ਬਰਿਕਸ ਸਮਾਗਮ: ਚੀਨ ਦੀ ਹਾਜ਼ਰੀ ਵਿੱਚ ਪਾਕਿ ਨੂੰ ਦਹਿਸ਼ਤਗਰਦੀ ਦੇ ਮੁੱਦੇ ਤੋਂ ਝਟਕਾ

bricks 2017
ਸ਼ਿਆਮਨ, 4 ਸਤੰਬਰ, (ਪੋਸਟ ਬਿਊਰੋ)- ਪੰਜ ਦੇਸ਼ਾਂ ਦੇ ਬਰਿਕਸ ਸਮਾਗਮ ਵਿੱਚ ਅੱਜ ਓਦੋਂ ਭਾਰਤ ਦੀ ਡਿਪਲੋਮੈਟਿਕ ਜਿੱਤ ਹੋ ਗਈ, ਜਦੋਂ ਇਸ ਸੰਸਥਾ ਦੇ ਪੰਜੇ ਦੇਸ਼ਾਂ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਆਦਿ ਪਾਕਿਸਤਾਨ ਤੋਂ ਚੱਲਦੇ ਦਹਿਸ਼ਤਗਰਦ ਗਰੁੱਪਾਂ ਵੱਲੋਂ ਹਿੰਸਾ ਫੈਲਾਉਣ ਬਾਰੇ ਪਹਿਲੀ ਵਾਰ ਬਾਕਾਇਦਾ ਜਿ਼ਕਰ ਕੀਤਾ।
ਚੀਨ ਵਿੱਚ ਅਤੇ ਚੀਨ ਦੀ ਭਾਈਵਾਲੀ ਵਿੱਚ ਪੰਜ ਬਰਿੱਕਸ ਦੇਸ਼ਾਂ ਨੇ ਸਾਂਝੇ ਮਤੇ ਵਿੱਚ ਕਿਹਾ ਕਿ ਜਿਹੜੇ ਲੋਕ ਦਹਿਸ਼ਤਗਰਦ ਕਾਰਵਾਈਆਂ ਨੂੰ ਹਮਾਇਤ ਦੇਂਦੇ ਹਨ, ਉਨ੍ਹਾਂ ਨੂੰ ਜਵਾਬਦੇਹ ਮੰਨਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਟੇਮਰ ਅਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਜੈਕਬ ਜ਼ੁਮਾ ਨੇ ਅਜਿਹੀਆਂ ਜਥੇਬੰਦੀਆਂ ਦੀ ਦਹਿਸ਼ਤਗਰਦੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਇਸ ਸਮੱਸਿਆ ਨਾਲ ਇਕਮੁੱਠ ਹੋ ਕੇ ਲੜਨ ਦੇ ਲਈ ਵਚਨਬੱਧਤਾ ਪ੍ਰਗਟਾਈ। ਬਰਿੱਕਸ ਸੰਮੇਲਨ ਦੇ ਅਖੀਰ ਉੱਤੇ 43 ਸਫ਼ਿਆਂ ਦਾ ‘ਸ਼ਿਆਮਨ ਐਲਾਨ’ ਅਪਣਾਇਆ ਗਿਆ ਤੇ ਅਫ਼ਗਾਨਿਸਤਾਨ ਵਿੱਚ ਹਿੰਸਾ ਤੁਰੰਤ ਰੋਕਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ। ਇਸ ਐਲਾਨਨਾਮੇ ਵਿੱਚ ਦਹਿਸ਼ਤਗਰਦ ਜਥੇਬੰਦੀਆਂ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਹੱਕਾਨੀ ਨੈੱਟਵਰਕ, ਹਿਜ਼ਬ ਉਤ-ਤਹਿਰੀਰ, ਤਾਲਿਬਾਨ, ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਤ, ਅਲ ਕਾਇਦਾ ਅਤੇ ਇਸ ਦੀਆਂ ਸਹਾਇਕ ਜਥੇਬੰਦੀਆਂ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਅਤੇ ਇਸਲਾਮਿਕ ਮੂਵਮੈਂਟ ਆਫ਼ ਉਜ਼ਬੇਕਿਸਤਾਨ ਦਾ ਜ਼ਿਕਰ ਕੀਤਾ ਗਿਆ ਅਤੇ ਇਨ੍ਹਾਂ ਵੱਲੋਂ ਇਸ ਖ਼ਿੱਤੇ ਵਿੱਚ ਫੈਲਾਈ ਜਾਂਦੀ ਹਿੰਸਾ ਦੇ ਹਾਲਾਤ ‘ਤੇ ਉਚੇਚੀ ਚਿੰਤਾ ਜਤਾਈ ਗਈ।
ਵਰਨਣ ਯੋਗ ਹੈ ਕਿ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਪਿਛਲੇ ਸਮੇਂ ਵਿੱਚ ਚੀਨ ਦੇ ਸ਼ਿਨਜਿਆਂਗ ਦੇ ਉਈਗਰ ਖੁਦਮੁਖਤਿਆਰ ਖ਼ਿੱਤੇ ਵਿੱਚ ਸਰਗਰਮ ਹੈ ਅਤੇ ਉਹ ਵੱਖਰਾ ਪੂਰਬੀ ਤੁਰਕਿਸਤਾਨ ਬਣਾਉਣ ਦੀ ਮੰਗ ਕਰ ਰਹੇ ਹਨ। ਬਰਿਕਸ ਦੇਸ਼ਾਂ ਦੇ 9ਵੇਂ ਸਿਖਰ ਸੰਮੇਲਨ ਦੌਰਾਨ ਇਨ੍ਹਾਂ ਪੰਜ ਦੇਸ਼ਾਂ ਦੇ ਆਗੂਆਂ ਨੇ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਨਿਖੇਧੀ ਕਰਦਿਆਂ ਜ਼ੋਰ ਦਿੱਤਾ ਕਿ ਦਹਿਸ਼ਤਗਰਦੀ ਦੀ ਕਿਸੇ ਵੀ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਭਾਰਤ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਹਿਸ਼ਤਗਰਦੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ, ਜਿਸ ਦੀ ਹੋਰ ਆਗੂਆਂ ਨੇ ਹਮਾਇਤ ਕੀਤੀ। ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੂਰਬੀ) ਪ੍ਰੀਤੀ ਸਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਬਰਿਕਸ ਐਲਾਨਨਾਮੇ ਵਿੱਚ ਦਹਿਸ਼ਤਗਰਦ ਜਥੇਬੰਦੀਆਂ ਨੂੰ ਦਰਜ ਕੀਤਾ ਗਿਆ ਹੈ। ਸਰਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਮੇਲਨ ਵਿੱਚ ਯੂ ਐੱਨ ਸਕਿਓਰਟੀ ਕੌਂਸਲ ਵਿੱਚ ਸੁਧਾਰਾਂ ਵਾਸਤੇ ਤੇਜ਼ੀ ਦੇ ਮੁੱਦੇ ਨੂੰ ਵੀ ਉਠਾਇਆ।
ਚੇਤੇ ਰੱਖਣ ਯੋਗ ਹੈ ਕਿ ਪਿਛਲੀ ਵਾਰੀ ਗੋਆ ਵਿੱਚ ਹੋਏ ਬਰਿਕਸ ਦੇਸ਼ਾਂ ਦੇ ਸੰਮੇਲਨ ਦੌਰਾਨ ਚੀਨ ਨੇ ਪਾਕਿਸਤਾਨ ਵਿੱਚੋਂ ਚੱਲਦੀਆਂ ਦਹਿਸ਼ਤਗਰਦ ਜਥੇਬੰਦੀਆਂ ਦਾ ਨਾਮ ਐਲਾਨਨਾਮੇ ਵਿੱਚ ਸ਼ਾਮਲ ਕਰਨ ਦੀ ਆਗਿਆ ਨਹੀਂ ਦਿੱਤੀ ਸੀ। ਇਸ ਵਾਰੀ ਬਰਿਕਸ ਦੇਸ਼ਾਂ ਨੇ ਉੱਤਰ ਕੋਰੀਆ ਵੱਲੋਂ ਕੀਤੇ ਐਟਮੀ ਪ੍ਰੀਖਣ ਦੀ ਵੀ ਤਿੱਖੀ ਨੁਕਤਾਚੀਨੀ ਕੀਤੀ।