ਬਰਗਾੜੀ ਕਾਂਡ ਦੀ ਜਾਂਚ ਵਿੱਚ ਪੁਲੀਸ ਨੇ ਡੇਰਾ ਪ੍ਰੇਮੀਆਂ ਉੱਤੇ ਸਿ਼ਕੰਜਾ ਹੋਰ ਕੱਸਣਾ ਸ਼ੁਰੂ ਕੀਤਾ


* ਗੁਰੂ ਸਾਹਿਬ ਦੇ ਸਰੂਪ ਬਰਾਮਦ ਕਰਨ ਲਈ ਚਾਰ ਡੇਰਾ ਪ੍ਰੇਮੀ ਹੋਰ ਚੁੱਕੇ ਗਏ
ਬਠਿੰਡਾ, 10 ਜੂਨ, (ਪੋਸਟ ਬਿਊਰੋ)- ਤਿੰਨ ਸਾਲ ਪਹਿਲਾਂ ਵਾਲੇ ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਨਾਲ ਸਾਫ ਹੋ ਗਿਆ ਹੈ ਕਿ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੇ ਹੀ ਇਹ ਕਾਂਡ ਕਰਵਾਇਆ ਸੀ, ਜਿਸ ਦਾ ਮਾਸਟਰ ਮਾਈਂਡ ਹਰਮਿੰਦਰ ਬਿੱਟੂ ਪੁਲਸ ਨੇ ਫੜ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਜਿ਼ਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸਰੂਪ ਚੋਰੀ ਕਰਨ ਦਾ ਕੰਮ ਡੇਰਾ ਸੱਚਾ ਸੌਦਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਦੇ ਦੋ ਮੈਂਬਰਾਂ ਨੇ ਕੀਤਾ ਤੇ ਇਹ ਸਰੂਪ ਕੋਟ ਕਪੂਰਾ ਦੇ ਇੱਕ ਡੇਰਾ ਪ੍ਰੇਮੀ ਦੇ ਘਰ ਪੁਚਾਏ ਸਨ। ਪੁਲੀਸ ਨੇ ਅੱਜ ਕੋਟਕਪੂਰਾ ਦਾ ਇਹ ਡੇਰਾ ਪ੍ਰੇਮੀ ਫੜ ਲਿਆ ਹੈ, ਪ੍ਰੰਤੂ ਓਦੋਂ ਚੋਰੀ ਕੀਤੇ ਗਏ ਸਰੂਪ ਹਾਲੇ ਤੱਕ ਬਰਾਮਦ ਨਹੀਂ ਹੋਏ। ਜਾਂਚ ਟੀਮ ਨੇ ਚਾਰ ਹੋਰ ਡੇਰਾ ਪ੍ਰੇਮੀ ਹਿਰਾਸਤ ਵਿੱਚ ਲਏ ਹਨ। ਇਸ ਵੇਲੇ ਵਿਸ਼ੇਸ਼ ਜਾਂਚ ਟੀਮ ਦਾ ਨਿਸ਼ਾਨਾ ਸਰੂਪ ਬਰਾਮਦ ਕਰਨਾ ਹੈ, ਜਿਸ ਦੇ ਬਾਅਦ ਸਾਰੇ ਕੇਸ ਜਨਤਕ ਖ਼ੁਲਾਸਾ ਕੀਤਾ ਜਾਵੇਗਾ। ਤਿੰਨ ਕੁ ਸਾਲ ਪਹਿਲਾਂ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਹੋਈ ਵਾਰਦਾਤ ਹੱਲ ਕਰਨ ਲੱਗੀ ਹੋਈ ਜਾਂਚ ਟੀਮ ਦੇ ਸੂਤਰਾਂ ਅਨੁਸਾਰ ਇਹ ਸਾਫ ਹੋ ਚੁੱਕਾ ਹੈ ਕਿ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੇ ਬਰਗਾੜੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਤੇ ਉਨ੍ਹਾਂ ਦੇ ਪੱਤਰੇ ਪਾੜੇ ਸਨ। ਪੁਲੀਸ ਨੇ ਸਰੂਪ ਚੋਰੀ ਦੇ ਕੇਸ ਵਿੱਚ 11 ਡੇਰਾ ਪ੍ਰੇਮੀਆਂ ਦੀ ਪਛਾਣ ਕਰ ਲਈ ਹੈ ਅਤੇ ਜਾਂਚ ਪੂਰੀ ਤਰ੍ਹਾਂ ਡੇਰਾ ਸਿਰਸਾ ਵੱਲ ਸੇਧਿਤ ਹੋ ਚੁੱਕੀ ਹੈ।
ਵਰਨਣ ਯੋਗ ਹੈ ਕਿ ਇੱਕ ਜੂਨ 2015 ਨੂੰ ਫ਼ਰੀਦਕੋਟ ਜਿ਼ਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ-ਘਰ ਤੋਂ ਸਰੂਪ ਚੋਰੀ ਹੋਏ ਤੇ 12 ਅਕਤੂਬਰ ਨੂੰ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਹੋਏ ਮਿਲੇ ਸਨ। ਉਸ ਦੇ ਬਾਅਦ ਬਰਗਾੜੀ ਵਿੱਚ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਵੀ ਲੱਗੇ ਸਨ। ਅਕਾਲੀ ਦਲ ਨੇ ਬੇਅਦਬੀ ਕਾਂਡ ਦੀ ਜਾਂਚ ਸਿਰੇ ਚਾੜ੍ਹਨ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਲੋਕ ਨਾਰਾਜ਼ ਹੋਏ ਸਨ। ਇਸ ਪਹਿਲੀ ਜੂਨ ਤੋਂ ਬਰਗਾੜੀ ਵਿਖੇ ਪੰਥਕ ਧਿਰਾਂ ਵੱਲੋਂ ਧਰਨਾ ਲਾੳਣ ਦੇ ਬਾਅਦ ਮੁੱਖ ਮੰਤਰੀ ਨੇ ਪੁਲੀਸ ਨੂੰ ਜਾਂਚ ਦੇ ਕੰਮ ਵਿੱਚ ਤੇਜ਼ੀ ਕਰਨ ਲਈ ਕਿਹਾ ਹੈ।
ਬੀਤੀ ਸੱਤ ਜੂਨ ਨੂੰ ਪੰਜਾਬ ਪੁਲਸ ਦੀ ਵਿਸ਼ੇਸ਼ ਟੀਮ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਗਿਆਰਾਂ ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਫੜਿਆ ਸੀ। ਕਿਹਾ ਜਾਂਦਾ ਹੈ ਕਿ ਓਸੇ ਨੇ ਆਪਣੇ ਨੇੜ ਵਾਲੇ 10 ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੀਆਂ ਘਟਨਾਵਾਂ ਦੇ ਨਿਰਦੇਸ਼ ਦਿੱਤੇ ਸਨ। ਪੁਲੀਸ ਜਾਂਚ ਦੇ ਅਨੁਸਾਰ ਮਹਿੰਦਰਪਾਲ ਬਿੱਟੂ ਡੇਰਾ ਪ੍ਰੇਮੀਆਂ ਨੂੰ ਇਕੱਠੇ ਰੱਖਣ ਅਤੇ ਸਮਾਜ ਵਿੱਚ ਤਣਾਅ ਫੈਲਾਉਣ ਲਈ ਬੇਅਦਬੀ ਦੇ ਕਾਂਡ ਕਰਵਾ ਰਿਹਾ ਸੀ। ਦੱਸਿਆ ਗਿਆ ਹੈ ਕਿ ਮਹਿੰਦਰਪਾਲ ਬਿੱਟੂ ਨੇ ਦੋ ਨੌਜਵਾਨ ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਤੋਂ ਸਰੂਪ ਚੋਰੀ ਕਰਨ ਨੂੰ ਕਿਹਾ ਸੀ। ਇਨ੍ਹਾਂ ਨੇ ਸਰੂਪ ਚੋਰੀ ਕਰ ਕੇ ਉਨ੍ਹਾਂ ਨੂੰ ਕੋਟ ਕਪੂਰਾ ਦੇ ਡੇਰਾ ਪ੍ਰੇਮੀ ਦੇ ਘਰ ਪੁਚਾ ਦਿੱਤਾ। ਇਸ ਪਿੱਛੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰੇ ਦੇ ਗ੍ਰੰਥੀ ਗੋਰਾ ਸਿੰਘ ਦੇ ਬਿਆਨਾਂ ਉੱਤੇ ਥਾਣਾ ਬਾਜਾਖਾਨਾ ਵਿੱਚ ਇਸ ਦੀ ਸਿ਼ਕਾਇਤ 2 ਜੂਨ 2015 ਨੂੰ ਦਰਜ ਹੋਈ ਸੀ। ਫਿਰ ਡੇਰਾ ਸਿਰਸਾ ਦੇ ਨਾਮ ਵਾਲੇ ਪੋਸਟਰ ਲੱਗਣ ਬਾਰੇ ਥਾਣਾ ਬਾਜਾਖਾਨਾ ਵਿੱਚ 25 ਸਤੰਬਰ 2015 ਨੂੰ ਦੂਸਰੀ ਸਿ਼ਕਾਇਤ ਦਰਜ ਹੋਈ ਤੇ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਾਰੇ ਜਾਣ ਬਾਰੇ 12 ਅਕਤੂਬਰ 2015 ਨੂੰ ਤੀਸਰਾ ਕੇਸ ਦਰਜ ਹੋਇਆ ਸੀ। ਤਿੰਨਾਂ ਕੇਸਾਂ ਦੀ ਸੀ ਬੀ ਆਈ ਜਾਂਚ ਵੀ ਹੋ ਰਹੀ ਹੈ। ਫਿਰ ਵੀ ਅਸਲੀ ਟਿਕਾਣੇ ਵੱਲ ਪੰਜਾਬ ਪੁਲਸ ਦੀ ਜਾਂਚ ਟੀਮ ਹੀ ਅੱਗੇ ਵਧੀ ਹੈ। ਇਸ ਟੀਮ ਦੇ ਸੀਨੀਅਰ ਅਫ਼ਸਰ ਇਸ ਮਾਮਲੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਹੇ ਹਨ।