ਬਰਗਾੜੀ ਕਾਂਡ ਵਿੱਚ ਦੋਸ਼ੀਆਂ ਨੂੰ ਵਲ੍ਹੇਟਣ ਪਿੱਛੋਂ ਪੁਲਸ ਵੱਲੋਂ ਜਾਂਚ ਨੂੰ ਫਾਈਨਲ ਟੱਚ ਦੇਣੇ ਸ਼ੁਰੂ


ਬਠਿੰਡਾ, 11 ਜੂਨ, (ਪੋਸਟ ਬਿਊਰੋ)- ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ ਬਹੁ-ਚਰਚਿਤ ਬਰਗਾੜੀ ਕਾਂਡ ਦੀ ਜਾਂਚ ਨੂੰ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਫਾਈਨਲ ਟੱਚ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਟੀਮ ਨੇ ਬਰਗਾੜੀ ਕਾਂਡ ਦੇ ਮੁੱਖ ਸਾਜਿ਼ਸ਼ ਕਰਤਾ ਮਹਿੰਦਰਪਾਲ ਬਿੱਟੂ ਨੂੰ ਅੱਜ ਮੋਗਾ ਅਦਾਲਤ ਵਿੱਚ ਪੇਸ਼ ਕਰ ਦਿੱਤਾ ਅਤੇ ਇਸ ਟੀਮ ਨੇ ਬੇਕਸੂਰ ਸਮਝੇ ਜਾਂਦੇ ਹੋਰਨਾਂ ਅੱਧੀ ਦਰਜਨ ਡੇਰਾ ਪ੍ਰੇਮੀਆਂ ਨੂੰ ਛੱਡ ਦਿੱਤਾ ਹੈ।
ਅੱਜ ਸ਼ਾਮ ਤੱਕ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਦੀ ਜਾਂਚ ਵਿੱਚ ਇਹ ਗੱਲ ਨਿਕਲੀ ਹੈ ਕਿ ਗੁਰੂ ਘਰ ਤੋਂ ਚੋਰੀ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੇ ਨਸ਼ਟ ਕਰ ਦਿੱਤੇ ਸਨ। ਪੁਲੀਸ ਇਸ ਕੇਸ ਵਿੱਚ ਛੇਤੀ ਹੀ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਇਸ ਦੌਰਾਨ ਡੇਰਾ ਸਿਰਸਾ ਦੀ ਸਾਰੀ ਗਿਆਰਾਂ ਮੈਂਬਰੀ ਟੀਮ ਨੂੰ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਆਸ ਹੈ ਅਤੇ ਉਥੇ ਦਰਜ ਇੱਕ ਪੁਰਾਣੇ ਕੇਸ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਵਿੱਚ ਕਰੀਬ 12 ਡੇਰਾ ਪੈਰੋਕਾਰਾਂ ਦੀ ਸ਼ਨਾਖ਼ਤ ਕਰ ਲਈ ਸਮਝੀ ਜਾਂਦੀ ਹੈ, ਜਿਹੜੇ ਬਲਾਕ ਕੋਟਕਪੂਰਾ ਨਾਲ ਸਬੰਧਤ ਹਨ। ਪੁਲੀਸ ਇਨ੍ਹਾਂ ਨੂੰ ਗ੍ਰਿਫ਼ਤਾਰੀ ਪਾਏ ਬਿਨਾਂ ਹੋਰ ਸਮਾਂ ਹਿਰਾਸਤ ਵਿੱਚ ਰੱਖ ਕੇ ਕਿਸੇ ਅਦਾਲਤੀ ਕਾਰਵਾਈ ਦਾ ਖ਼ਤਰਾ ਸਹੇੜਨ ਤੋਂ ਵੀ ਝਿਜਕ ਰਹੀ ਹੈ।
ਪੁਲਸ ਦੇ ਸੂਤਰਾਂ ਮੁਤਾਬਕ ਅੱਜ ਤੱਕ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਉਰਫ਼ ‘ਬਿੱਟੂ ਬਾਈ’ ਨੇ ਸਰਬੱਤ ਖਾਲਸਾ ਦੇ ਜਥੇਦਾਰ ਨਾਮਜ਼ਦ ਕੀਤੇ ਹੋਏ ਇੱਕ ਸਿੱਖ ਆਗੂ ਦੀ ‘ਅੜੀ ਭੰਨਣ’ ਲਈ ਇਹ ਸਾਜਿ਼ਸ਼ ਘੜੀ ਤੇ ਆਪਣੇ ਨੇੜਲੇ ਬੰਦਿਆਂ ਦੀ ਟੀਮ ਬਣਾ ਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਤੋਂ ਸਰੂਪ ਚੋਰੀ ਕਰਨ ਤੋਂ ਪਹਿਲਾਂ ਤਿੰਨ-ਚਾਰ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਰੇਕੀ ਕੀਤੀ ਸੀ। ਇਸ ਦੇ ਬਾਅਦ ਦੋ ਮੋਟਰ ਸਾਈਕਲ ਸਵਾਰਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿੱਚੋਂ ਸਰੂਪ ਚੋਰੀ ਕੀਤਾ ਤੇ ਕਿਹਾ ਜਾਂਦਾ ਹੈ ਕਿ ਚੋਰੀ ਕੀਤੇ ਸਰੂਪ ਦੇ ਅੱਧੇ ਪੱਤਰੇ ਖਿਲਾਰਨ ਲਈ ਸਨੀ ਅਤੇ ਸ਼ਕਤੀ ਦੀ ਡਿਊਟੀ ਲਾਈ ਗਈ। ਇਹ ਪਤਾ ਲੱਗ ਹੈ ਕਿ ਇੱਕ ਮਹਿਲਾ ਪੁਲੀਸ ਮੁਲਾਜ਼ਮ ਦੇ ਪਤੀ ਨੇ ਪੋਸਟਰ ਲਿਖੇ ਤੇ ਬਰਗਾੜੀ ਵਿੱਚ ਰਾਤੋ ਰਾਤ ਲਾ ਦਿੱਤੇ ਤੇ ਇਸ ਪਿੱਛੋਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਬਾਕੀ ਪ੍ਰੇਮੀਆਂ ਨੂੰ ਵੰਡ ਦਿੱਤੇ ਗਏ ਸਨ। ਪੁਲੀਸ ਸੋਚਦੀ ਹੈ ਕਿ ਕਿਉਂਕਿ ਕਿਤੋਂ ਸਰੂਪ ਬਰਾਮਦ ਨਹੀਂ ਹੋ ਸਕੇ, ਇਸ ਲਈ ਇਹ ਨਸ਼ਟ ਕਰ ਦਿੱਤੇ ਗਏ ਹੋਣਗੇ।
ਜਾਂਚ ਨਾਲ ਜੁੜੇ ਹੋਏ ਪੁਲਿਸ ਸੂਤਰਾਂ ਦੇ ਅਨੁਸਾਰ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦੀ ਕੰਮ ਲਗਭਗ ਪੂਰਾ ਹੋ ਚੁਕਾ ਹੈ ਅਤੇ ਛੇਤੀ ਹੀ ਇਸ ਦੇ ਸਾਰੇ ਪੱਖਾਂ ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਫੜੇ ਗਏ ਦੋਸ਼ੀਆਂ ਕੋਲੋਂ ਡੀ ਆਈ ਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਜਗਰਾਓਂ (ਲੁਧਿਆਣਾ) ਦੇ ਸੀ ਆਈ ਏ ਸਟਾਫ ਵਿਚ ਪੁੱਛਗਿਛ ਹੋ ਰਹੀ ਹੈ। ਇਸ ਕਾਂਡ ਦੀ ਜਾਂਚ ਕਰ ਰਹੀ ਐਸ ਆਈ ਟੀ ਨੇ ਤਿੰਨ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਅਤੇ ਕੋਟਕਪੂਰਾ ਦੇ ਵਾਸੀ ਮਹਿੰਦਰਪਾਲ ਬਿੱਟੂ ਨੂੰ ਫੜਿਆ ਸੀ ।
ਪਤਾ ਲੱਗਾ ਹੈ ਕਿ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵੇਲੇ ਬਠਿੰਡੇ ਦੇ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਵਿੱਚ ਪੁਲਿਸ ਨੂੰ ਬਰਗਾੜੀ ਬੇਅਦਬੀ ਕੇਸ ਵਿੱਚ ਡੇਰਾ ਪ੍ਰੇਮੀਆਂ ਦਾ ਹੱਥ ਹੋਣ ਦੀ ਸੂਹ ਲੱਗੀ ਸੀ। ਜਦੋਂ ਪੁਲਿਸ ਨੇ ਕੁਝ ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਮਹਿੰਦਰਪਾਲ ਬਿੱਟੂ ਦਾ ਨਾਮ ਸਾਹਮਣੇ ਆਇਆ ਸੀ। ਬਿੱਟੂ ਤੋਂ ਪੁੱਛਗਿਛ ਮਗਰੋਂ ਜਾਂਚ ਟੀਮ ਨੇ ਕੋਟਕਪੂਰਾ ਤੇ ਫਰੀਦਕੋਟ ਤੋਂ 17 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰ ਦੱਸਦੇ ਹਨ ਕਿ ਪੁਲਿਸ ਨੇ ਕੋਟਕਪੂਰਾ ਤੋਂ ਬਲਾਕ ਕਮੇਟੀ ਮੈਂਬਰ ਸੰਨੀ ਕੰਡਾ, ਸੁਖਪ੍ਰੀਤ ਸਿੰਘ ਅਤੇ ਮਾਨਸਾ ਦੇ ਜੱਗੀ ਨੂੰ ਸ਼ੁੱਕਰਵਾਰ ਰਾਤ ਫੜ ਲਿਆ ਸੀ। ਸ਼ਨੀਵਾਰ ਰਾਤ ਅਤੇ ਐਤਵਾਰ ਨੂੰ ਜਾਂਚ ਟੀਮ ਨੇ ਕੋਟਕਪੂਰਾ ਤੋਂ ਨਿਸ਼ਾਨ ਸਿੰਘ, ਸੰਦੀਪ ਕੁਮਾਰ ਬਿੱਟੂ, ਬਲਜੀਤ ਸਿੰਘ, ਰਣਦੀਪ ਸਿੰਘ ਨੀਲਾ,ਪਵਨਦੀਪ ਸਿੰਘ, ਰਣਜੀਤ ਸਿੰਘ, ਅਜਾਇਬ ਸਿੰਘ ਅਤੇ ਮਿੰਨੀ ਸ਼ਰਮਾ ਨੂੰ ਕਾਬੂ ਕਰ ਲਿਆ। ਫਰੀਦਕੋਟ ਤੋਂ ਦੋ ਸਕੇ ਭਰਾ ਫੜੇ ਗਏ ਹਨ, ਜਿਨ੍ਹਾਂ ਨੇ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਪਿੱਛੋਂ ਪੈਟਰੋਲ ਪੰਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਰਣਜੀਤ ਸਿੰਘ ਡੇਰਾ ਸੱਚਾ ਸੌਦਾ ਸਿਰਸਾ ਦੇ ਗੁਰੁਸਰ ਮੋਡੀਆ (ਰਾਜਸਥਾਨ) ਦੇ ਨਾਮ ਚਰਚਾ ਘਰ ਵਿੱਚ ਨੌਕਰੀ ਕਰਦਾ ਰਿਹਾ ਹੈ। ਕੋਟ ਕਪੂਰਾ ਪੁਲਿਸ ਨੇ ਪਿੰਡ ਮੌੜ ਵਿੱਚ ਵੀ ਡੇਰਾ ਪ੍ਰੇਮੀ ਪਰਵਾਰ ਦੇ ਪੰਜ ਜੀਅ ਹਿਰਾਸਤ ਵਿਚ ਲਏ ਹਨ, ਪਰ ਇਕ ਜਣਾ ਭੱਜ ਗਿਆ। ਪਿੰਡ ਭਾਣਾ ਤੋਂ ਵੀ ਨਿਰਮਲ ਸਿੰਘ ਨਾਂੳ ਦਾ ਡੇਰਾ ਪ੍ਰੇਮੀ ਫੜੇ ਜਾਣ ਦਾ ਪਤਾ ਲੱਗਾ ਹੈ ।