ਬਰਕਰਾਰ ਹਨ ਮਾਈ ਮੋਰਾਂ ਦੀ ਮਸੀਤ ਦੀਆਂ ਰੌਣਕਾਂ

-ਸੁਰਿੰਦਰ ਕੋਛੜ
ਭਾਰਤੀ ਪੰਜਾਬ ਵਿੱਚ ਲੰਮੇ ਅਰਸੇ ਤੋਂ ਸ਼ੇਰ-ਏ-ਪੰਜਾਬ ਦੀ ਚਹੇਤੀ ਰਾਣੀ ਮੋਰਾਂ ਨੂੰ ‘ਰਾਣੀ ਮੋਰਾਂ’ ਜਾਂ ਉਸ ਨੂੰ ਖੁਦ ਮਹਾਰਾਜਾ ਵੱਲੋਂ ਦਿੱਤੇ ਨਾਂਅ ‘ਮੋਰਾਂ ਸਰਕਾਰ’ ਲਿਖਣ ਦੀ ਥਾਂ ‘ਮੋਰਾਂ ਕੰਜਰੀ’ ਨਾਂ ਨਾਲ ਸੰਬੋਧਤ ਕਰਨ ਵਿੱਚ ਜ਼ਿਆਦਾ ਫਖਰ ਮਹਿਸੂਸ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਵਿਰਾਸਤ ਤੇ ਵਿਰਾਸਤੀ ਸਮਾਰਕਾਂ ਦੀ ਸਹਿਜ ਸੰਭਾਲ ਲਈ ਕਾਇਮ ਕੀਤੇ ਗਏ ਵਿਭਾਗ ਦੇ ਇਕ ਸਾਬਕਾ ਮੰਤਰੀ ਤੇ ਮਹਿਲਾ ਉਚ ਅਧਿਕਾਰੀ ਵਿਸ਼ਵ ਵਿਰਾਸਤੀ ਦਿਹਾੜੇ ‘ਤੇ ਅੰਮ੍ਰਿਤਸਰ ਵਿੱਚ ਕਰਾਏ ਗਏ ਸੈਮੀਨਾਰ ਦੌਰਾਨ ਮੀਡੀਆ ਦੇ ਸਾਹਮਣੇ ਇਹ ਐਲਾਨ ਕਰ ਚੁੱਕੇ ਹਨ ਕਿ ਜੇ ਰਾਣੀ ਮੋਰਾਂ ਨਾਲ ਸਬੰਧਤ ਅੰਮ੍ਰਿਤਸਰ ਦੇ ਪਿੰਡ ਧਨੋਏ ਕਲਾਂ ਵਿਚਲੇ ਓਦੋਂ ਦੇ ਪੁਲ ਨੂੰ ‘ਪੁਲ ਕੰਜਰੀ’ ਨਾ ਲਿਖ ਕੇ ‘ਪੁਲ ਮੋਰਾਂ’ ਲਿਖਿਆ ਜਾਵੇ ਤਾਂ ਇਸ ਦੀ ਵਿਰਾਸਤ ਖਤਮ ਹੋ ਜਾਵੇਗੀ। ਦੁੱਖ ਦੀ ਗੱਲ ਹੈ ਕਿ ਸ਼ੇਰ-ਏ-ਪੰਜਾਬ ਨਾਲ ਸਬੰਧਤ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਦੀ ਚਹੇਤੀ ਰਾਣੀ ਨੂੰ ‘ਕੰਜਰੀ’ ਲਿਖਿਆ ਜਾਣਾ ਭਾਰਤੀ ਪੰਜਾਬ ਵਿੱਚ ਜ਼ਰੂਰੀ ਬਣ ਚੁੱਕਿਆ ਹੈ।
ਅਸਲ ਵਿੱਚ ਮੋਰਾਂ ਅੰਮ੍ਰਿਤਸਰ ਦੇ ਸਰਹਦੀ ਪਿੰਡ ਧਨੋਏ ਕਲਾਂ ਤੋਂ ਲਾਹੌਰ ਵੱਲ 5-6 ਕਿਲੋਮੀਟਰ ਦੂਰੀ ‘ਤੇ ਆਬਾਦ ਪਿੰਡ ਮੱਖਣਪੁਰ ਦੀ ਰਹਿਣ ਵਾਲੀ ਕਸ਼ਮੀਰੀ ਮੁਸਲਮਾਨ ਨਾਚੀ ਸੀ, ਜਿਸ ਨਾਲ ਮਹਾਰਾਜੇ ਨੇ 1802 ਵਿੱਚ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ। ਮੋਰਾਂ ਦੀ ਫਰਮਾਇਸ਼ ‘ਤੇ ਮਹਾਰਾਜਾ ਨੇ ਪਿੰਡ ਧਨੋਏ ਕਲਾਂ ਦੇ ਨਾਲੇ ‘ਤੇ ਪੁਲ ਬਣਵਾਇਆ, ਜੋ ਸਿੱਖ ਰਾਜ ਦੀ ਸਮਾਪਤੀ ਪਿੱਛੋਂ ‘ਪੁਲ ਕੰਜਰੀ’ ਦੇ ਨਾਂ ਨਾਲ ਸੰਬੋਧਤ ਕੀਤਾ ਜਾਣ ਲੱਗਾ। ਮੋਰਾਂ ਨਾਲ ਵਿਆਹ ਤੋਂ ਬਾਅਦ ਮਹਾਰਾਜਾ ਉਸ ਨੂੰ ਲਾਹੌਰ ਲੈ ਗਏ। ਉਹ ਉਥੇ ਬਾਕੀ ਰਾਣੀਆਂ ਦੇ ਨਾਲ ਸ਼ਾਹੀ ਕਿਲ੍ਹੇ ਵਿਚਲੇ ਹਰਮ ਵਿੱਚ ਨਹੀਂ ਰਹੀ, ਸਗੋਂ ਮਹਾਰਾਜੇ ਨੇ ਉਸ ਲਈ ਲਾਹੌਰ ਦੇ ਪਾਪੜ ਮੰਡੀ ਇਲਾਕੇ ਵਿੱਚ ਖੂਬਸੂਰਤ ਹਵੇਲੀ ਬਣਵਾਈ। ਮੋਰਾਂ ਨੇ ਮਹਾਰਾਜੇ ਨੂੰ ਕਹਿ ਕੇ ਆਪਣੀ ਹਵੇਲੀ ਦੇ ਸਾਹਮਣੇ ਇਕ ਮਸਜਿਦ, ਲਾਹੌਰ ਸ਼ਾਹੀ ਕਿਲ੍ਹੇ ਵਿੱਚ ਇਕ ਸ਼ਿਵਾਲਾ, ਲਾਹੌਰ ਵਿੱਚ ਦੋ ਮਦਰੱਸੇ ਤੇ ਮਾਦੋ ਲਾਲ ਹੁਸੈਨ ਦੀ ਮਜ਼ਾਰ ਦੇ ਨੇੜੇ ਇਕ ਹੋਰ ਮਸਜਿਦ ਬਣਵਾਈ।
ਮੋਰਾਂ ਆਪਣੀ ਹਵੇਲੀ ਵਿੱਚ ਦਰਬਾਰ ਲਾਇਆ ਕਰਦੀ ਸੀ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਤੁਰੰਤ ਉਨ੍ਹਾਂ ਦਾ ਹੱਲ ਕਰਵਾਉਂਦੀ ਸੀ। ਉਸ ਦੀ ਇਹ ਹਵੇਲੀ 1971-72 ਤੱਕ ਕਾਇਮ ਰਹੀ, ਫਿਰ ਉਸ ਨੂੰ ਢਾਹ ਕੇ ਉਸ ਦੀ ਜਗ੍ਹਾ ਦੁਕਾਨਾਂ ਬਣਾ ਦਿੱਤੀਆਂ ਗਈਆਂ। ਲਾਹੌਰ ਦੇ ਸ਼ਾਹ ਆਲਮੀ ਦਰਵਾਜ਼ੇ ਦੇ ਅੰਦਰ ਪਾਪੜ ਮੰਡੀ ਨੂੰ ਜਾਂਦਿਆਂ ਚੌਕ ਵਿੱਚ ਖੱਬੇ ਹੱਥ ਦੁਕਾਨਾਂ ਵਿੱਚ ਲੁਕੀ ਹੋਈ ‘ਮਸਜਿਦ ਮੋਰਾਂ’ ਅੱਜ ਵੀ ਮੌਜੂਦ ਹੈ, ਜਿਸ ਦੇ ਬਾਹਰ ਲਾਲ ਰੰਗ ਦੇ ਬੋਰਡ ‘ਤੇ ਉਰਦੂ ਵਿੱਚ ‘ਮਸਜਿਦ ਮਾਈ ਮੋਰਾਂ’ ਲਿਖਿਆ ਹੈ। ਇਤਿਹਾਸ ਵਿੱਚ ਇਹ ਮਸਜਿਦ ‘ਮਸਜਿਦ ਤੇਰੂ (ਗੋਲ-ਗੋਲ ਚੱਕਰ ਲਾ ਕੇ ਘੁੰਮਣ ਵਾਲੀ) ਮੋਰਾਂ’ ਦੇ ਨਾਂ ਨਾਲ ਦਰਜ ਹੈ। ਮਸਜਿਦ ਮਾਈ ਮੋਰਾਂ ਦੇ ਦਰਵਾਜ਼ੇ ‘ਤੇ ਅਰਬੀ ਭਾਸ਼ਾ ਵਿੱਚ ਇਹ ਇਬਾਰਤ ਦਰਜ ਹੈ ‘ਬਾ ਫਜ਼ਲ ਇੱਜ਼ਤ ਰਾ ਅਖਲਾਕ, ਜੋ ਮੋਰਾਂ ਮਸਜਿਦ-ਏ-ਅਰਾਸਤ-ਬਰ-ਖਾਕ। ਬਾ ਤਾਰੀਖ ਬਾ ਨੇਸ਼ ਕੁਫਤ ਹਤਫ, ਮਜ਼ਦ ਤਾਮੀਰ ਲਿਲਹਾ ਮਸਜਿਦ ਪਾਕਿ।’ ਮਸਜਿਦ ਦੇ ਦਰਵਾਜ਼ੇ ‘ਤੇ ਦਰਜ ਇਬਾਰਤ ਦੇ ਅਨੁਸਾਰ ਰਾਣੀ ਮੋਰਾਂ ਨੇ ਇਹ ਮਸਜਿਦ 1224 ਹਿਜਰੀ (ਸੰਨ 1809) ਵਿੱਚ ਬਣਵਾਈ।
ਲੇਖਕ ਨੂੰ ਪਾਕਿਸਤਾਨ ਦੀਆਂ ਯਾਤਰਾਵਾਂ ਦੌਰਾਨ ਕਈ ਵਾਰ ਇਸ ਮਸਜਿਦ ਦੇ ਅੰਦਰ ਜਾਣ ਦਾ ਮੌਕਾ ਨਸੀਬ ਹੋਇਆ। ਮਸਜਿਦ ਦਾ ਬਾਹਰੀ ਢਾਂਚਾ ਅੱਜ ਵੀ ਪੁਰਾਣਾ ਹੈ, ਪਰ ਅੰਦਰਲੇ ਹਿੱਸੇ ਨੂੰ ਢਾਹ ਕੇ ਨਵੇਂ ਸਿਰਿਓਂ ਉਸਾਰ ਲਿਆ ਗਿਆ ਹੈ। ਜਿਥੇ ਪਹਿਲਾਂ ਮਸਜਿਦ ਵਿੱਚ ਸਿਰਫ ਇਕ ਵੱਡਾ ਹਾਲ ਕਮਰਾ ਹੁੰਦਾ ਸੀ, ਉਥੇ ਹੁਣ ਹਾਲ ਕਮਰੇ ਨੂੰ ਛੋਟਾ ਕਰਕੇ ਇਸ ਦੇ ਨਾਲ ਦੇ ਕਮਰਿਆਂ ਵਿੱਚ ਇਕ ਲਾਇਬ੍ਰੇਰੀ ਤੇ ਮੁਫਤ ਕੰਪਿਊਟਰ ਸੈਂਟਰ ਸ਼ੁਰੂ ਕਰ ਦਿੱਤਾ ਗਿਆ ਹੈ। ਮਸਜਿਦ ਦਾ ਨਵ ਨਿਰਮਾਣ ਇਸ ਇਲਾਕੇ ਦੇ ਦੁਕਾਨਦਾਰਾਂ ਨੇ ਆਪਣੇ ਖਰਚ ‘ਤੇ ਅਤੇ ਮਸਜਿਦ ਦੀ ਮਲਕੀਅਤ ਪੰਜ ਦੁਕਾਨਾਂ ਤੋਂ ਇਕੱਠੇ ਹੋਏ ਕਿਰਾਏ ਦੀ ਰਾਸ਼ੀ ਨਾਲ ਕਰਵਾਇਆ ਹੈ।
ਇਹ ਹੈਰਾਨੀ ਦੀ ਗੱਲ ਹੈ ਕਿ ਭਾਰਤੀ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਨੂੰ ‘ਮੋਰਾਂ ਕੰਜਰੀ’ ਸੰਬੋਧਤ ਕਰਨ ਨੂੰ ਵਿਰਾਸਤ ਮੰਨਿਆ ਜਾ ਰਿਹਾ ਹੈ, ਲਾਹੌਰ ਦੀ ਪਾਪੜ ਮੰਡੀ ਵਿੱਚ ਰਾਣੀ ਮੋਰਾਂ ਦੁਆਰਾ ਬਣਵਾਈ ਮਸਜਿਦ ਨੂੰ ‘ਮਾਈ ਮੋਰਾਂ’ ਦੀ ਮਸਜਿਦ ਕਹਿਣ ਵਿੱਚ ਇਲਾਕਾ ਵਾਸੀ ਮਾਣ ਮਹਿਸੂਸ ਕਰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਇਸ ਇਲਾਕੇ ਨੂੰ ਬਾਜ਼ਾਰ ਮਾਈ ਮੋਰਾਂ ਕਿਹਾ ਜਾਣ ਲੱਗਾ ਹੈ। ਮਸਜਿਦ ਦੇ ਨਾਲ ਦੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਈ ਮੋਰਾਂ ਇਕ ਨੇਕ ਦਿਲ ਔਰਤ ਸੀ, ਜਿਸ ਕਰੇਕ ਉਸ ਨੂੰ ‘ਮਾਂ’ (ਮਾਈ) ਕਹਿ ਕੇ ਸੰਬੋਧਤ ਕੀਤਾ ਜਾਣਾ ਹੀ ਉਚਿਤ ਹੈ। ਭਾਰਤ ਪਾਕਿਸਤਾਨ ਦੇ ਨਾਗਰਿਕਾਂ ਲਈ ਵਿਰਾਸਤ ਦੇ ਅਰਥ ਵੱਖ-ਵੱਖ ਕਿਉਂ ਹਨ, ਇਸ ‘ਤੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਅਤੇ ਨਾਲ ਪੰਜਾਬ ਸਰਕਾਰ ਨੂੰ ਰਾਣੀ ਮੋਰਾਂ ਦੇ ਨਾਂ ਨਾਲ ਲਗਾਏ ਜਾ ਰਹੇ ‘ਕੰਜਰੀ’ ਸ਼ਬਦ ਨੂੰ ਹਟਾਉਣ ਦੇ ਹੁਕਮ ਵੀ ਜਾਰੀ ਕਰਨੇ ਚਾਹੀਦੇ ਹਨ।