ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਪੱਤਰਕਾਰ ਸੱਤਪਾਲ ਜੌਹਲ ਸਕੂਲ-ਟਰੱਸਟੀ ਲਈ ਚੋਣ ਲੜਨਗੇ

ਸਕੂਲ ਟਰੱਸਟੀ ਹਰਕੀਰਤ ਸਿੰਘ ਇਸ ਹਲਕੇ ਤੋਂ ਸਿਟੀ ਕੌਂਸਲਰ ਅਤੇ ਗੁਰਪ੍ਰੀਤ ਢਿੱਲੋਂ ਰਿਜਨਲ ਕੌਂਸਲਰ ਲਈ ਉਮੀਦਵਾਰ ਹੋਣਗੇ
ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਇਸ ਸਾਲ ਬਰੈਂਪਟਨ ਸਿਟੀ ਕੌਂਸਲ ਲਈ ਹੋ ਰਹੀਆਂ ਚੋਣਾਂ ਵਿਚ ਵਾਰਡ ਨੰਬਰ 9-10 ਤੋਂ ਉੱਘੇ ਪੰਜਾਬੀ ਪੱਤਰਕਾਰ ਸਕੂਲ-ਟਰੱਸਟੀ ਦੇ ਅਹੁਦੇ ਲਈ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ। ਉਹ ਜਲੰਧਰ ਤੋਂ ਛਪਣ ਵਾਲੀ ਰੋਜ਼ਾਨਾ ‘ਅਜੀਤ’ ਦੀ ਇੱਥੇ ਜੀ.ਟੀ.ਏ. ਵਿਚ ਨੁਮਾਇੰਦਗੀ ਕਰਦੇ ਹਨ। ਇਸ ਦੇ ਨਾਲ ਹੀ ਉਹ ‘ਸੁਰ ਸਾਗਰ’ ਟੀ.ਵੀ. ਦੇ ਚਰਚਿਤ ਲਾਈਵ-ਪ੍ਰੋਗਰਾਮ ‘ਭੱਖ਼ਦੇ ਮਸਲੇ’ ਵਿਚ ਇੱਥੋਂ ਦੇ ਸਥਾਨਕ ਮੁੱਦੇ ਉਠਾਉਂਦੇ ਹਨ ਅਤੇ ਹੋਰ ਚਲੰਤ-ਮਾਮਲਿਆਂ ਬਾਰੇ ਅਕਸਰ ਚਰਚਾ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਇਸ ਉੱਦਮ ਸਦਕਾ ਇਹ ਟੀ.ਵੀ. ਪ੍ਰੋਗਰਾਮ ਲੋਕਾਂ ਵਿਚ ਕਾਫ਼ੀ ਹਰਮਨ-ਪਿਆਰਾ ਹੋ ਗਿਆ ਹੈ।
ਇਸ ਤੋਂ ਇਲਾਵਾ ਹਫ਼ਤਾਵਾਰੀ ਅਖ਼ਬਾਰ ‘ਖ਼ਬਰਨਾਮਾ’ ਵਿਚ ਉਨ੍ਹਾਂ ਦੇ ਕਾਲਮ ‘ਗਹਿਰੀ ਨਜ਼ਰ’ ਅਤੇ ‘ਕੈਨੇਡਾ ਵਿਚ ਜਿਨ੍ਹਾਂ ਨੂੰ ਭੱਲ ਨਹੀਂ ਪੱਚਦੀ’ ਪਾਠਕਾਂ ਵੱਲੋਂ ਤੀਬਰਤਾ ਨਾਲ ਉਡੀਕੇ ਜਾਂਦੇ ਹਨ ਜਿਨ੍ਹਾਂ ਵਿਚ ਉਹ ਇੱਥੇ ਕੈਨੇਡਾ ਵਿਚ ਕਿਸੇ ਵੀ ਤਰ੍ਹਾਂ ਦੇ ਗ਼ੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਨਹੀਂ ਬਖ਼ਸ਼ਦੇ। ਸੱਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਸੁਭਾਅ ਪੱਖੋਂ ਉਹ ਬੜੇ ਮਿਲਣਸਾਰ ਹਨ ਅਤੇ ਹਰ ਕਿਸੇ ਨੂੰ ਆਪਣਾ ਬਨਾਉਣਾ ਜਾਣਦੇ ਹਨ। ਏਹੀ ਕਾਰਨ ਹੈ ਕਿ ਪਿਛਲੇ ਕੁਝ ਹੀ ਸਮੇਂ ਵਿਚ ਉਹ ਇੱਥੇ ਹਰਮਨ-ਪਿਆਰੀ ਸ਼ਖ਼ਸੀਅਤ ਵਜੋਂ ਉੱਭਰੇ ਹਨ। ਉਨ੍ਹਾਂ ਵਰਗੇ ਕਾਬਲ ਸਕੂਲ-ਟਰੱਸਟੀ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਵਿਚ ਵਧੀਆ ਤਾਲਮੇਲ ਪੈਦਾ ਕਰ ਸਕਦੇ ਹਨ ਅਤੇ ਪੀਲ ਸਕੂਲ ਡਿਸਟ੍ਰਿਕਟ ਬੋਰਡ ਵਿਚ ਜਾ ਕੇ ਮਾਪਿਆਂ ਤੇ ਅਧਿਆਪਕਾਂ ਦੀ ਸਹੀ ਆਵਾਜ਼ ਬਣ ਸਕਦੇ ਹਨ।
ਪਾਠਕ ਇਹ ਭਲੀ-ਭਾਂਤ ਜਾਣਦੇ ਹਨ ਕਿ ਇਸ ਵਾਰਡ 9-10 ਤੋਂ ਇਸ ਸਮੇਂ ਸਕੂਲ-ਟਰੱਸਟੀ ਇੱਥੋਂ ਦੇ ਜੰਮਪਲ ਹਰਕੀਰਤ ਸਿੰਘ ਹਨ ਜਿਨ੍ਹਾਂ ਨੇ ਇਸ ਅਹੁਦੇ ‘ਤੇ ਹੁੰਦਿਆਂ ਹੋਇਆਂ ਪੀਲ ਸਕੂਲ ਡਿਸਟ੍ਰਿਕਟ ਵਿਚ ਬਹੁਤ ਸਾਰੇ ਕੰਮ ਕਰਵਾਏ ਹਨ ਜਿਨ੍ਹਾਂ ਵਿਚ ਪੰਜਾਬੀਆਂ ਦੀ ਮਾਂ-ਖੇਡ ਸਕੂਲਾਂ ਵਿਚ ਸ਼ੁਰੂ ਕਰਵਾਉਣਾ ਵਿਸ਼ੇਸ਼ ਤੌਰ ‘ਤੇ ਜਿ਼ਕਰਯੋਗ ਹੈ। ਉਨ੍ਹਾਂ ਨੇ ਬਰੈਂਪਟਨ ਦੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਲਈ ਵੀ ਭਰਵੀਂ ਆਵਾਜ਼ ਉਠਾਈ ਹੈ ਅਤੇ ਕਈਆਂ ਸਕੂਲਾਂ ਵਿਚ ਲੋੜੀਂਦਾ ਇਨਫ਼ਰਾ-ਸਟਰੱਕਚਰ ਪੈਦਾ ਕਰਕੇ ਪੰਜਾਬੀ ਕਲਾਸਾਂ ਸ਼ੁਰੂ ਕਰਵਾਈਆਂ ਹਨ। ਇਕਨਾਮਿਕਸ ਵਿਚ ਮਾਸਟਰ ਡਿਗਰੀ ਹੋਲਡਰ ਅਤੇ ਨਾਲ ਹੀ ਐੱਮ.ਬੀ.ਏ. ਦੀ ਵੱਕਾਰੀ ਡਿਗਰੀ ਨਾਲ ਲੈਸ ਉਹ ਹੰਬਰ ਕਾਲਜ ਵਿਚ ਅਸਿਸਟੈਂਟ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਹੁਣ ਇਸ ਵਾਰਡ ਨੰਬਰ 9-10 ਵਿਚ ਸਿਟੀ ਕੌਂਸਲਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ ਜਿੱਥੇ ਇਹ ਸੇਵਾ ਇਸ ਸਮੇਂ ਬਰੈਂਪਟਨ ਦੇ ਹਰਮਨ-ਪਿਆਰੇ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨਿਭਾ ਰਹੇ ਹਨ ਅਤੇ ਉਨ੍ਹਾਂ ਨੇ ਹੁਣ ਏਸੇ ਵਾਰਡ 9-10 ਤੋਂ ਹੀ ਰਿਜਨਲ ਕੌਂਸਲਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ।
ਬਰੈਂਪਟਨ ਸਿਟੀ ਕੌਂਸਲ ਵਿਚ ਇਕਲੌਤੇ ਪੰਜਾਬੀ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਸਿਟੀ ਕੌਂਸਲਰ ਵਜੋਂ ਨਿਭਾਈ ਗਈ ਸੇਵਾ ਤੋਂ ਕਿਹੜਾ ਪੰਜਾਬੀ ਵਾਕਿਫ਼ ਨਹੀਂ। ਸਿਟੀ ਮੇਅਰ ਲਿੰਡਾ ਜੈਫ਼ਰੀ ਦੇ ਨਾਲ ਮਜ਼ਬੂਤ ਧਿਰ ਵਜੋਂ ਡੱਟ ਕੇ ਉਨ੍ਹਾਂ ਬਰੈਂਪਟਨ ਸਿਟੀ ਕੌਂਸਲ ਵਿਚ ਅਹਿਮ ਭੂਮਿਕਾ ਬਾਖ਼ੂਬੀ ਨਿਭਾਈ ਹੈ ਅਤੇ ਹੁਣ ਵੀ ਨਿਭਾ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਸਿਟੀ ਕੌਂਸਲ ਦੇ ਉਨ੍ਹਾਂ ਦੇ ਕੁਝ ‘ਸਹਿਯੋਗੀਆਂ’ ਦੇ ਖ਼ਾਸ ‘ਸਹਿਯੋਗ’ ਸਦਕਾ ਐੱਲ.ਆਰ.ਟੀ. ਵਰਗਾ ਬਰੈਂਪਟਨ ਲਈ ਅਤੀ ਫ਼ਾਇਦੇਮੰਦ ਸਾਬਤ ਹੋਣ ਵਾਲਾ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਿਆ। ਪਰ ਉਨ੍ਹਾਂ ਵੱਲੋਂ ਕਰਵਾਏ ਗਏ ਹੋਰ ਸਾਰਥਿਕ ਕੰਮਾਂ ਦੀ ਲਿਸਟ ਬੜੀ ਲੰਮੀ ਹੈ ਅਤੇ ਇਸ ਦਾ ਖ਼ਬਰ ਵਰਨਣ ਕਰਨਾ ਅਤੀ ਮੁਸ਼ਕਲ ਹੈ।
ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜਿ਼ਕਰਯੋਗ ਹੈ ਕਿ ਬਰੈਮਲੀ ਤੇ ਸੈਂਡਲਵੁੱਡ ਇੰਟਰਸੈੱਕਸਨ਼ ਦੇ ਨੇੜੇ ਲੱਗਭੱਗ ਮੁਕੰਮਲ ਹੋ ਚੁੱਕੀ ਉਦਘਾਟਨ ਨੂੰ ਉਡੀਕ ਰਹੀ ਵਿਸ਼ਾਲ ਲਾਇਬ੍ਰੇਰੀ ਇਮਾਰਤ ਅਤੇ ਇਸ ਦੇ ਨਾਲ ਲੱਗਵਾਂ ਖ਼ੂਬਸੂਰਤ ‘ਕਾਮਾਗਾਟਾ-ਮਾਰੂ’ ਪਾਰਕ ਗੁਰਪ੍ਰੀਤ ਢਿੱਲੋਂ ਦੇ ਜ਼ੋਰ ਦੇਣ ‘ਤੇ ਹੀ ਹੋਂਦ ਵਿਚ ਆ ਸਕੇ ਹਨ। ਜਿੱਥੇ ਇਹ ਅਤਿ-ਆਧੁਨਿਕ ਲਾਇਬ੍ਰੇਰੀ ਇਸ ਆਲੇ-ਦੁਆਲੇ ਦੇ ਇਸ ਇਲਾਕੇ ਲਈ ‘ਗਿਆਨ ਦੇ ਸੂਰਜ’ ਵਜੋਂ ਵਰਦਾਨ ਸਾਬਤ ਹੋਵੇਗੀ, ਉੱਥੇ ਇਹ ‘ਕਾਮਾਗਾਟਾ ਮਾਰੂ ਪਾਰਕ’ ਮਹਾਨ ਨਾਇਕ ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੈਨੇਡਾ ਵਿਚ ਭਾਰਤੀਆਂ ਦੇ ਦਾਖ਼ਲੇ ਲਈ ਕੀਤੀ ਗਈ ਮਹਾਨ ਘਾਲਣਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ।