ਬਰਨੀਅਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਵਿੱਚ ਓਲਿਏਰੀ ਨਿਭਾਉਣਗੇ ਅਹਿਮ ਭੂਮਿਕਾ

o'learyਓਟਵਾ, 18 ਮਈ (ਪੋਸਟ ਬਿਊਰੋ) : ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚੋਂ ਬਾਹਰ ਹੋਏ ਸੈਲੇਬ੍ਰਿਟੀ ਕਾਰੋਬਾਰੀ ਕੈਵਿਨ ਓਲਿਏਰੀ ਨੇ ਕਿਊਬਿਕ ਤੋਂ ਐਮਪੀ ਮੈਕਸਿਮ ਬਰਨੀਅਰ ਦਾ ਸਾਥ ਤੋੜ ਨਿਭਾਉਣ ਦਾ ਵਾਅਦਾ ਕੀਤਾ ਹੈ। ਓਲਿਏਰੀ ਦਾ ਕਹਿਣਾ ਹੈ ਕਿ ਉਹ ਫੈਸਲਾ ਸੁਣਾਏ ਜਾਣ ਵਾਲੇ ਦਿਨ ਤੱਕ ਹੀ ਨਹੀਂ ਸਗੋਂ ਉਸ ਤੋਂ ਬਾਅਦ ਵੀ ਬਰਨੀਅਰ ਦੀ ਮਦਦ ਕਰਦੇ ਰਹਿਣਗੇ। ਦੋਵੇਂ ਚੋਣ ਦੇ ਨਤੀਜੇ ਵਾਲੇ ਦਿਨ ਤੋਂ ਬਾਅਦ ਵੀ ਰਲ ਕੇ ਕੰਮ ਕਰਨ ਦੀ ਯੋਜਨਾ ਉਲੀਕ ਰਹੇ ਹਨ।
ਬਰਨੀਅਰ ਦਾ ਕਹਿਣਾ ਹੈ ਕਿ ਜੇ ਉਹ ਜਿੱਤਦੇ ਹਨ ਤਾਂ ਉਹ ਓਲਿਏਰੀ ਨੂੰ ਅਗਲੇ ਦੋ ਸਾਲਾਂ ਤੱਕ ਆਪਣੀ ਸਿਆਸੀ ਪਾਰਟੀ ਦੇ ਅੰਦਰੂਨੀ ਦਾਇਰੇ ਵਿੱਚ ਰੱਖਣਗੇ ਤੇ ਫਿਰ ਸ਼ਾਇਦ ਉਹ ਓਲਿਏਰੀ ਨੂੰ 2019 ਵਿੱਚ ਹਾਊਸ ਆਫ ਕਾਮਨਜ਼ ਦੀ ਸੀਟ ਲਈ ਲੜਨ ਵਾਸਤੇ ਮਨਾ ਲੈਣ। ਪਰ ਅਜੇ ਉਨ੍ਹਾਂ ਇਸ ਸਬੰਧ ਵਿੱਚ ਕੋਈ ਕਰਾਰ ਨਹੀਂ ਕੀਤਾ ਹੈ। ਓਲੀਏਰੀ ਦੀ ਮੌਜੂਦਗੀ ਵਿੱਚ ਇੱਕ ਇੰਟਰਵਿਊ ਦਿੰਦਿਆਂ ਬਰਨੀਅਰ ਨੇ ਆਖਿਆ ਕਿ ਅਗਲੇ ਦੋ ਸਾਲਾਂ ਲਈ ਓਲਿਏਰੀ ਉਨ੍ਹਾਂ ਦੇ ਆਰਥਿਕ ਸਲਾਹਕਾਰ ਹੋ ਸਕਦੇ ਹਨ। ਪਰ ਜੇ ਉਹ ਚੋਣਾਂ ਵਿੱਚ ਖੜ੍ਹੇ ਹੋ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਮਰਜ਼ੀ ਹੋਵੇਗੀ।
ਹੁਣ 10 ਦਿਨਾਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਜਦੋਂ ਪਾਰਟੀ ਦੇ ਆਗੂ ਦਾ ਐਲਾਨ ਕੀਤਾ ਜਾਵੇਗਾ ਤੇ ਵੋਟਿੰਗ ਚੱਲ ਰਹੀ ਹੈ। 260,000 ਯੋਗ ਮੈਂਬਰਾਂ ਦੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ। ਜਦੋਂ ਓਲਿਏਰੀ ਇੱਕ ਉਮੀਦਵਾਰ ਵਜੋਂ ਮੈਦਾਨ ਵਿੱਚ ਸਨ ਤਾਂ ਉਨ੍ਹਾਂ ਤਿੰਨ ਮਹੀਨਿਆਂ ਵਿੱਚ 35,000 ਮੈਂਬਰਾਂ ਨੂੰ ਸਾਈਨ ਕੀਤਾ ਸੀ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਬਰਨੀਅਰ ਦੇ ਹੱਕ ਵਿੱਚ ਭੁਗਤਣ ਦੀ ਉਮੀਦ ਹੈ।
ਦੋਵਾਂ ਦੇ ਰਲੇਵੇਂ ਦੀ ਹੋਈ ਇਸ ਡੀਲ ਤਹਿਤ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਓਲਿਏਰੀ ਦੇ ਸਟਾਫ ਨੂੰ ਬਰਨੀਅਰ ਐਡਜਸਟ ਕਰਨਗੇ। ਪਰ ਬਰਨੀਅਰ, ਜੋ ਕਿ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਵਿੱਚੋਂ ਮੂਹਰੇ ਹਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਲੀਡ ਪਿੱਛੇ ਓਲਿਏਰੀ ਵੱਲੋਂ ਮਿਲ ਰਹੇ ਸਮਰਥਨ ਦਾ ਹੀ ਹੱਥ ਹੈ।