ਬਰੈਂਪਟਨ ਦੀ ਦੁਖਦੀ ਰਗ ਛੇੜ ਦਿੱਤੀ ਐਂਡਰੀਆ ਹਾਵਰਥ ਨੇ

ਪ੍ਰੋਵਿੰਸ਼ੀਅਲ ਚੋਣ ਪ੍ਰਚਾਰ ਦੇ ਦੂਜੇ ਹਫਤੇ ਐਨ ਡੀ ਪੀ ਲੀਡਰ ਐਂਡਰੀਆ ਹਾਵਰਥ ਨੇ ਬਰੈਂਪਟਨ ਵਿੱਚ ਸਿਹਤ ਸੇਵਾਵਾਂ ਦੇ ਮੰਦੇ ਹਾਲ ਨੂੰ ਲੈ ਕੇ ਇੱਕ ਕਿਸਮ ਨਾਲ ਸਿਆਸੀ ਧਮਾਕਾ ਕਰ ਦਿੱਤਾ ਹੈ। ਕੱਲ ਐਂਡਰੀਆ ਨੇ ਐਲਾਨ ਕੀਤਾ ਕਿ ਚੋਣ ਜਿੱਤਣ ਦੀ ਸੂਰਤ ਵਿੱਚ ਐਨ ਡੀ ਪੀ ਸਰਕਾਰ ਵੱਲੋਂ ਬਰੈਂਪਟਨ ਵਿੱਚ ਇੱਕ ਨਵੇਂ ਹਸਪਤਾਲ ਦੀ ਉਸਾਰੀ ਕੀਤੀ ਜਾਵੇਗੀ। ਉਸਦਾ ਆਖਣਾ ਹੈ ਕਿ ਨਵਾਂ ਹਸਪਤਾਲ ਬਰੈਂਪਟਨ ਸਿਵਕ ਵਿੱਚ ਪੈਦਾ ਹੋਈ ਮਰੀਜ਼ਾਂ ਦੀ ਭੀੜ ਦੇ ਸੰਕਟ ਨੂੰ ਦੂਰ ਕਰਨ ਵਿੱਚ ਵੱਡਾ ਰੋਲ ਅਦਾ ਕਰੇਗਾ। ਚੇਤੇ ਰਹੇ ਕਿ ਐਨ ਡੀ ਪੀ ਵੱਲੋਂ ਪਿਛਲੇ ਸਾਲ ਬਰੈਂਪਟਨ ਸਿਵਕ ਹਸਪਤਾਲ ਦਾ ਇੱਕ ਅੰਦਰੂਨੀ ਮੀਮੋ ਪ੍ਰਾਪਤ ਕੀਤਾ ਗਿਆ ਸੀ।

ਇਸ ਸਨਸਨੀਖੇਜ ਮੀਮੋ ਵਿੱਚ ਇਹ ਗੱਲ ਦਰਜ਼ ਸੀ ਕਿ ਅਪਰੈਲ 2016 ਤੋਂ ਅਪਰੈਲ 2017 ਦੇ ਇੱਕ ਸਾਲ ਦੇ ਅਰਸੇ ਦੌਰਾਨ ਬਰੈਂਪਟਨ ਸਿਵਕ ਵਿੱਚ 4352 ਮਰੀਜ਼ਾਂ ਦਾ ਇਲਾਜ ਹਾਲਵੇਅ ਵਿੱਚ ਹੀ ਕੀਤਾ ਗਿਆ ਸੀ। ਇਹ ਮੀਮੋ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਅੰਤਰਿਮ ਪ੍ਰੈਜ਼ੀਡੈਂਟ ਅਤੇ ਚੀਫ ਕਾਰਜਕਾਰੀ ਅਫਸਰ ਵੱਲੋਂ ਪ੍ਰੋਵਿੰਸ ਦੇ ਉੱਚ ਸਿਹਤ ਅਧਿਕਾਰੀਆਂ ਨੂੰ ਲਿਖਿਆ ਗਿਆ ਸੀ।

ਇਸ ਮੀਮੋ ਵਿੱਚ ਵਰਤੇ ਗਏ ਕੁੱਝ ਸ਼ਬਦ ਬਹੁਤ ਦਿਲਚਸਪ ਸਨ ਜੋ ਕਿਸੇ ਸੰਸਥਾ ਦੇ ਕਰਤਾਵਾਂ ਧਰਤਾਵਾਂ ਦੀ ਮਨੋਸਥਿਤੀ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਮੀਮੋ ਵਿੱਚ ਲਿਖਿਆ ਸੀ ਕਿ ‘ਮਰੀਜ਼ਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧੇ ਦਾ ਦੋਸ਼ ਸੈਂਟਰਲ ਵੈਸਟ ਲੋਕਲ ਹੈਲਥ ਇੰਟੇਗਰੇਸ਼ਨ ਨੈੱਟਵਰਕ (ਲਿੱਨ) ਵਿੱਚ ਜਨਸੰਖਿਆ ਵਿੱਚ ਹੋਏ ਵਾਧੇ ਨੂੰ ਦਿੱਤਾ ਜਾ ਸਕਦਾ ਹੈ। ਚੇਤੇ ਰਹੇ ਕਿ ਜਿਸ ਦੋਸ਼ ਦੀ ਗੱਲ ਕੀਤੀ ਜਾ ਰਹੀ ਹੈ, ਉਹ ਪਿਛਲੇ ਚਾਰ ਸਾਲਾਂ ਵਿੱਚ ਬਰੈਂਪਟਨ ਵੱਸੋਂ 22% ਦੇ ਹਿਸਾਬ ਨਾਲ ਵਾਧਾ ਹੋਣਾ ਹੈ। ਕੈਨੇਡਾ ਦੀ ਵੱਸੋਂ ਵਿੱਚ ਵਾਧਾ ਮਹਿਜ਼ 1.2% ਦਾ ਵਾਧਾ ਹੋਇਆ ਸੀ। ਬਰੈਂਪਟਨ ਵੱਸੋਂ ਵਿੱਚ ਸਾਰਾ ਵਾਧਾ ਨਵੇਂ ਪਰਵਾਸੀਆਂ ਕਾਰਣ ਹੋਇਆ ਜਿਹਨਾਂ ਵਿੱਚੋਂ 11.6% ਨਵੇਂ ਆਉਣ ਵਾਲੇ ਪਰਵਾਸੀ ਰਿਫਿਊਜੀ ਸਨ।

ਬਰੈਂਪਟਨ ਸਿਵਕ ਦੇ ਆਪਣੇ ਅੰਕੜਿਆਂ ਮੁਤਾਬਕ ਉਂਟੇਰੀਓ ਵਿੱਚ ਸਿਹਤ ਸੇਵਾਵਾਂ ਲਈ ਪ੍ਰਤੀ ਵਿਅਕਤੀ 1800 ਡਾਲਰ ਫੰਡ ਦਿੱਤੇ ਜਾਂਦੇ ਹਨ ਜਦੋਂ ਕਿ ਬਰੈਂਪਟਨ ਵਿੱਚ ਇਹ ਦਰ ਪ੍ਰਤੀ ਵਿਅਕਤੀ ਮਹਿਜ਼ 1000 ਡਾਲਰ ਹੈ। ਕੈਨੇਡੀਅਨ ਪੰਜਾਬੀ ਪੋਸਟ ਕਈ ਵਾਰ ਇਹਨਾਂ ਕਾਲਮਾਂ ਵਿੱਚ ਲਿਖ ਚੁੱਕਿਆ ਹੈ ਕਿ ਪਰਵਾਸੀ ਬਹੁਤਾਤ ਵਾਲੇ ਸ਼ਹਿਰ ਵਿੱਚ ਸਿਹਤ ਸੇਵਾਵਾਂ ਦੀ ਅਜਿਹੀ ਅਣਦੇਖੀ ਨੂੰ ਨਸਲੀ ਵਿਤਕਰਾ ਵੀ ਆਖ ਦਿੱਤਾ ਜਾਵੇ ਤਾਂ ਸ਼ਾਇਦ ਅਤਿਕਥਨੀ ਨਹੀਂ ਹੋਵੇਗੀ।

ਬਰੈਂਪਟਨ ਨੂੰ ਦਰਪੇਸ਼ ਸਿਹਤ ਸਮੱਸਿਆ ਵਿੱਚ ਹਸਪਤਾਲ ਦੀ ਉਸਾਰੀ ਪਿਛਲੇ ਡੇਢ ਦਹਾਕੇ ਤੋਂ ਸਿਆਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 2007 ਦੀਆਂ ਚੋਣਾਂ ਤੋਂ ਲੈ ਕੇ ਹਰ ਵਾਰ ਬਰੈਂਪਟਨ ਹਸਪਤਾਲ ਅਤੇ ਸਿਹਤ ਸੇਵਾਵਾਂ ਦਾ ਹੇਜ ਸਿਆਸੀ ਪਾਰਟੀਆਂ ਨੂੰ ਜਾਗ ਪੈਂਦਾ ਹੈ। ਸਿਆਸੀ ਪਾਰਟੀਆਂ ਵੱਲੋਂ ਹਾਲੇ ਇਹ ਵੇਖਣਾ ਬਾਕੀ ਹੈ ਕਿ ਸਿਹਤ ਦਾ ਮੁੱਦਾ ਅਸਲ ਵਿੱਚ ਖੜਾ ਕਿਉਂ ਹੁੰਦਾ ਹੈ? ਅਸਲ ਵਿੱਚ ਸਿਹਤ ਦਾ ਮੁੱਦਾ ਗਰੀਬੀ ਨਾਲ ਜੁੜਿਆ ਹੈ। 1980 ਵਿੱਚ ਬਰੈਂਪਟਨ ਦੇ 2% ਤੋਂ ਵੀ ਘੱਟ ਨਿਵਾਸੀ ਗਰੀਬੀ ਵਿੱਚ ਜੀਵਨ ਬਿਤਾਉਂਦੇ ਸਨ ਅਤੇ 2017 ਵਿੱਚ ਇਹ ਦਰ ਵੱਧ ਕੇ 51% ਹੋ ਚੁੱਕੀ ਹੈ। ਬਰੈਂਪਟਨ ਵਿੱਚ ਗਰੀਬੀ ਅਤੇ ਵੱਸੋਂ ਦਾ ਵੱਧਣਾ ਅਤੇ ਸਿਹਤ ਲਈ ਬਾਕੀ ਉਂਟੇਰੀਓ ਤੋਂ 50% ਘੱਟ ਫੰਡ ਦੇਣੇ ਸਮੱਸਿਆ ਦੀ ਜੜ ਹੈ।

ਐਨ ਡੀ ਪੀ ਲੀਡਰ ਐਂਡਰੀਆ ਹਾਵਰਥ ਨੇ ਬਰੈਂਪਟਨ ਹਸਪਤਾਲ ਦੀ ਗੱਲ ਛੇੜ ਕੇ ਉਸ ਪੁਰਾਣੀ ਰਗ ਨੂੰ ਛੇੜ ਦਿੱਤਾ ਹੈ। ਇਸ ਦੁਖਦੀ ਰਗ ਬਾਰੇ ਲਿਬਰਲ ਪਾਰਟੀ ਦੀ ਪਹੁੰਚ ਵਿੱਚ ਦਿਆਨਤਦਾਰੀ ਵੀ ਵੱਡੀ ਘਾਟ ਵੇਖਣ ਨੂੰ ਮਿਲਦੀ ਰਹੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ਉਹਨਾਂ ਦੇ ਰਾਜ ਕਾਲ ਵਿੱਚ ਬਰੈਂਪਟਨ ਨਾਲ ਵਿਤਕਰਾ ਹੋਣਾ ਜਾਰੀ ਨਹੀਂ ਸੀ ਰਹਿਣਾ ਚਾਹੀਦਾ। ਤਾਂ ਵੀ ਇਸ ਵਾਰ ਫੇਰ ਲਿਬਰਲ ਐਮ ਪੀ ਪੀਆਂ ਵੱਲੋਂ ਬੱਜਟ ਵਿੱਚ ਸਿਹਤ ਸੇਵਾਵਾਂ ਲਈ ਰੱਖੇ ਗਏ ਡਾਲਰਾਂ ਦਾ ਸਹਾਰਾ ਲੈ ਕੇ ਗੱਲ ਕਰਨ ਦੀ ਕੋਸਿ਼ਸ਼ ਕੀਤੀ ਜਾਵੇਗਾੀ। ਕੀ ਵੋਟਰ ਵਾਰ 2 ਦੁਹਰਾਏ ਜਾਣ ਵਾਲੇ ਇਸ ਸੱਚ/ਝੂਠ ਦਾ ਯਕੀਨ ਕਰਨਗੇ? ਕੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਉਮੀਦਵਾਰ ਡੱਗ ਫੋਰਡ ਨੂੰ ਪਤਿਆ ਸਕੱਣਗੇ ਕਿ ਉਹ ਬਰੈਂਪਟਨ ਵਿੱਚ ਹਸਪਤਾਲ ਅਤੇ ਹੋਰ ਸਿਹਤ ਸੇਵਾਵਾਂ ਲਈ ਬਣਦੇ ਫੰਡ ਦੇਣ ਵਾਸਤੇ ਵਚਨਬੱਧ ਹੋਵੇ? ਜੇ ਨਹੀਂ ਤਾਂ ਇਹ ਉਮੀਦਵਾਰ ਕਿਹੜਾ ਵਾਅਦਾ ਲੈ ਕੇ ਵੋਟਰਾਂ ਨਾਲ ਗੱਲ ਕਰਨਗੇ?

ਪਿਛਲੇ ਇੱਕ ਦਹਾਕੇ ਦਾ ਸਿਆਸੀ ਇਤਿਹਾਸ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਕਿ ਐਨ ਡੀ ਪੀ ਵੱਲੋਂ ਬਰੈਂਪਟਨ ਵਿੱਚ ਕੋਈ ਸੀਟ ਜਿੱਤੇ ਜਾ ਸਕੱਣ ਦੇ ਕੋਈ ਆਸਾਰ ਹਨ ਪਰ ਐਂਡਰੀਆ ਹਾਵਰਥ ਨੇ ਹਸਪਤਾਲ ਬਾਰੇ ਸਪੱਸ਼ਟ ਢੰਗ ਨਾਲ ਗੱਲ ਕਰਕੇ ਇੱਕ ਗੰਭੀਰ ਬਹਿਸ ਨੂੰ ਜਨਮ ਦੇ ਦਿੱਤਾ ਹੈ ਜਿਸਦਾ ਕਿੱਸਾ ਚੋਣਾਂ ਦੌਰਾਨ ਛਿੜਦਾ ਰਹੇਗਾ।