ਬਰੈਂਪਟਨ ਐਕਸ਼ਨ ਸੈਂਟਰ ਦੀ ਪਿਕਨਿਕ ਨੂੰ ਭਰਵਾਂ ਹੁੰਗਾਰਾ

IMG_1209 (1)ਬਰੈਂਪਟਨ, (ਹਰਜੀਤ ਬੇਦੀ): ਬਰੈਂਪਟਨ ਐਕਸ਼ਨ ਸੈਂਟਰ ਵਲੋਂ ਆਰਗੇਨਾਈਜਰ ਨਵੀ ਔਜਲਾ ਅਤੇ ਉਸਦੀ ਟੀਮ ਦੁਆਰਾ ਆਯੋਜਿਤ ਪਿਕਨਿਕ ਨੂੰ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਤਿੰਨ ਸੌ ਤੋਂ ਵੱਧ ਲੋਕਾਂ ਦੀ ਹਾਜਰੀ ਨੇ ਇਹ ਸਿੱਧ ਕਰ ਦਿੱਤਾ ਕਿ ਲੋਕ ਘੱਟ ਉਜਰਤਾਂ ਤੋਂ ਨਿਜਾਤ ਪਾਕੇ ਆਪਣੇ ਵਧੀਆ ਜੀਵਨ ਲਈ ਉਤਸਕ ਹਨ। ਇਸ ਪਿਕਨਿਕ ਵਿੱਚ ਖਾਣ-ਪੀਣ ਦੇ ਵਧੀਆ ਪਰਬੰਧ ਦੇ ਨਾਲ ਹੀ ਨਿਵੇਕਲੀ ਗੱਲ ਇਹ ਸੀ ਕਿ ਇਹ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਅਤੇ ਚੇਤਨ ਕਰਨ ਦਾ ਸਬੱਬ ਬਣੀ।
ਇਸ ਪਿਕਨਿਕ ਵਿੱਚ ਵਰਕਰਜ਼ ਐਕਸ਼ਨ ਸੈਂਟਰ ਤੋਂ ਉਚੇਚੇ ਤੌਰ ਤੇ ਪਹੁੰਚੀ ਆਰਗੇਨਾਈਜਰ ਡੀਨਾ ਨੇ ਲੋਕਾਂ ਵਲੋਂ ਉਹਨਾਂ ਦਾ ਘੱਟੋ ਘੱਟੋ 15 ਡਾਲਰ ਪ੍ਰਤੀ ਘੰਟਾ ਦੀ ਮੰਗ ਦਾ ਭਾਰੀ ਗਿਣਤੀ ਵਿੱਚ ਪਟੀਸ਼ਨ ਤੇ ਦਸਤਖਤ ਕਰ ਕੇ ਸਾਥ ਦੇਣ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਰਕਰਜ਼ ਐਕਸ਼ਨ ਸੈਂਟਰ ਵਲੋਂ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਪੜਾਅ-ਵਾਰ ਦੀ ਥਾਂ 15 ਡਾਲਰ ਪੇਅ ਤੁਰੰਤ ਕਰਨ ਲਈ ਕਾਨੂੰਨ ਬਣਾਇਆ ਜਾਵੇ। ਦਸਤਖਤੀ ਮੁਹਿੰਮ ਦੇ ਨਾਲ ਹੀ ਘਰਾਂ ਅੱਗੇ ਸਾਈਨ ਲਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਪਰਮਿੰਦਰ ਚੌਹਾਨ ਨੇ ਏਜੰਸੀਆਂ ਰਾਹੀਂ ਹੁੰਦੀ ਲੁੱਟ ਅਤੇ ਲੰਬਾ ਸਮਾਂ ਕੰਮ ਕਰਨ ਦੇ ਬਾਵਜੂਦ ਪੱਕਾ ਨਾ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਚੇਤਨਾ ਕਲਚਰਲ ਸੈਂਟਰ ਦੇ ਨਾਹਰ ਔਜਲਾ ਦੀ ਟੀਮ ਜਿਸ ਵਿੱਚ ਅਵਤਾਰ ਔਜਲਾ, ਬਿਕਰਮ ਰੱਖੜਾ, ਸ਼ੰਨੀ ਸਿ਼ਵਰਾਜ, ਹਰਜਸਪ੍ਰੀਤ ਅਤੇ ਸੁੰਦਰਪਾਲ ਰਾਜਾਸਾਂਸੀ ਸ਼ਾਮਲ ਸਨ ਨੇ ” ਸੁਪਰ-ਵੀਜ਼ਾ” ਨਾਟਕ ਅਤੇ “ਠਰਕੀ ਬਾਬੇ” ਸਕਿੱਟ ਖੇਡਿਆ ਗਿਆ। ਇਕਬਾਲ ਬਰਾੜ ਦੀ ਸੁਰੀਲੀ ਅਵਾਜ਼ ਦਾ ਵੀ ਲੋਕਾਂ ਨੇ ਆਨੰਦ ਮਾਣਿਆ। ਭੁਪਿੰਦਰ ਰਤਨ ਨੇ ਵੀ ਪਰੀ-ਰਿਕਾਰਡਡ ਮਿਊਜਿਕ ਤੇ ਲਾਈਵ ਗਾ ਕੇ ਰੌਣਕ ਲਾਈ ਰੱਖੀ। ਇਸ ਦੌਰਾਨ ਕਾਊਂਸਲਰ ਗੁਰਪ੍ਰੀਤ ਢਿੱਲੋਂ ਅਤੇ ਸਕੂਲ ਟਰੱਸਟੀ ਹਰਕੀਰਤ ਸਿੰਘ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਬਹੁਤ ਸਾਰੇ ਲੇਖਕਾਂ, ਬੁੱਧੀਜੀਵੀਆਂ ਅਤੇ ਮੀਡੀਆ ਕਰਮੀਆਂ ਨੇ ਆਪਣੀ ਹਾਜ਼ਰੀ ਲਗਵਾਈ। ਟੀ ਵੀ ਅਤੇ ਪ੍ਰਿੰਟ ਮੀਡੀਆ ਨੇ ਇਸ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ। ਸਟੇਜ ਤੋਂ ਸਮੁੱਚੇ ਮੀਡੀਏ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।