ਬਰੈਂਪਟਨ ਦੇ ਇੱਕ ਮਕਾਨ ਵਿੱਚ ਹਥਿਆਰਬੰਦ ਲੁਟੇਰਿਆਂ ਦਾ ਹਮਲਾ

ਸਿਟੀ ਕਾਉਂਸਲ ਅਤੇ ਪੁਲੀਸ ਨੂੰ ਲੋੜੀਂਦੇ ਕਦਮ ਚੁੱਕਣ ਦੀ ਮੰਗ ਉੱਠਣ ਲੱਗੀ

ਬਰੈਂਪਟਨ: ਹਥਿਆਰਬੰਦ ਲੁਟੇਰਿਆਂ ਦੇ ਇੱਕ ਗੈਂਗ ਨੇ ਕੱਲ ਬਰੈਂਪਟਨ ਦੇ ਇੱਕ ਮਕਾਨ ਵਿੱਚ ਦਾਖਲ ਹੋ ਕੇ ਦੋ ਵਿਅਕਤੀਆਂ ਨੂੰ ਜਖ਼ਮੀ ਕਰ ਦਿੱਤਾ ਜਿਹਨਾਂ ਵਿੱਚੋਂ ਇੱਕ ਹਸਪਤਾਲ ਵਿੱਚ ਹੈ। ਇਹ ਹਾਦਸਾ ਈਸਟਰਨ ਐਵੇਨਿਊ ਉੱਤੇ ਹੋਇਆ ਜੋ ਕਿ ਕੈਨੇਡੀ ਰੋਡ ਸਾਊਥ ਅਤੇ ਕੁਈਨ ਸਟਰੀਟ ਈਸਟ ਉੱਤੇ ਵਾਕਿਆ ਹੈ। ਲੁਟੇਰਿਆਂ ਨੇ ਮਕਾਨ ਵਿੱਚੋਂ ਪੈਸੇ ਅਤੇ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ। ਬੇਸ਼ੱਕ ਪੁਲੀਸ ਵੱਲੋਂ ਮੌਕਾ ਵਾਰਦਾਤ ਉੱਤੇ ਆ ਕੇ ਪੁੱਛਗਿੱਛ ਕੀਤੀ ਗਈ ਲੇਕਿਨ ਹਾਲੇ ਤੱਕ ਕਿਸੇ ਦੋਸ਼ੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।

 

ਬਰੈਂਪਟਨ ਵਿੱਚ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਣ ਸ਼ਹਿਰ ਵਾਸੀਆਂ ਵਿੱਚ ਭੈਅ ਦਾ ਮਾਹੌਲ ਪਾਇਆ ਜਾਣ ਲੱਗਾ ਹੈ। ਕਮਿਉਨਿਟੀ ਵਿੱਚੋਂ ਮੰਗ ਉੱਠ ਰਹੀ ਹੈ ਕਿ ਪੁਲੀਸ ਅਤੇ ਸਿਟੀ ਕਾਉਂਸਲ ਨੂੰ ਚੁਕੰਨਾ ਹੋਣ ਦੀ ਲੋੜ ਹੈ। ਬਰੈਂਪਟਨ ਸੇਫ ਸਿਟੀ ਨਾਲ ਚਿਰਾਂ ਤੋਂ ਵਾਲੰਟੀਅਰ ਕਰਦੇ ਆ ਰਹੇ ਮਨਨ ਗੁਪਤਾ ਦਾ ਆਖਣਾ ਹੈ ਕਿ ਬਰੈਂਪਟਨ ਮੇਅਰ ਲਿੰਡਾ ਜੈਫਰੀ ਨੂੰ ਇਸ ਸਥਿਤੀ ਉੱਤੇ ਕਾਬੂ ਪਾਉਣ ਵੱਲ ਵਿਸ਼ੇਸ਼ ਕਰਕੇ ਧਿਆਨ ਦੇਣ ਦੀ ਲੋੜ ਹੈ। ਵਰਨਣਯੋਗ ਹੈ ਕਿ ਮੇਅਰ ਆਪਣੇ ਅਹੁਦੇ ਕਾਰਣ ਪੀਲ ਪੁਲੀਸ ਬੋਰਡ ਦੀ ਮੈਂਬਰ ਹੁੰਦੀ ਹੈ।