਡ੍ਰੀਆ ਹੋਰਵਥ ਨੂੰ ਜੀ ਆਇਆਂ ਆਖਿਆ। ਅੰਤ ਵਿਚ ਮਨਨ ਗੁਪਤਾ ਵਲੋਂ ਐਨਡੀਪੀ ਦੀ ਨੇਤਾ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਪ੍ਰੀਮੀਅਰ ਬਣਨ ਤੋਂ ਬਾਅਦ ਵੀ ਸਾਡੇ ਇਸ ਗਰੁੱਪ ਨੂੰ ਸਮਾਂ ਦੇਣਾ ਨਾ ਭੁੱਲਣਾ। ਇਸ ਮੌਕੇ `ਤੇ ਸਾਰੇ ਮੀਡੀਆਕਾਰਾਂ ਵਲੋਂ ਬਿੱਲਾ ਸਿੱਧੂ, ਗੁਰਵੀਰ ਤੇ ਗੌਰਵ ਦਾ ਸਪ੍ਰੈਂਜ਼ਾ ਬੈਕੁਇਟ ਹਾਲ ਮੁਹੱਈਆ ਕਰਨ ਉਤੇ ਵੀ ਧੰਨਵਾਦ ਕੀਤਾ ਗਿਆ।