ਬਰੈਂਪਟਨ ਯੂਨੀਵਰਸਿਟੀ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਚੁੱਕਿਆ ਗਿਆ ਵੱਡਾ ਕਦਮ

2

ਬਰੈਂਪਟਨ, 7 ਸਤੰਬਰ (ਪੋਸਟ ਬਿਊਰੋ) : ਅੱਜ ਬਰੈਂਪਟਨ ਸਿਟੀ ਕਾਉਂਸਲ ਵਿਖੇ ਕਾਉਂਸਲਰਜ਼ ਨੇ ਬਰੈਂਪਟਨ ਯੂਨੀਵਰਸਿਟੀ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਵੱਡਾ ਕਦਮ ਚੁੱਕਿਆ।
ਇਸ ਮੌਕੇ ਆਉਣ ਵਾਲੇ ਦਸ ਸਾਲਾਂ ਲਈ ਇਸ ਪੋਸਟ ਸੈਕੰਡਰੀ ਫੈਸਿਲਿਟੀ ਵਾਸਤੇ 50 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣ ਦੇ ਫੈਸਲੇ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕੋਲੈਬੋਰੇਟਿਵ ਤੇ ਕਮਿਊਨਿਟੀ ਸਪੇਸ ਲਈ 100 ਮਿਲੀਅਨ ਡਾਲਰ ਖਰਚਣ ਦਾ ਫੈਸਲਾ ਕੀਤਾ ਗਿਆ ਹੈ। ਬਰੈਂਪਟਨ ਦੇ ਖੁਸ਼ਹਾਲ ਭਵਿੱਖ ਲਈ ਇੱਥੋਂ ਦੇ ਮਿਉਂਸਪਲ ਨੁਮਾਇੰਦਿਆਂ ਨੇ ਕਮਾਲ ਦੀ ਲੀਡਰਸਿ਼ਪ ਤੇ ਸਮਰਪਣ ਭਾਵਨਾ ਵਿਖਾਈ ਹੈ।
ਪਿਛਲੇ ਸਾਲ ਦੌਰਾਨ ਐਮਪੀ ਗਰੇਵਾਲ ਨੇ ਆਪਣੇ ਮਿਉਂਸਪਲ, ਪ੍ਰੋਵਿੰਸ਼ੀਅਲ ਤੇ ਫੈਡਰਲ ਹਮਰੁਤਬਾ ਅਧਿਕਾਰੀਆਂ ਨਾਲ ਨਿੱਠ ਕੇ ਕੰਮ ਕੀਤਾ ਤੇ ਓਨਟਾਰੀਓ ਪ੍ਰੋਵਿੰਸ ਨੂੰ ਬਰੈਂਪਟਨ ਵਿੱਚ ਫੰਡ ਨਿਵੇਸ਼ ਕਰਨ ਲਈ ਰਾਜ਼ੀ ਕਰਨ ਵਾਸਤੇ ਵੀ ਜੰਮ ਕੇ ਪੈਰਵੀ ਕੀਤੀ। ਉਨ੍ਹਾਂ ਬਰੈਂਪਟਨ ਨੂੰ ਵਿੱਦਿਅਕ ਸੰਸਥਾਵਾਂ ਲਈ ਨਵਾਂ ਹੱਬ ਦੱਸਿਆ।
ਉਨ੍ਹਾਂ ਆਖਿਆ ਕਿ ਕੈਨੇਡਾ ਦੇ ਨੌਂਵੇਂ ਤੇ ਓਨਟਾਰੀਓ ਦੇ ਚੌਥੇ ਸੱਭ ਤੋਂ ਵੱਡੇ ਸ਼ਹਿਰ ਬਰੈਂਪਟਨ ਦੀ ਆਰਥਿਕ ਸਮਰੱਥਾ ਨੂੰ ਸੀਮਤ ਰੱਖਿਆ ਗਿਆ ਹੈ। ਇਸ ਨੂੰ ਕੈਨੇਡਾ ਦੇ ਸੱਭ ਤੋਂ ਵੱਡੇ ਦਸ ਸ਼ਹਿਰਾਂ ਵਿੱਚੋਂ ਇੱਕ ਮੰਨਿਆਂ ਜਾਂਦਾ ਹੈ ਤੇ ਇਹੋ ਇਸ ਦੀ ਖਾਸੀਅਤ ਵੀ ਦੱਸੀ ਜਾਂਦੀ ਹੈ। ਪਰ ਮਾੜੀ ਗੱਲ ਇਹ ਹੈ ਕਿ ਐਨਾ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਇੱਥੇ ਕੋਈ ਵੱਡਾ ਯੂਨੀਵਰਸਿਟੀ ਕੈਂਪਸ ਨਹੀਂ ਹੈ।
ਐਮਪੀ ਰਾਜ ਗਰੇਵਾਲ ਨੇ ਆਖਿਆ ਕਿ ਇੱਥੋਂ ਦੀ ਨੌਜਵਾਨ ਤੇ ਮਿਹਨਤੀ ਅਬਾਦੀ ਨਾਲ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕ ਸਕਦੇ ਹਾਂ ਤੇ ਆਪਣੀ ਕਮਿਊਨਿਟੀ ਨੂੰ ਖੁਸ਼ਹਾਲ ਬਣਾ ਸਕਦੇ ਹਾਂ। ਉਨ੍ਹਾਂ ਆਖਿਆ ਕਿ ਮੈਂਬਰ ਪਾਰਲੀਆਮੈਂਟ ਵਜੋਂ ਉਹ ਰੋਜ਼ ਜੋਸ਼ੀਲੇ ਤੇ ਹੁਨਰਮੰਦ ਨੌਜਵਾਨਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ। ਉਨ੍ਹਾਂ ਇਹ ਆਸ ਵੀ ਪ੍ਰਗਟਾਈ ਕਿ ਇੱਕ ਦਿਨ ਬਰੈਂਪਟਨ ਵਿੱਚ ਪੋਸਟ ਸੈਕੰਡਰੀ ਸਿੱਖਿਆ ਦਾ ਉਨ੍ਹਾਂ ਦਾ ਸੁਪਨਾ ਸੱਚ ਹੋ ਹੀ ਜਾਵੇਗਾ। ਉਨ੍ਹਾਂ ਮੇਅਰ ਲਿੰਡਾ ਜੈਫਰੀ ਤੇ ਸਾਰੇ ਸਿਟੀ ਕਾਉਂਸਲਰਜ਼ ਦੀ ਤਾਰੀਫ ਕਰਦਿਆਂ ਆਖਿਆ ਕਿ ਯੋਗ ਅਗਵਾਈ ਤੇ ਨਿੱਠ ਕੇ ਕੰਮ ਕਰਨ ਦੀ ਇਨ੍ਹਾਂ ਦੀ ਆਦਤ ਨਾਲ ਇੱਕ ਦਿਨ ਬਰੈਂਪਟਨ ਵਿੱਚ ਯੂਨੀਵਰਸਿਟੀ ਕਾਇਮ ਹੋ ਕੇ ਹੀ ਰਹੇਗੀ।