ਬਰਗਾੜੀ ਤੋਂ ਚੋਰੀ ਕੀਤੇ ਸਰੂਪ ਪੁਲਸ ਸੂਤਰਾਂ ਅਨੁਸਾਰ ਡਰੇਨ ਵਿੱਚ ਸੁੱਟੇ ਗਏ


ਬਠਿੰਡਾ, 13 ਜੂਨ, (ਪੋਸਟ ਬਿਊਰੋ)- ਪਿਛਲੇ ਕਈ ਦਿਨਾਂ ਦੀ ਜਾਂਚ ਤੋਂ ਬਾਅਦ ਪੁਲਸ ਦੇ ਸੂਤਰਾਂ ਤੋਂ ਸੰਕੇਤ ਮਿਲ ਗਿਆ ਹੈ ਕਿ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਤੇ ਇਸ ਕਾਂਡ ਦੇ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੇ ਬਰਗਾੜੀ ਕਾਂਡ ਦੀ ਸ਼ੁਰੂਆਤ ਵੇਲੇ ਗੁਰੂ ਘਰ ਤੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਾਏ ਸਨ, ਉਨ੍ਹਾਂ ਦੇ ਛੇ ਸੌ ਦੇ ਕਰੀਬ ਪੰਨਿਆਂ ਨੂੰ ਡਰੇਨ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਸਰੂਪ ਬਰਾਮਦ ਕਰਨ ਵਾਸਤੇ ਕੀਤੀ ਗਈ ਕੋਸਿ਼ਸ਼ ਖਤਮ ਹੁੰਦੀ ਨਜ਼ਰ ਆਉਂਦੀ ਹੈ।
ਉੱਚ ਪੱਧਰੀ ਸੂਤਰਾਂ ਦੇ ਦੱਸਣ ਅਨੁਸਾਰ ਸਿੱਟ ਦੀ ਜਾਂਚ ਤੋਂ ਪਤਾ ਲੱਗਾ ਕਿ ਮਹਿੰਦਰਪਾਲ ਬਿੱਟੂ ਇਸ ਸਰੂਪ ਦੀ ਬਰਾਮਦਗੀ ਬਾਰੇ ਜਾਂਚ ਦੌਰਾਨ ਲਗਾਤਾਰ ਬਿਆਨ ਬਦਲਦਾ ਰਿਹਾ ਤੇ ਅੰਤ ਵਿੱਚ ਉਸ ਨੇ ਇਹ ਸਰੂਪ ਡਰੇਨ ਵਿੱਚ ਸੁੱਟ ਦੇਣ ਦੀ ਗੱਲ ਮੰਨ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿੱਚੋਂ ਤਿੰਨ ਸਾਲ ਪਹਿਲਾਂ 1 ਜੂਨ 2015 ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ ਅਤੇ ਅੱਜ ਤੱਕ ਦੀ ਜਾਂਚ ਅਨੁਸਾਰ ਇਹ ਸਰੂਪ ਬਰਾਮਦ ਕੀਤੇ ਜਾਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ। ਪਤਾ ਲੱਗਾ ਹੈ ਕਿ ਸਰੂਪ ਦੇ ਬਰਾਮਦ ਹੋਣ ਦੀ ਕਹਾਣੀ ਖਤਮ ਹੋਣ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਪੁਲੀਸ ਦੇ ਮੁਖੀ ਇਸ ਕੇਸ ਬਾਰੇ ਜਲਦੀ ਹੀ ਮੀਡੀਆ ਕੋਲ ਸਾਰੀ ਸਥਿਤੀ ਦਾ ਖ਼ੁਲਾਸਾ ਕਰ ਸਕਦੇ ਹਨ।
ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਇਸ ਕਾਰਵਾਈ ਦੇ ਬਾਅਦ ਬਰਗਾੜੀ ਕਾਂਡ ਦੀ ਕੀਤੀ ਜਾਂਚ ਲਈ ਅਗਲਾ ਕੰਮ ਸੀ ਬੀ ਆਈ ਦਾ ਸਮਝਿਆ ਜਾਂਦਾ ਹੈ। ਹਾਲੇ ਤੱਕ ਸੀ ਬੀ ਆਈ ਦੀ ਜਾਂਚ ਬੇਨਤੀਜਾ ਹੈ। ਡੀ ਆਈ ਜੀ ਰਣਬੀਰ ਸਿੰਘ ਖੱਟੜਾ ਦੇ ਕਹਿਣ ਮੁਤਾਬਕ ਹਾਲੇ ਤੱਕ ਦੀ ਜਾਂਚ ਤੋਂ ਸਰੂਪ ਬਰਾਮਦ ਹੋਣ ਦੀ ਕੋਈ ਆਸ ਨਹੀਂ ਜਾਪਦੀ, ਪ੍ਰੰਤੂ ਉਹ ਅਜੇ ਵੀ ਜੁੱਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸੀ ਬੀ ਆਈ ਨੇ ਹਾਲੇ ਤੱਕ ਉਨ੍ਹਾਂ ਨਾਲ ਕੋਈ ਸੰਪਰਕ ਕਾਇਮ ਨਹੀਂ ਕੀਤਾ ਅਤੇ ਸਿੱਟ ਦੀ ਸਾਰੀ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਜਾਵੇਗੀ।
ਇਸ ਦੌਰਾਨ ਵਿਸ਼ੇਸ਼ ਜਾਂਚ ਟੀਮ ਨੇ ਪੁਲੀਸ ਰਿਮਾਂਡ ਦੌਰਾਨ ਫੜੇ ਗਏ ਡੇਰਾ ਪੈਰੋਕਾਰਾਂ ਦੇ ਘਰਾਂ ਅਤੇ ਟਿਕਾਣਿਆਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਕੋਟ ਕਪੂਰੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਟੀਮ ਦੇ ਮੈਂਬਰ ਮਹਿੰਦਰਪਾਲ ਬਿੱਟੂ ਦੇ ਘਰ ਛਾਪਾ ਮਾਰਿਆ ਤਾਂ ਓਥੋਂ 32 ਬੋਰ ਰਿਵਾਲਵਰ ਦੇ 28 ਖਾਲੀ ਕਾਰਤੂਸ ਅਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਇਤਰਾਜ਼ ਯੋਗ ਹਾਲਤ ਵਿੱਚ ਮਿਲੀ ਹੈ। ਕੋਟ ਕਪੂਰਾ ਪੁਲੀਸ ਨੇ ਇਸ ਬਾਰੇ ਕੇਸ ਦਰਜ ਕਰ ਲਿਆ ਹੈ। ਵਰਨਣ ਯੋਗ ਹੈ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਜਗਰਾਓਂ ਪੁਲੀਸ ਨੇ ਹਿਮਾਚਲ ਪ੍ਰਦੇਸ਼ ਦੇ ਪਾਲਮਪੂਰ ਇਲਾਕੇ ਤੋਂ ਪਿਛਲੇ ਦਿਨੀਂ ਫੜਿਆ ਸੀ। ਉਸ ਪਿੱਛੋਂ 8 ਜੂਨ ਨੂੰ ਜਗਰਾਓਂ ਸੀ ਆਈ ਏ ਸਟਾਫ ਨੇ ਮੁਕਤਸਰ ਰੋਡ ਕੋਟ ਕਪੂਰਾ ਤੋਂ ਤਿੰਨ ਹੋਰ ਡੇਰਾ ਪ੍ਰੇਮੀਆਂ ਨੂੰ ਫੜਿਆ ਸੀ। ਅੱਜ ਦੇ ਛਾਪੇ ਬਾਰੇ ਡੀ ਆਈ ਜੀ ਰਣਬੀਰ ਸਿੰਘ ਖੱਟਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸਥਾਨਕ ਮੁਕਤਸਰ ਰੋਡ ਉੱਤੇ ਜਗਜੀਤ ਕੰਡਾ ਦੇ ਘਰ ਇਸ ਘਰ ਤੋਂ ‘ਸ਼ਬਦਾਰਥ ਗੁਰੂ ਗ੍ਰੰਥ ਸਾਹਿਬ’ ਦੀ ਪੋਥੀ ਦੇ ਨਾਲ ਕੁਝ ਹੋਰ ਕਿਤਾਬਾਂ ਬਰਾਮਦ ਕਰ ਕੇ ਗ੍ਰੰਥੀ ਸਿੰਘਾਂ ਤੇ ਕੌਂਸਲਰ ਮਹਿੰਦਰ ਕੌਰ ਦੀ ਪਤੀ ਰਣਜੀਤ ਸਿੰਘ ਵਡੇਰਾ ਨੂੰ ਬੁਲਾ ਕੇ ਗੁਰਦੁਆਰੇ ਪੁਚਾ ਦਿੱਤੀਆਂ ਹਨ।