ਬਰੈਂਪਟਨ ਯੂਨੀਵਰਸਿਟੀ: ਵਿੱਦਿਆ ਦਾ ਕੇਂਦਰ ਜਾਂ ਸਿਆਸੀ ਪੂਰਤੀ

04. Panel Photoਅਕਤੂਬਰ 2016 ਵਿੱਚ ਵਿੱਤ ਮੰਤਰੀ ਚਾਰਲਸ ਸੂਸਾ ਨੇ ਬਰੈਂਪਟਨ ਅਤੇ ਮਿਲਟਨ ਦਾ ਇੱਕੋ ਦਿਨ ਦੌਰਾ ਕੀਤਾ ਸੀ ਜਿਸ ਦੌਰਾਨ ਉਸਨੇ ਦੋਵਾਂ ਸ਼ਹਿਰਾਂ ਵਿੱਚ ਯੂਨੀਵਰਸਿਟੀਆਂ ਬਣਾਉਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਦੋ ਯੂਨੀਵਰਸਿਟੀਆਂ ਬਣਾਉਣ ਲਈ ਪ੍ਰੋਵਿੰਸ ਵੱਲੋਂ ਕੁੱਲ 180 ਮਿਲੀਅਨ ਡਾਲਰ ਇਸ ਉਦੇਸ਼ ਵਾਸਤੇ ਦਿੱਤੇ ਜਾਣਗੇ। ਮੁੱਢਲੇ ਦਿਨਾਂ ਵਿੱਚ ਤਾਂ ਬਰੈਂਪਟਨ ਕਾਉਂਸਲ ਨੇ ਇਸ ਫੈਸਲੇ ਦਾ ਐਨੇ ਜ਼ੋਰ ਨਾਲ ਸੁਆਗਤ ਕੀਤਾ ਕਿ ਵਿਚਾਰਿਆਂ ਨੂੰ ਖਿਆਲ ਹੀ ਭੁੱਲ ਗਿਆ ਕਿ 180 ਮਿਲੀਅਨ ਡਾਲਰਾਂ ਵਿੱਚੋਂ ਬਰੈਂਪਟਨ ਦੇ ਹਿੱਸੇ ਕਿੰਨੇ ਆਉਣਗੇ, ਕੁੱਲ ਖਰਚਾ ਕਿੰਨਾ ਹੋਵੇਗਾ ਅਤੇ ਬਾਕੀ ਦੇ ਪੈਸੇ ਕਿੱਥੋਂ ਆਉਣਗੇ। ਖੈਰ ਜਿਸ ਵੇਲੇ ਐਲਾਨਾਂ ਦੀ ਧੂੜ ਥੋੜੀ ਮੱਧਮ ਪਈ ਤਾਂ ਮੇਅਰ ਲਿੰਡਾ ਜੈਫਰੀ ਤੋਂ ਲੈ ਕੇ ਸਿਟੀ ਦੇ ਉੱਚ ਅਧਿਕਾਰੀ ਚਿੰਤਤ ਹੋਏ। ਉਹਨਾਂ ਦਾ ਚਿੰਤਤ ਹੋਣਾ ਸੁਭਾਵਿਕ ਵੀ ਸੀ ਕਿਉਂਕਿ ਬਰੈਂਪਟਨ ਕੋਲ ਵਾਅਦਿਆਂ ਅਤੇ ਦਾਅਵਿਆਂ ਦੀ ਵੱਡੀ ਪੰਡ ਹੈ ਜਦੋਂ ਕਿ ਮਿਲਟਨ ਕੋਲ ਇੱਕ ਠੋਸ ਯੋਜਨਾ ਹੈ।

2016 ਵਿੱਚ ਬਰੈਂਪਟਨ ਦੀ ਜਨਸੰਖਿਆ 6 ਲੱਖ (ਅਸਲ ਵਿੱਚ 5 ਲੱਖ 93 ਹਜ਼ਾਰ) ਦੇ ਮੁਕਾਬਲੇ ਮਿਲਟਨ ਦੀ ਵੱਸੋਂ ਮਹਿਜ਼ 1 ਲੱਖ ਦਸ ਹਜ਼ਾਰ ਹੈ ਭਾਵ ਤਕਰੀਬਨ ਛੇ ਗੁਣਾ ਘੱਟ। ਇਸ ਨਿੱਕੀ ਜਿਹੀ ਵੱਸੋਂ ਵਾਲੇ ਸ਼ਹਿਰ ਨੇ 2008 ਵਿੱਚ ਹੀ ਯੂਨੀਵਰਸਿਟੀ ਉਸਾਰਨ ਦੇ ਸੁਫਨੇ ਲੈਣੇ ਆਰੰਭ ਕਰ ਦਿੱਤੇ ਸਨ ਜਦੋਂ ਇਸਨੇ ਵਿਲਫਰਡ ਲੌਰੀਏ ਯੂਨੀਵਰਸਿਟੀ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ (MOU ਉੱਤੇ ਦਸਤਖਤ ਕੀਤੇ। ਚੇਤੇ ਰਹੇ ਕਿ 2008 ਵਿੱਚ ਇਸ ਸ਼ਹਿਰ ਦੀ ਵੱਸੋਂ 70 ਕੁ ਹਜ਼ਾਰ ਮਸਾਂ ਸੀ। 2014 ਵਿੱਚ ਇਸ MOU ਨੂੰ ਦੁਬਾਰਾ ਨਵਿਆਇਆ ਗਿਆ ਕਿਉਂਕਿ ਸੁਫਨਿਆਂ ਨੂੰ ਸਾਕਾਰ ਕਰਨ ਲਈ ਇੱਕ ਲੰਬੀ ਸੋਚ ਵਾਲੀ ਪ੍ਰਤੀਬੱਧਤਾ ਦੀ ਲੋੜ ਹੁੰਦੀ ਹੈ।

ਮਿਲਟਨ ਸ਼ਹਿਰ ਨੇ ਸਿਰਫ਼ ਵਿੱਦਿਆ ਦੇ ਪਸਾਰੇ ਲਈ ਮਿਲਟਨ ਐਜੂਕੇਸ਼ਨ ਵਿਲੇਜ (Milton Education Village)  ਲਈ 400 ਏਕੜ ਦੀ ਥਾਂ ਨਿਰਧਾਰਤ ਕੀਤੀ ਹੋਈ ਹੈ ਜਿਸ ਵਿੱਚੋਂ 150 ਏਕੜ ਥਾਂ ਨਵੀਂ ਯੂਨੀਵਰਸਿਟੀ ਦੇ ਨਾਮ ਕੀਤੀ ਹੋਈ ਹੈ। ਇਹ ਸਥਾਨ ਨੈਸ਼ਨਲ ਸਾਈਕਲਿੰਗ ਸੈਂਟਰ ਦੇ ਨੇੜੇ ਹੈ।

ਇਸਦੇ ਉਲਟ ਬਰੈਂਪਟਨ ਕੋਲ ਕੋਈ ਸਪੱਸ਼ਟ ਯੋਜਨਾ ਨਹੀਂ ਜਾਪਦੀ। ਮਿਲਟਨ ਦੇ ਪੈਂਦੇ ਜੋਰ ਅਤੇ ਪ੍ਰੋਵਿੰਸ ਵੱਲੋਂ ਕੋਈ ਬਣਦਾ ਹੁੰਗਾਰਾ ਨਾ ਮਿਲਦਾ ਵੇਖ ਮੇਅਰ ਲਿੰਡਾ ਜੈਫਰੀ ਬੀਤੇ ਦਿਨੀਂ ਉਂਟੇਰੀਓ ਦੀਆਂ ਮਿਊਂਸਪੈਲਟੀਆਂ ਦੀ ਓਟਾਵਾ ਵਿਖੇ ਹੋਈ ਮੀਟਿੰਗ ਵਿੱਚ ਇੱਕ ਉੱਚ ਪੱਧਰੀ ਡੈਲੀਗੇਸ਼ਨ ਲੈ ਕੇ ਗਈ। ਉਦੇਸ਼ ਸੀ ਕਿ ਪ੍ਰੋਵਿੰਸ ਉੱਤੇ ਬਰੈਂਪਟਨ ਨੂੰ ਯੂਨੀਵਰਸਿਟੀ ਲਈ ਵਧੇਰੇ ਪੈਸੇ ਦੇਣ ਲਈ ਜੋਰ ਪਾਇਆ ਜਾਵੇ। ਉਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ, ਇਸ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਹਾਂ, ਅੱਜ ਸਿਟੀ ਕਾਉਂਸਲ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਯੂਨੀਵਰਸਿਟੀ ਦਾ ਨਾਮ ਲੈ ਕੇ 150 ਮਿਲੀਅਨ ਡਾਲਰ ਟੈਕਸਾਂ ਦਾ ਬੋਝ ਸਿਟੀ ਵਾਸੀਆਂ ਉੱਤੇ ਪਾਏ ਜਾਣ ਦੀ ਸੰਭਾਵਨਾ ਹੈ। ਇਸ ਵਿੱਚ 100 ਮਿਲੀਅਨ ਡਾਲਰ ਅਗਲੇ ਸਾਲ ਲਾਏ ਜਾਣਗੇ ਅਤੇ ਬਾਕੀ ਦੇ ਅਗਲੇ ਦਸ ਸਾਲਾਂ ਵਿੱਚ। ਇਹ ਉਵੇਂ ਹੀ ਹੈ ਜਿਵੇਂ ਬਰੈਂਪਟਨ ਵਾਸੀਆਂ ਦੇ ਨੱਕ ਵਿੱਚ ਦਮ ਕਰਕੇ ਪੁਰਾਣੇ ਪੀਲ ਮੈਮੋਰੀਅਲ ਹਸਪਤਾਲ ਦੀ ਥਾਂ ਉਸਾਰੇ ਗਏ ਸਿਹਤ ਕੇਂਦਰ ਵਾਸਤੇ 60 ਮਿਲੀਅਨ ਡਾਲਰ ਭਰੇ ਗਏ।

ਜੇਕਰ ਮੁਕਾਬਲਾ ਕਰਕੇ ਵੇਖਣਾ ਹੋਵੇ ਤਾਂ ਮਾਰਖਮ ਵਿੱਚ ਯੌਰਕ ਯੂਨੀਵਰਸਿਟੀ ਦਾ ਕੇਂਦਰ ਖੋਲਣ ਲਈ ਯੌਰਕ ਰੀਜਨ ਵੱਲੋਂ ਸਿਰਫ਼ 25 ਮਿਲੀਅਨ ਡਾਲਰ ਦਿੱਤੇ ਗਏ ਸਨ ਅਤੇ ਮਾਰਖਮ ਸਿਟੀ ਵੱਲੋਂ 5 ਏਕੜ ਥਾਂ ਦਿੱਤੀ ਜਾਵੇਗੀ। ਉਂਟੇਰੀਓ ਦੀ ਰਣਨੀਤੀ ਵਿੱਚ 2020 ਤੱਕ 40,000 ਤੋਂ 75,000 ਯੂਨੀਵਰਸਿਟੀ ਕਲਾਸਾਂ (ਅੰਗਰੇਜ਼ੀ ਵਿੱਚ University spaces) ਹੋਂਦ ਵਿੱਚ ਲਿਆਉਣਾ ਹੈ। ਇਸ ਖੇਡ ਵਿੱਚ ਬਰੈਂਪਟਨ ਕਿੱਥੇ ਖੜਾ ਹੈ? ਇਸਨੇ ਹਾਲੇ ਤੱਕ ਨਾ ਕੋਈ ਜਗਹ ਨਿਰਧਾਰਤ ਕੀਤੀ ਹੈ ਅਤੇ ਨਾ ਹੀ ਇਸ ਕੋਲ ਮਿਲਟਨ ਵਾਗੂੰ ਕੋਈ ਠੋਸ ਰਣਨੀਤੀ ਹੈ। ਹਾਂ ਟੈਕਸ ਡਾਲਰਾਂ ਦੀ ਗੱਲ ਜਰੂਰ ਚੱਲ ਰਹੀ ਹੈ।

ਇਹ ਵੀ ਆਖ਼ਰ ਕਿਉਂ ਜਾਪਦਾ ਹੈ ਕਿ ਯੂਨੀਵਰਸਿਟੀ ਲਿਆਉਣਾ ਸਿਰਫ਼ ਮੇਅਰ ਲਿੰਡਾ ਜੈਫਰੀ ਦੀ ਲੜਾਈ ਹੈ? ਕੀ ਬਰੈਂਪਟਨ ਦੇ 5 ਐਮ ਪੀ ਅਤੇ 5 ਐਮ ਪੀ ਪੀ ਆਪੋ ਆਪਣੇ ਪੱਧਰ ਉੱਤੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਕੋਲ ਹਾਅ ਦਾ ਨਾਅਰਾ ਵੀ ਨਹੀਂ ਮਾਰਨ ਜੋਗੇ? ਕੀ ਸਿਟੀ ਮੇਅਰ ਜਾਂ ਕਾਉਂਸਲਰਾਂ ਵੱਲੋਂ ਇਹਨਾਂ ਨਾਲ ਕੋਈ ਸਾਂਝੀ ਮੀਟਿੰਗ ਕੀਤੀ ਗਈ ਕਿਉਂਕਿ ਬੁਨਿਆਦੀ ਢਾਂਚੇ ਲਈ ਪੈਸੇ ਤਾਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਸਾਂਝੇ ਰੂਪ ਵਿੱਚ ਦੇਣੇ ਹੁੰਦੇ ਹਨ!

ਇਹ ਗੱਲ ਵੀ ਹੈਰਾਨੀ ਵਾਲੀ ਨਹੀਂ ਹੋਵੇਗੀ ਕਿ ਜਦੋਂ ਕੱਲ ਨੂੰ ਬਰੈਂਪਟਨ ਦਾ ਨਿੱਕਾ ਮੋਟਾ ਯੂਨੀਵਰਸਿਟੀ ਸੈਂਟਰ ਬਣਦਾ ਹੈ ਤਾਂ ਉਸਦੇ ਕਿਸੇ ਅਜਿਹੀ ਪ੍ਰਾਪਰਟੀ ਉੱਤੇ ਉਸਾਰਨ ਦਾ ਐਲਾਨ ਹੋ ਜਾਵੇ ਜਿਸ ਵਿੱਚ ਕਿਸੇ ਸਿਆਸਤਦਾਨ ਜਾਂ ਯੂਨੀਵਰਸਿਟੀ ਲਈ ਬਣਾਏ ਗਏ ਬਲਿਊ ਰਿਬਨ ਪੈਨਲ ਦੇ ਮੈਂਬਰ ਜਾਂ ਮੈਂਬਰਾਂ ਦਾ ਸਵਾਰਥ ਪੂਰਿਆ ਜਾਂਦਾ ਹੋਵੇ। ਕੈਨੇਡਾ ਦੇ 9ਵੇਂ ਸੱਭ ਤੋਂ ਵੱਡੇ ਸ਼ਹਿਰ ਵਿੱਚ ਯੂਨੀਵਰਸਿਟੀ ਬਣਾਏ ਜਾਣ ਦੀ ਪ੍ਰਕਿਰਿਆ ਇੱਕ ਮਜ਼ਾਕ ਜਰੂਰ ਜਾਪਦੀ ਹੈ ਪਰ 2018 ਦੀਆਂ ਚੋਣਾਂ ਵਿੱਚ ਵਿੱਦਿਆ ਦੇ ਨਾਮ ਉੱਤੇ ਸਿਆਸਤ ਖੂਬ ਚਮਕਾਈ ਜਾਵੇਗੀ।