ਬਰੈਂਪਟਨ- ਆਰਥਕ ਰੀਵਿਊ ਦੀ ਰੋਸ਼ਨੀ ਵਿੱਚ ਗੁਆਚਦੇ ਵਿਕਾਸ ਦੇ ਅਰਥ?

zzzzzzzz-300x1111ਬਰੈਂਪਟਨ ਸਿਟੀ ਦੇ ਵਿਕਾਸ ਦਾ ਕੈਨੇਡਾ ਵਿੱਚ ਵੱਸਦੀ ਪੰਜਾਬੀ ਕਮਿਊਨਿਟੀ ਦੇ ਵਿਕਾਸ ਨਾਲ ਗਹਿਰਾ ਸਬੰਧ ਹੈ ਕਿਉਂਕਿ ਪੰਜਾਬੀ ਭਾਈਚਾਰੇ ਦਾ ਵੱਡਾ ਹਿੱਸਾ ਇੱਥੇ ਆ ਕੇ ਵੱਸਣ ਨੂੰ ਤਰਜੀਹ ਦੇਂਦਾ ਹੈ। ਕੱਲ ਬਰੈਂਪਟਨ ਸਿਟੀ ਦੇ ਆਰਥਕ ਵਿਕਾਸ ਅਤੇ ਸੱਭਿਆਚਾਰਕ ਦਫ਼ਤਰ ਵੱਲੋਂ ਸਾਲਾਨਾ ਆਰਥਕ ਰੀਵਿਊ ਜਾਰੀ ਕੀਤਾ ਗਿਆ ਜਿਸ ਵਿੱਚ 2016 ਦੀਆਂ ਸਫ਼ਲਤਾਵਾਂ ਨੂੰ ਦਰਸਾਇਆ ਗਿਆ ਹੈ। ਜੇਕਰ ਇਸ ਦਸਤਾਵੇਜ਼ ਦੀ ਛਪਾਈ ਅਤੇ ਦਿੱਖ ਚੰਗੇ ਭੱਵਿਖ ਦੀ ਸੂਚਕ ਹੈ ਤਾਂ ਬਰੈਂਪਟਨ ਸਿਟੀ ਸੱਚਮੁੱਚ ਹੀ ਵਿਕਾਸ ਦੇ ਮਾਰਗ ਉੱਤੇ ਛਾਲਾਂ ਮਾਰਦਾ ਅੱਗੇ ਵੱਧ ਰਿਹਾ ਹੈ। ਜੇਕਰ ਇਸ ਦਸਤਾਵੇਜ਼ ਉੱਤੇ ਛਾਪੀਆਂ ਗਈਆਂ ਫੋਟੋਆਂ ਕਮਿਊਨਿਟੀ ਵਿੱਚ ਪੱਸਰੀ ਖੁਸ਼ਹਾਲੀ ਪੱਸਰਨ ਦਾ ਸੰਕੇਤ ਹਨ ਤਾਂ ਬਰੈਂਪਟਨ ਵਿੱਚ ਸੱਭ ਕੁੱਝ ਚੰਗਾ ਹੀ ਚੰਗਾ ਹੋ ਰਿਹਾ ਹੈ। ਪਰ ਥੋਹੜਾ ਜਿਹਾ ਗਹਿਰਾਈ ਨਾਲ ਘੋਖਣ ਉੱਤੇ ਪਤਾ ਲੱਗਦਾ ਹੈ ਕਿ ਜੋ ਕੁੱਝ ਹਾਂਡੀ ਵਿੱਚ ਰਿੱਝ ਰਿਹਾ ਹੈ, ਉਸਦਾ ਢੱਕਣ ਨਾ ਹੀ ਚੁੱਕਿਆ ਜਾਵੇ ਤਾਂ ਚੰਗਾ ਹੈ।

ਆਖਦੇ ਹਨ ਕਿ ਅੰਕੜੇ ਉਸ ਕਲਾ ਨੂੰ ਅਮਲੀ ਜਾਮਾ ਪਹਿਨਾਉਣ ਦਾ ਸੱਭ ਤੋਂ ਬਿਹਤਰ ਤਰੀਕਾ ਹੁੰਦੇ ਹਨ ਜਿਸ ਵਿੱਚ ਸੱਚ ਉਹੋ ਜਿਹਾ ਵਿਖਾਈ ਦੇਂਦਾ ਹੈ ਜਿਹੋ ਜਿਹਾ ਅੰਕੜਿਆਂ ਨੂੰ ਵਰਤਣ ਵਾਲਾ ਵਿਖਾਉਣਾ ਚਾਹੁੰਦਾ ਹੈ। ਇਸ ਵਾਸਤੇ ਸਾਨੂੰ ਬਰੈਂਪਟਨ ਦੇ ਅੰਕੜਿਆਂ ਨੂੰ ਮਿਸੀਸਾਗਾ ਨਾਲ ਮੁਕਾਬਲਾ ਕਰਕੇ ਵੇਖਣ ਅਤੇ ਸੁਤੰਤਰ ਪੜਚੋਲ ਕਰਨ ਨਾਲ ਸੱਚ ਦੇ ਨੇੜੇ ਹੋ ਕੇ ਸਮਝਣ ਦਾ ਮੌਕਾ ਮਿਲੇਗਾ।

ਬਰੈਂਪਟਨ ਦਾ ਦਸਤਾਵੇਜ਼ ਦੱਸਦਾ ਹੈ ਕਿ ਸਿਟੀ ਵਿੱਚ ਹਰ ਸਾਲ ਔਸਤਨ 290 ਨਵੇਂ ਬਿਜਨਸ ਪੈਦਾ ਕੀਤੇ ਜਾਂਦੇ ਹਨ ਜਿਸਦਾ ਅਰਥ ਹੋਇਆ ਕਿ ਪਿਛਲੇ ਤਿੰਨ ਸਾਲ ਦੇ ਅਰਸੇ ਵਿੱਚ 870 ਨਵੇਂ ਬਿਜਸਨ ਪੈਦਾ ਕੀਤੇ ਗਏ। ਇਸਦੇ ਮੁਕਾਬਲੇ ਮਿਸੀਸਾਗਾ ਵਿੱਚ 2013 ਵਿੱਚ 59,160 ਬਿਜਨਸ ਸਨ ਜੋ ਕਿ 2015 ਵਿੱਚ ਵੱਧ ਕੇ 86,170 ਹੋ ਗਏ ਭਾਵ ਤਿੰਨ ਸਾਲ ਦੇ ਅਰਸੇ ਵਿੱਚ 27,000 ਨਵੇਂ ਬਿਜਨਸ ਅਦਾਰੇ ਪੈਦਾ ਹੋਏ। ਇਹ ਦੋਵੇਂ ਅੰਕੜੇ ਬਰੈਂਪਟਨ ਅਤੇ ਮਿਸੀਸਾਗਾ ਦੀਆਂ ਅਧਿਕਾਰਤ ਵੈੱਬਸਾਈਟਾਂ ਤੋਂ ਲਏ ਗਏ ਹਨ। ਹੁਣ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਹੜਾ ਸ਼ਹਿਰ ਕਿੱਥੇ ਖੜਾ ਹੈ? ਕੈਨੇਡਾ ਵਿੱਚ ਬੇਰੁਜ਼ਗਾਰੀ ਦੀ ਦਰ 6.5% ਹੈ ਜਦੋਂ ਕਿ ਉਂਟੇਰੀਓ ਦੀ 5.8% ਹੈ ਜਿਸਦੇ ਮੁਕਾਬਲੇ ਪੀਲ ਰੀਜਨ ਵਿੱਚ ਇਹ ਦਰ 7.1% ਹੈ।

ਬਰੈਂਪਟਨ ਵਿੱਚ 2016 ਵਿੱਚ 2040 ਨੌਕਰੀਆਂ ਪੈਦਾ ਹੋਈਆਂ ਜਦੋਂ ਕਿ ਸਿਟੀ ਦੀ ਜਨਸੰਖਿਆ ਵਿੱਚ ਹਰ ਸਾਲ 14000 ਲੋਕਾਂ ਦਾ ਵਾਧਾ ਹੋ ਰਿਹਾ ਹੈ। ਜੇਕਰ ਇਹਨਾਂ 14000 ਲੋਕਾਂ ਦਾ 30% ਲੋਕ ਵੀ ਰੁਜ਼ਗਾਰ ਹਾਸਲ ਕਰਨ ਦੇ ਯੋਗ ਹੋਣ ਤਾਂ ਹਰ ਸਾਲ 4200 ਲੋਕਾਂ ਨੂੰ ਨਵੀਆਂ ਨੌਕਰੀਆਂ ਚਾਹੀਦੀਆਂ ਹਨ। ਇਸਦਾ ਅਰਥ ਹੈ ਕਿ ਬਰੈਂਪਟਨ ਹਰ ਸਾਲ 2000 ਬੇਰੁਜ਼ਗਾਰਾਂ ਨੂੰ ਪੈਦਾ ਕਰ ਰਿਹਾ ਹੈ। ਸੁਆਲ ਸਿਰਫ਼ ਬੇਰੁਜ਼ਗਾਰੀ ਦਾ ਹੀ ਨਹੀਂ ਸਗੋਂ ਇਹ ਵੀ ਹੈ ਕਿ ਕਿਹੋ ਜਿਹਾ ਰੁਜ਼ਗਾਰ ਪੈਦਾ ਹੋ ਰਿਹਾ ਹੈ। ਜਿਹਨਾਂ 2000 ਨਵੀਆਂ ਨੌਕਰੀਆਂ ਦੀ ਗੱਲ ਆਰਥਕ ਰੀਵਿਊ ਵਿੱਚ ਕੀਤੀ ਗਈ ਹੈ, ਸਿਟੀ ਦਸਤਾਵੇਜ਼ ਦੱਸਦਾ ਹੈ ਕਿ ਉਹਨਾਂ ਵਿੱਚੋਂ ਬਹੁਤੀਆਂ ਐਮਾਜ਼ੋਨ, ਅਤੇ ਫੂਡ ਅਤੇ ਬੈਵਰੇਜ ਸੈਕਟਰ ਵਿੱਚੋਂ ਹਨ ਜਿੱਥੇ ਜਿ਼ਆਦਾਤਰ ਲੋਕਾਂ ਨੂੰ ਘੱਟ ਘੱਟ ਵੇਤਨ ਦੇ ਲਾਗੇ ਤਨਖਾਹ ਮਿਲਦੀ ਹੁੰਦੀ ਹੈ। ਚੇਤੇ ਰਹੇ ਕਿ ਬਰੈਂਪਟਨ ਵਿੱਚ ਪੈਦਾ ਹੋਈਆਂ 2040 ਨਵੀਆਂ ਨੌਕਰੀਆਂ ਵਿੱਚੋਂ 700 ਇੱਕਲੇ ਐਮਾਜ਼ੋਨ ਕਾਰਣ ਹੋਈਆਂ ਜਿੱਥੇ ਬਹੁ ਗਿਣਤੀ ਵੇਅਰਹਾਊਸ ਜੌਬਾਂ ਹਨ। ਮਜ਼ੇਦਾਰ ਗੱਲ ਕਿ ਬਰੈਂਪਟਨ ਸਿਟੀ ਨੂੰ ਇਸ ਗੱਲ ਉੱਤੇ ਬਹੁਤ ਮਾਣ ਹੈ ਕਿ ਐਮਾਜ਼ੋਨ ਨੇ ਸਿਟੀ ਦੇ ਰੋਬੋਟਿਕਸ ਸੈਂਟਰ ਨੂੰ 10 ਹਜ਼ਾਰ ਡਾਲਰ ਦਾ ਦਾਨ ਦਿੱਤਾ ਹੈ। ਜਿਸ ਸ਼ਹਿਰ ਦੇ ਆਰਥਕ ਮੁਲਾਂਕਣ ਵਿੱਚ 8 ਲੱਖ 50 ਹਜ਼ਾਰ ਵਰਗ ਫੁੱਟ ਦੇ ਵੇਅਰ ਹਾਊਸ ਵੱਲੋਂ 10 ਹਜ਼ਾਰ ਡਾਲਰ ਦਾਨ ਦੇਣਾ ਮਹਾਨ ਘਟਨਾ ਜਾਪਦੀ ਹੈ, ਉੱਥੇ ਵਿਕਾਸ ਸੱਚਮੁੱਚ ਨਵੀਆਂ ਉਚਾਈਆਂ ਛੂਹ ਰਿਹਾ ਹੋਣਾ ਚਾਹੀਦਾ ਹੈ।

ਇੱਥੇ ਆਈਡੀਆ ਬਰੈਂਪਟਨ ਸਿਟੀ ਦੀਆਂ ਖਾਮੀਆਂ ਕੱਢਣਾ ਨਹੀਂ ਸਗੋਂ ਇਸ ਗੱਲ ਨੂੰ ਉਜਾਗਰ ਕਰਨਾ ਹੈ ਕਿ 2016 ਵਿੱਚ ਦੇਸ਼ ਦੇ 9ਵੇਂ ਵੱਡਾ ਸ਼ਹਿਰ ਵਿੱਚ 11 ਹਜ਼ਾਰ ਮਕਾਨ ਤਾਂ ਵੇਚੇ ਗਏ ਲੇਕਿਨ ਰੁਜ਼ਗਾਰ ਦੇ ਅਵਸਰ ਸੰੁਗੜਦੇ ਜਾ ਰਹੇ ਹਨ। ਕਿਸੇ ਵੀ ਸ਼ਹਿਰ ਦਾ ਵਿਕਾਸ ਰੁਜ਼ਗਾਰ ਅਤੇ ਵਿਉਪਾਰ ਨਾਲ ਜੁੜਿਆ ਹੁੰਦਾ ਹੈ ਨਾ ਕਿ ਮਕਾਨ ਉਸਾਰੀ ਨਾਲ। ਬਰੈਂਪਟਨ ਸਿਟੀ ਖੁਦ ਹੀ ਕਬੂਲ ਕਰ ਰਿਹਾ ਹੈ ਕਿ ਸਾਲ 2041 ਤੱਕ ਇੱਥੇ ਮਕਾਨ ਉਸਾਰੀ ਸੱਭ ਤੋਂ ਵੱਡਾ ਧੰਦਾ ਰਹੇਗੀ ਪਰ ਇਹ ਨਹੀਂ ਦੱਸ ਰਿਹਾ ਕਿ ਇਸ ਸਥਿਤੀ ਨੂੰ ਬਦਲਣ ਲਈ ਕੀ ਕੀਤਾ ਜਾ ਰਿਹਾ ਹੈ? ਜੇਕਰ ਅਜਿਹੀ ਰੂਪ ਰੇਖਾ ਕਿਸੇ ਚੰਗੇ ਭੱਵਿਖ ਦੀ ਸੂਚਕ ਹੈ ਤਾਂ ਬਰੈਂਪਟਨ ਵਾਸੀਆਂ ਨੂੰ ਉੱਕਾ ਹੀ ਕਿਸੇ ਗੱਲ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ।