ਬਰਗਰ ਦੀ ਖਿੱਚ ਖਾਤਰ 8 ਸਾਲਾ ਬੱਚੇ ਨੇ ਹੱਦ ਕਰ ਦਿੱਤੀ

burger
ਵਾਸ਼ਿੰਗਟਨ, 13 ਅਪ੍ਰੈਲ (ਪੋਸਟ ਬਿਊਰੋ)- ‘ਚੀਜ਼ ਬਰਗਰ’ ਖਾਣ ਲਈ ਅਮਰੀਕਾ ਵਿਚ ਇਕ 8 ਸਾਲ ਦਾ ਲੜਕਾ ਏਨਾ ਬੇਸਬਰਾ ਹੋਇਆ ਕਿ ਉਹ ਆਪਣੇ ਨਾਲ ਆਪਣੀ 4 ਸਾਲ ਦੀ ਭੈਣ ਨੂੰ ਵੀ ਲੈ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੜਕਾ ਆਪਣੀ ਭੈਣ ਨੂੰ ਪੈਦਲ ਨਹੀਂ, ਸਗੋਂ ਆਪਣੀ ਪਿਤਾ ਦੀ ਵੈਨ ਵਿੱਚ ਬਿਠਾ ਕੇ ਲੈ ਗਿਆ। ਬੱਚਾ ਵੈਨ ਨੂੰ ਖੁਦ ਡਰਾਈਵ ਕਰ ਕੇ ਸਥਾਨਕ ਮੈਕਡੋਨਲਡਸ ਦੇ ਰੈਸਟੋਰੈਂਟ ਤੱਕ ਪਹੁੰਚ ਗਿਆ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਓਹੀਓ ਦੇ ਈਸਟ ਪੈਲਸਟਾਈਨ ਦੀ ਹੈ, ਜਿੱਥੇ ਬੱਚਾ ਉਸ ਸਮੇਂ ਆਪਣੀ ਭੈਣ ਨੂੰ ਵੈਨ ਵਿੱਚ ਬਿਠਾ ਕੇ ਉਸ ਨੂੰ ਚਲਾ ਕੇ ਮੈਕਡੋਨਲਡਸ ਤੱਕ ਪਹੁੰਚ ਗਿਆ, ਜਦੋਂ ਉਸ ਦੇ ਮਾਤਾ-ਪਿਤਾ ਸੌਂ ਰਹੇ ਸਨ। ਈਸਟ ਪੈਲਸਟਾਈਨ ਦੇ ਪੁਲਸ ਅਫਸਰ ਜੈਕਬ ਕੋਹਲਰ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੀ ਹੈ, ਜਦੋਂ ਬੱਚਿਆਂ ਦੇ ਪਿਤਾ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਜਲਦੀ ਸੌਣ ਚਲੇ ਗਏ। ਮਾਂ ਦੋਵਾਂ ਬੱਚਿਆਂ ਨਾਲ ਸੋਫੇ ਉੱਤੇ ਬੈਠੀ ਸੀ, ਤਾਂ ਉਸ ਨੂੰ ਵੀ ਨੀਂਦ ਆ ਗਈ। ਮਾਤਾ-ਪਿਤਾ ਦੇ ਸੌਂਣ ਤੋਂ ਬਾਅਦ ਬੱਚਿਆਂ ਨੇ ਬਾਹਰ ਜਾਣ ਦਾ ਫੈਸਲਾ ਕੀਤਾ। ਪੁਲਸ ਅਧਿਕਾਰੀ ਨੇ ਕਿਹਾ ਕਿ ਬੱਚਾ ਆਪਣੀ ਛੋਟੀ ਭੈਣ ਨੂੰ ਵੈਨ ਦੀ ਪਿਛਲੀ ਸੀਟ ਉੱਤੇ ਬਿਠਾ ਕੇ ਘਰ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਲੈ ਗਿਆ। ਖਾਸ ਗੱਲ ਇਹ ਕਿ ਇਸ ਸਫਰ ਵਿੱਚ ਰਾਹ ਵਿੱਚ ਬੱਚਾ ਚਾਰ ਚੌਰਾਹੇ, ਟਰੇਨ ਟਰੈੱਕ ਤੋਂ ਲੰਘਿਆ। ਇਸ ਦੌਰਾਨ ਸੱਜੇ ਹੱਥ ਦੇ ਕੁਝ ਮੋੜ ਤੇ ਇਕ ਮੋੜ ਖੱਬੇ ਹੱਥ ਆਇਆ। ਲੋਕਾਂ ਮੁਤਾਬਕ ਬੱਚੇ ਨੇ ਟ੍ਰੈਫਿਕ ਨਿਯਮਾਂ ਦਾ ਪਾਲਣ ਕੀਤਾ ਤੇ ਵੈਨ ਚਲਾਉਂਦੇ ਸਮੇਂ ਰਫਤਾਰ ਦਾ ਵੀ ਧਿਆਨ ਰੱਖਿਆ।
ਦੋਵੇਂ ਬੱਚੇ ਜਦੋਂ ਮੈਕਡੋਨਲਡਸ ਪਹੁੰਚੇ ਤਾਂ ਸਬੱਬ ਨਾਲ ਉੱਥੇ ਉਨ੍ਹਾਂ ਦਾ ਪਰਿਵਾਰਕ ਦੋਸਤ ਪਹਿਲਾਂ ਤੋਂ ਮੌਜੂਦ ਸੀ, ਜਿਸ ਨੇ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਦੇ ਦਾਦਾ-ਦਾਦੀ ਨੂੰ ਸੂਚਿਤ ਕੀਤਾ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਬੱਚਿਆਂ ਨੂੰ ਖਾਣ ਲਈ ਉਨ੍ਹਾਂ ਦਾ ਚੀਜ਼ ਬਰਗਰ ਮਿਲ ਚੁੱਕਾ ਸੀ। ਪੁਲਸ ਅਫਸਰ ਨੇ ਜਦੋਂ ਮੈਕਡੋਨਲਡਸ ਪਹੁੰਚ ਕੇ ਛੋਟੇ ਬੱਚੇ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਯੂ-ਟਿਊਬ ਵੀਡੀਓ ਦੇਖ ਕੇ ਗੱਡੀ ਚਲਾਉਣਾ ਸਿੱਖਿਆ। ਉਸ ਨੇ ਕਿਹਾ ਕਿ ਉਹ ਸਿਰਫ ਚੀਜ਼ ਬਰਗਰ ਖਰੀਦਣਾ ਚਾਹੁੰਦਾ ਸੀ। ਬੱਚੇ ਦੀ ਗੱਲ ਸੁਣ ਕੇ ਪੁਲਸ ਅਧਿਕਾਰੀ ਹੈਰਾਨ ਰਹਿ ਗਿਆ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।