ਬਰੈਂਪਟਨ ਐਕਸ਼ਨ ਕਮੇਟੀ ਦੇ ਸੱਦੇ ‘ਤੇ ਹੋਇਆ ਜਾਗਰੂਕ ਬਰੈਂਪਟਨ-ਵਾਸੀਆਂ ਦਾ ਹੋਇਆ ਭਰਵਾਂ ਇਕੱਠ

ਐੱਨ.ਡੀ.ਪੀ. ਦੀ ਉਮੀਦਵਾਰ ਸਾਰਾ ਸਿੰਘ ਤੋਂ ਬਿਨਾਂ ਹੋਰ ਕੋਈ ਵੀ ਉਮੀਦਵਾਰ ਨਾ ਪਹੁੰਚਿਆ
ਬਰੈਂਪਟਨ, (ਡਾ.ਝੰਡ) -ਬੀਤੇ ਐਤਵਾਰ 13 ਮਈ ਨੂੰ ਬਰੈਂਪਟਨ ਐਕਸ਼ਨ ਕਮੇਟੀ ਵੱਲੋਂ 7 ਜੂਨ ਨੂੰ ਹੋ ਰਹੀਆਂ ਓਨਟਾਰੀਓ ਪ੍ਰੋਵਿੰਸ਼ੀਅਲ ਚੋਣਾਂ ਦੇ ਮੱਦੇ ਨਜ਼ਰ ਬੁਲਾਈ 1295 ਵਿਲੀਅਮ ਪਾਰਕਵੇਅ ਸਥਿਤ ‘ਟੋਰੀ ਮਿਲਰ ਰੀਕਰੀਏਸ਼ਨ ਸੈਂਟਰ’ ਵਿਚ ਬੁਲਾਈ ਗਈ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਜਾਗਰੂਕ ਬਰੈਂਪਟਨ-ਵਾਸੀਆਂ ਨੇ ਹਾਜ਼ਰੀ ਭਰੀ। ਇਸ ਇਕੱਤਰਤਾ ਵਿਚ ਪ੍ਰਬੰਧਕਾਂ ਵੱਲੋਂ ਅਗਲੇ ਮਹੀਨੇ 7 ਜੂਨ ਨੂੰ ਹੋ ਰਹੀਆਂ ਓਨਟਾਰੀਓ ਸੂਬਾਈ ਚੋਣਾਂ ਵਿਚ ਬਰੈਂਪਟਨ ਤੋਂ ਖੜੇ ਤਿੰਨਾਂ ਹੀ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕਾਂ ਦੇ ਰੂ-ਬ-ਰੂ ਹੋ ਕੇ ਆਪੋ-ਆਪਣਾ ਪੱਖ ਪੇਸ਼ ਕਰਨ ਦਾ ਸੱਦਾ ਦਿੱਤਾ ਸੀ।
ਹੈਰਾਨੀ ਦੀ ਗੱਲ ਸੀ ਕਿ ਇਸ ਵਿਚ ਬਰੈਂਪਟਨ ਸੈਂਟਰ ਤੋਂ ਖੜੀ ਐੱਨ.ਡੀ.ਪੀ. ਦੀ ਉਮੀਦਵਾਰ ਸਾਰਾ ਸਿੰਘ ਨੇ ਹੀ ਇਸ ਵਿਚ ਆਪਣੀ ਭਰਪੂਰ ਹਾਜ਼ਰੀ ਲੁਆਈ ਅਤੇ ਮੀਟਿੰਗ ਵਿਚ ਮੌਜੂਦ ਲੋਕਾਂ ਦੇ ਸੁਆਲਾਂ ਦੇ ਜੁਆਬ ਤਸੱਲੀ-ਪੂਰਵਕ ਦਿੱਤੇ। ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕ-ਹਿੱਤਾਂ ਲਈ ਵਚਨਬੱਧ ਹੈ ਅਤੇ ਉਹ ਵਰਕਰਾਂ ਦੀ ਘੱਟੋ-ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਦਾ ਸੁਆਗ਼ਤ ਕਰਦੀ ਹੈ। ਉਹ ਬਰੈਂਪਟਨ ਵਿਚ ਇਕ ਹੋਰ ਹਸਪਤਾਲ, ਗੱਡੀਆਂ ਦੀ ਇਨਸ਼ੋਅਰੈਂਸ ਘਟਾਉਣ ਅਤੇ ਡੈਂਟਲ ਹੈੱਲਥ ਕੱਵਰੇਜ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੀ ਹੈ। ਬਰੈਂਪਟਨ ਤੋਂ ਖੜੇ ਹੋਰ ਸਿਆਸੀ ਪਾਰਟੀਆਂ ਅਤੇ ਐੱਨ.ਡੀ.ਪੀ. ਦੇ ਵੀ ਕਿਸੇ ਹੋਰ ਉਮੀਦਵਾਰ ਨੇ ਇਸ ਇਕੱਤਰਤਾ ਵਿਚ ਆਉਣ ਦੀ ਖੇਚਲ ਨਹੀਂ ਕੀਤੀ, ਹਾਲਾਂ ਕਿ ਪੀ.ਸੀ. ਪਾਰਟੀ ਦੇ ਉਮੀਦਰਾਵਰ ਪ੍ਰਭਮੀਤ ਸਰਕਾਰੀਆ ਤੇ ਅਮਰਜੋਤ ਸੰਧੂ, ਲਿਬਰਲ ਪਾਰਟੀ ਦੀ ਉਮੀਦਵਾਰ ਹਰਿੰਦਰ ਮੱਲ੍ਹੀ ਅਤੇ ਐੱਨ.ਡੀ.ਪੀ. ਦੇ ਉਮੀਦਵਾਰ ਗੁਰਰਤਨ ਸਿੰਘ ਨੇ ਇਸ ਪਬਲਿਕ ਮੀਟਿੰਗ ਵਿਚ ਆਉਣ ਲਈ ਹਾਮੀ ਭਰੀ ਸੀ। ਅਜਿਹਾ ਸ਼ਾਇਦ ਉਨ੍ਹਾਂ ਦੇ ਅੱਜਕੱਲ੍ਹ ਕਿਸੇ ਹੋਰ ਅਤੀ ਜ਼ਰੂਰੀ ਰੁਝੇਵਿਆਂ ਕਾਰਨ ਹੋਇਆ ਹੋਵੇ ਜਾਂ ਇਸ ਦੇ ਕਈ ਹੋਰ ਵੀ ਨਿੱਜੀ ਕਾਰਨ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ‘ਟੋਰਾਂਟੋ ਸਟਾਰ’ ਦੀ ਨਾਮਵਰ ਪੱਤਰਕਾਰ ਸਾਰਾ ਮੌਜਤੇਹੈਜਦੇ ਅਤੇ ਡੀਨਾ ਲੇਡਜ਼ ਨੇ ਆਪਣੇ ਵਿਚਾਰ ਸਰੋਤਿਆਂ ਸਾਹਮਣੇ ਪੇਸ਼ ਕੀਤੇ। ਸਾਰਾ ਨੇ ਟੈਂਪਰੇਰੀ ਏਜੰਸੀਆਂ ਵੱਲੋਂ ਕੱਚੇ ਵਰਕਰਾਂ ਨਾਲ ਹੋ ਰਹੇ ਧੱਕੇ ਅਤੇ ਲੁੱਟ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੂੰ ਫ਼ੈਕਟਰੀਆਂ ਵਗ਼ੈਰਾ ਵਿਚ ਵਧੇਰੇ ਅਤੇ ਸਖ਼ਤ ਕੰਮ ਕਰਨ ਲਈ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੇਫ਼ਟੀ ਦਾ ਵੀ ਕੋਈ ਖਿ਼ਆਲ ਨਹੀਂ ਰੱਖਿਆ ਜਾਂਦਾ। ਕਈ ਮਾਲਕ ਕੱਚੇ ਵਰਕਰਾਂ ਨੂੰ ਕੈਸ਼ ਤਨਖ਼ਾਹ ਦਿੰਦੇ ਹਨ ਜੋ ਕਾਨੂੰਨੀ ਅਤੇ ਸੁਰੱਖਿਆ ਪੱਖੋਂ ਵੀ ਠੀਕ ਨਹੀਂ ਹੈ। ਉਨ੍ਹਾਂ ਨੂੰ ਰਸਤੇ ਵਿਚ ਮਾੜੇ ਅਨਸਰਾਂ ਵੱਲੋਂ ਲੁੱਟ ਜਾਂ ਕਿਸੇ ਹੋਰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੀਨਾ ਲੇਡਜ਼ ਨੇ ਆਪਣੇ ਸੰਬੋਧਨ ਵਿਚ ਉਨ੍ਹਾਂ ਬਿੱਲ 148 ਰਾਹੀਂ ਵਰਕਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਲਾਭਾਂ ਦੀ ਵਿਆਖਿਆ ਅਤੇ ਚਰਚਾ ਕੀਤਾ। ਅੰਗਰੇਜ਼ੀ ਵਿਚ ਕੀਤੇ ਗਏ ਉਨ੍ਹਾਂ ਦੇ ਸੰਬੋਧਨਾਂ ਨੂੰ ਨਾਹਰ ਔਜਲਾ ਅਤੇ ਨਵੀ ਔਜਲਾ ਨੇ ਸਰੋਤਿਆਂ ਦੀ ਸਹੂਲਤ ਲਈ ਪੰਜਾਬੀ ਵਿਚ ਨਾਲੋ ਨਾਲ ਅਨੁਵਾਦ ਕੀਤਾ। ਅਖ਼ੀਰ ਵਿਚ ਨਾਹਰ ਸਿੰਘ ਔਜਲਾ ਵੱਲੋਂ ਸਾਰਾ ਮੌਜਤੇਹੈਜਦੇ, ਡੀਨਾ ਲੇਡਜ਼, ਸਾਰਾ ਸਿੰਘ ਅਤੇ ਸਮੂਹ ਹਾਜ਼ਰੀਨ ਦਾ ਇਸ ਪਬਲਿਕ ਮੀਟਿੰਗ ਵਿਚ ਆਉਣ ਲਈ ਧੰਨਵਾਦ ਕੀਤਾ ਗਿਆ।