ਬਰਫਬਾਰੀ ਤੇ ਮੀਂਹ ਕਾਰਨ ਦੱਖਣੀ ਓਨਟਾਰੀਓ ਵਿੱਚ ਜਨਜੀਵਨ ਠੱਪ

ਹਜ਼ਾਰਾਂ ਲੋਕ ਬਿਜਲੀ ਤੋਂ ਵਾਂਝੇ
ਟੋਰਾਂਟੋ, 16 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਦੇ ਦੱਖਣੀ ਤੇ ਕੇਂਦਰੀ ਹਿੱਸੇ ਵਿੱਚ ਹਜ਼ਾਰਾਂ ਲੋਕਾਂ ਨੂੰ ਸੋਮਵਾਰ ਸਵੇਰੇ ਬਿਜਲੀ ਤੋਂ ਬਿਨਾਂ ਹੀ ਗੁਜ਼ਾਰਾ ਕਰਨਾ ਪਿਆ। ਪ੍ਰੋਵਿੰਸ ਵਿੱਚ ਆਇਆ ਬਰਫੀਲਾ ਤੂਫਾਨ ਹੌਲੀ ਹੌਲੀ ਮੀਂਹ ਵਿੱਚ ਬਦਲ ਗਿਆ।
ਪ੍ਰੋਵਿੰਸ਼ੀਅਲ ਪਾਵਰ ਯੂਟਿਲਿਟੀ ਹਾਈਡਰੋ ਵੰਨ ਵੱਲੋਂ ਸੋਮਵਾਰ ਸਵੇਰੇ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅਮਲਾ 40,000 ਗਾਹਕਾਂ ਨੂੰ ਮੁੜ ਤੋਂ ਬਿਜਲੀ ਸਪਲਾਈ ਦੇਣ ਲਈ ਜੀਤੋੜ ਕੋਸਿ਼ਸ਼ ਕਰ ਰਿਹਾ ਸੀ ਜਦਕਿ ਟੋਰਾਂਟੋ ਹਾਈਡਰੋ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 20,000 ਗਾਹਕ ਹਨ੍ਹੇਰੇ ਵਿੱਚ ਹੀ ਰਹਿਣ ਲਈ ਮਜਬੂਰ ਹੋਇਆ ਪਿਆ ਹੈ। ਬਹੁਤੇ ਮਾਮਲਿਆਂ ਵਿੱਚ ਅਮਲਾ ਬਿਜਲੀ ਦੀਆਂ ਲਾਈਨਾਂ ਉੱਤੇ ਕੰਮ ਕਰ ਰਿਹਾ ਹੈ ਤੇ ਖੰਭੇ ਵੀ ਉੱਖੜ ਗਏ ਹਨ। ਤੇਜ਼ ਹਵਾਵਾਂ ਜਾਂ ਬਰਫ ਨਾਲ ਰੁੱਖ ਲੱਦੇ ਗਏ। ਬਰਫਬਾਰੀ, ਹੱਢ ਜਮਾ ਦੇਣ ਵਾਲੇ ਮੀਂਹ ਤੇ ਮੀਂਹ ਤੋਂ ਇਲਾਵਾ ਤੇਜ਼ ਹਵਾਵਾਂ ਨੇ ਸਾਰੇ ਇਲਾਕੇ ਨੂੰ ਝੰਭ ਕੇ ਰੱਖ ਦਿੱਤਾ।
ਇਸ ਕਾਰਨ ਸ਼ਨਿੱਚਰਵਾਰ ਤੇ ਐਤਵਾਰ ਨੂੰ ਡਰਾਈਵਿੰਗ ਦੇ ਹਾਲਾਤ ਕਾਫੀ ਖਰਾਬ ਰਹੇ। ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਦੋ ਦਿਨਾਂ ਵਿੱਚ 1450 ਦੇ ਨੇੜੇ ਤੇੜੇ ਹਾਦਸੇ ਹੋਏ। ਇਸ ਤੂਫਾਨ ਕਾਰਨ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 600 ਉਡਾਨਾਂ ਰੱਦ ਹੋ ਗਈਆਂ ਤੇ ਕਈ ਹੋਰ ਉਡਾਨਾਂ ਵਿੱਚ ਦੇਰ ਵੀ ਹੋਈ। ਟੋਰਾਂਟੋ ਦੇ ਡਾਊਨਟਾਊਨ ਬਿੱਲੀ ਬਿਸ਼ਪ ਏਅਰਪੋਰਟ ਨੇ ਐਤਵਾਰ ਨੂੰ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ।
ਖਰਾਬ ਮੌਸਮ ਕਾਰਨ ਕੁੱਝ ਯੂਨੀਵਰਸਿਟੀ ਤੇ ਕਾਲਜਾਂ ਵੱਲੋਂ ਵੀ ਕਲਾਸਾਂ ਤੇ ਐਗਜ਼ਾਮ ਰੱਦ ਕਰ ਦਿੱਤੇ ਗਏ। ਭਾਰੀ ਮੀਂਹ ਰਾਤ ਭਰ ਜਾਰੀ ਰਹਿਣ ਕਾਰਨ ਲੋਕਲ ਲੈਵਲ ਉੱਤੇ ਹੜ੍ਹ ਆਉਣ ਦਾ ਵੀ ਇੱਕ ਵਾਰੀ ਤਾਂ ਖਤਰਾ ਬਣ ਗਿਆ। ਇਸੇ ਦੌਰਾਨ ਪੁਲਿਸ ਨੇ ਡਰਾਈਵਰਾਂ ਨੂੰ ਅਹਿਤਿਆਤਨ ਗੱਡੀਆਂ ਹੌਲੀ ਚਲਾਉਣ ਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ।