ਬਦ ਨਾਲੋਂ ਬਦਨਾਮ ਬੁਰਾ

-ਸੋਹਨ ਲਾਲ ਗੁਪਤਾ
ਮੈਂ 1967 ਦੌਰਾਨ ਪਟਿਆਲਾ ਦੇ ਮਹਿੰਦਰਾ ਕਾਲਜ ਦੀ ਪ੍ਰੈਪ ਜਮਾਤ ਵਿੱਚ ਦਾਖਲ ਹੋ ਗਿਆ। ਕਾਲਜ ਦੇ ਨੇੜੇ ਸਮਾਨੀਆ ਗੇਟ ਵਾਲੀ ਸੜਕ ਉੁਤੇ ਚਿਰੰਜੀ ਮੱਲ ਧਰਮਸ਼ਾਲਾ ਸੀ। ਮੈਂ ਅਤੇ ਮੇਰੇ ਮਾਮੇ ਦੇ ਲੜਕੇ ਨੇ ਉਸ ਧਰਮਸ਼ਾਲਾ ਵਿੱਚ ਕਮਰਾ ਕਿਰਾਏ ‘ਤੇ ਲੈ ਲਿਆ। ਉਥੇ ਚਾਰ ਕਮਰਿਆਂ ਵਿੱਚ ਸਾਡੇ ਪਿੰਡਾਂ ਵੱਲੋਂ ਆਏ ਮੁੰਡੇ ਰਹਿੰਦੇ ਸਨ। ਉਹ ਵੀ ਮਹਿੰਦਰਾ ਕਾਲਜ ਵਿੱਚ ਪੜ੍ਹਦੇ ਸਨ। ਇਹ ਸਾਰੇ ਕਮਰੇ ਧਰਮਸ਼ਾਲਾ ਦੀ ਪਹਿਲੀ ਮੰਜ਼ਿਲ ਉਪਰ ਸਨ।
ਸਰਦੀਆਂ ਦੇ ਦਿਨਾਂ ਵਿੱਚ ਇਕ ਐਤਵਾਰ ਨੂੰ ਸਾਰੇ ਮੁੰਡੇ ਆਪਣੇ ਪਿੰਡਾਂ ਨੂੰ ਚਲੇ ਗਏ। ਮੇਰੇ ਮਾਮੇ ਦਾ ਮੁੰਡਾ ਕਰਮ ਚੰਦ ਵੀ ਆਪਣੇ ਪਿੰਡ ਗਿਆ ਹੋਇਆ ਸੀ। ਮੇਰੇ ਕਮਰੇ ਦੇ ਨਾਲ ਵਾਲਾ ਕਮਰਾ ਭਰਪੂਰ ਸਿੰਘ ਦਾ ਸੀ। ਉਹ ਆਪਣੇ ਪਿੰਡ ਘੱਗੇ ਗਿਆ ਸੀ। ਮੈਂ ਐਤਵਾਰ ਨੂੰ ਦੁਪਹਿਰ ਵੇਲੇ ਰੋਟੀ, ਸਬਜ਼ੀ ਬਣਾਈ। ਮੈਨੂੰ ਪਤਾ ਸੀ ਕਿ ਭਰਪੂਰ ਸਿੰਘ ਨੇ ਪੀਪੀ ਵਿੱਚ ਦੇਸੀ ਘਿਓ ਲਿਆ ਕੇ ਰੱਖਿਆ ਹੋਇਆ ਸੀ। ਮੈਂ ਸੋਚਿਆ ਕਿ ਜੇ ਥੋੜ੍ਹਾ ਜਿਹਾ ਦੇਸੀ ਘਿਓ ਲੈ ਲਿਆ ਜਾਵੇ ਤਾਂ ਰੋਟੀ ਸਵਾਦ ਨਾਲ ਖਾਧੀ ਜਾਵੇਗੀ। ਮੈਂ ਦੇਸੀ ਘਿਓ ਲੈਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਮੇਰੇ ਤਾਲੇ ਦੀ ਚਾਬੀ ਭਰਪੂਰ ਸਿੰਘ ਦੀ ਪੀਪੀ ਦੇ ਜ਼ਿੰਦਰੇ ਨੂੰ ਲੱਗ ਗਈ। ਮੈਂ ਉਸ ਦੀ ਕੱੜਛੀ ਚੁੱਕੀ ਅਤੇ ਪੀਪੀ ‘ਚੋਂ ਘਿਓ ਕੱਢਣ ਦੀ ਕੋਸ਼ਿਸ਼ ਕਰਨ ਲੱਗਿਆ। ਠੰਢ ਕਾਰਨ ਘਿਓ ਜੰਮਿਆ ਹੋਇਆ ਸੀ। ਮੈਂ ਘਿਓ ਵਿੱਚ ਕੜਛੀ ਜ਼ੋਰ ਨਾਲ ਧੱਕੀ ਤਾਂ ਉਹ ਵਿਚਕਾਰੋਂ ਟੁੱਟ ਗਈ। ਮੈਂ ਘਬਰਾ ਗਿਆ। ਮੈਂ ਹੁਣ ਘਿਓ ਤਾਂ ਕੀ ਲੈਣਾ ਸੀ, ਨਵਾਂ ਫਿਕਰ ਸਹੇੜ ਲਿਆ।
ਅਗਲੇ ਦਿਨ ਸਾਰੇ ਲੜਕੇ ਆਪੋ ਆਪਣੇ ਕਮਰਿਆਂ ਵਿੱਚ ਆ ਗਏ। ਕੜਛੀ ਦੀ ਡੰਡੀ ਟੁੱਟੀ ਹੋਣ ਕਾਰਨ ਚੋਰੀ ਵਾਲਾ ਮਾਮਲਾ ਭਰਪੂਰ ਸਿੰਘ ਨੂੰ ਸਮਝ ਆ ਗਿਆ। ਐਤਵਾਰ ਨੂੰ ਮੈਂ ਇਕੱਲਾ ਹੋਣ ਕਰਕੇ ਉਸ ਦਾ ਸ਼ੱਕ ਮੇਰੇ ‘ਤੇ ਹੀ ਜਾਣਾ ਸੀ। ਉਸ ਨੇ ਮੈਨੂੰ ਸਾਰੇ ਮੁੰਡਿਆਂ ਵਿੱਚ ਸ਼ਰਮਿੰਦਗੀ ਮਹਿਸੂਸ ਕਰਵਾਈ। ਇਸ ਘਟਨਾ ਦਾ ਧਰਮਸ਼ਾਲਾ ਵਿੱਚ ਸਭ ਨੂੰ ਪਤਾ ਲੱਗ ਗਿਆ ਸੀ। ਇਸ ਘਟਨਾ ਤੋਂ 15 ਕੁ ਦਿਨਾਂ ਬਾਅਦ ਕਿਸੇ ਵਪਾਰੀ ਦਾ ਧਰਮਸ਼ਾਲਾ ਵਿੱਚ ਠਹਿਰਨ ਦੌਰਾਨ ਕੀਮਤੀ ਸਮਾਨ ਚੋਰੀ ਹੋ ਗਿਆ। ਧਰਮਸ਼ਾਲਾ ਦੇ ਚੌਕੀਦਾਰ ਨੇ ਇਹ ਗੱਲ ਸਾਰੇ ਮੁੰਡਿਆਂ ਨੂੰ ਦੱਸੀ। ਅਸੀਂ ਸਾਰੇ ਰੋਜ਼ਾਨਾ ਦੀ ਤਰ੍ਹਾਂ ਕਾਲਜ ਵਿੱਚ ਕਲਾਸਾਂ ਲਾਉਣ ਚਲੇ ਗਏ। ਉਸੇ ਦਿਨ ਸ਼ਾਮ ਨੂੰ ਸੱਤ ਵਜੋਂ ਜਦੋਂ ਮੈਂ ਅਤੇ ਕਰਮ ਚੰਦ ਕਮਰੇ ‘ਚ ਬੈਠੇ ਪੜ੍ਹ ਰਹੇ ਸੀ ਤਾਂ ਚੌਕੀਦਾਰ ਸਾਡੇ ਕੋਲ ਆਇਆ। ਉਸ ਨੇ ਮੈਨੂੰ ਕਿਹਾ, ‘ਆਪ ਕੋ ਨੀਚੇ ਪੁਲਸ ਵਾਲੇ ਬੁਲਾ ਰਹੇ ਹੈਂ।’ ਮੈਂ ਹੇਠਾਂ ਗਿਆ ਤਾਂ ਸਿਪਾਹੀ ਨੇ ਮੈਨੂੰ ਕਿਹਾ, ‘ਇਥੇ ਰਾਤੀਂ ਵੱਡੀ ਚੋਰੀ ਹੋ ਗਈ, ਤੈਨੂੰ ਕਿਲ੍ਹਾ ਚੌਕ ਕੋਤਵਾਲੀ ਵਿੱਚ ਲਿਜਾਣਾ ਹੈ।’ ਮੈਂ ਰੋਣ ਲੱਗ ਪਿਆ।
ਸਿਪਾਹੀ ਨੇ ਮੈਨੂੰ ਆਪਣੇ ਸਾਈਕਲ ਦੇ ਪਿੱਛੇ ਕੈਰੀਅਰ ‘ਤੇ ਬਿਠਾ ਲਿਆ। ਉਹ ਸਾਈਕਲ ਰੇੜ੍ਹ ਕੇ ਮੈਨੂੰ ਲਿਜਾ ਰਿਹਾ ਸੀ। ਮੈਂ ਲਗਾਤਾਰ ਰੋਈ ਜਾ ਰਿਹਾ ਸੀ। ਅੱਧੇ ਕੁ ਘੰਟੇ ਬਾਅਦ ਅਸੀਂ ਕੋਤਵਾਲੀ ਪਹੁੰਚ ਗਏ। ਸਿਪਾਹੀ ਨੇ ਮੈਨੂੰ ਵੱਡੇ ਅਫਸਰ ਸਾਹਮਣੇ ਪੇਸ਼ ਕੀਤਾ ਤੇ ਕਿਹਾ, ‘ਸਾਹਿਬ ਜੀ, ਆਹ ਮੁੰਡਾ ਏ।’ ਮੈਂ ਉਸ ਵੇਲੇ ਵੀ ਰੋਈ ਜਾ ਰਿਹਾ ਸੀ। ਅਫਸਰ ਨੇ ਨੀਝ ਲਾ ਕੇ ਤੱਕਿਆ ਤੇ ਸਿਪਾਹੀ ਨੂੰ ਕਿਹਾ, ‘ਇਹ ਮੁੰਡਾ ਚੋਰੀ ਕਰਨ ਵਾਲਾ ਨਹੀਂ ਲੱਗਦਾ, ਜਾਹ ਇਹਨੂੰ ਛੱਡ ਕੇ ਆ।’ ਸਿਪਾਹੀ ਨੇ ਸਾਈਕਲ ਦੇ ਪਿੱਛੇ ਕੈਰੀਅਰ ਉੱਤੇ ਬਿਠਾਇਆ ਅਤੇ ਇਸ ਵਾਰ ਸਾਈਕਲ ਚਲਾ ਕੇ ਧਰਮਸ਼ਾਲਾ ਛੱਡ ਗਿਆ।
ਇਸ ਘਟਨਾ ਦੇ ਦੋ ਕੁ ਦਿਨਾਂ ਬਾਅਦ ਮੇਰਾ ਵੱਡਾ ਭਰਾ ਕ੍ਰਿਸ਼ਨ ਲਾਲ ਮੈਨੂੰ ਮਿਲਣ ਆ ਗਿਆ। ਉਸ ਨੂੰ ਫਿਰ ਅਜਿਹੀ ਗੱਲ ਵਾਪਰਨ ਦਾ ਡਰ ਸੀ। ਸਾਡੇ ਪਿੰਡੋਂ ਇਕ ਔਰਤ ਪੰਦਰਾਂ ਸਾਲਾਂ ਤੋਂ ਰਾਘੋਮਾਜਰੇ ਵਿੱਚ ਨਿੰਮ ਵਾਲੇ ਚੌਕ ਕੋਲ ਰਹਿ ਰਹੀ ਸੀ। ਮੇਰਾ ਵੱਡਾ ਭਰਾ ਉਸ ਦੇ ਘਰ ਗਿਆ। ਉਸ ਔਰਤ ਨੇ ਆਪਣੇ ਘਰ ਦੇ ਨੇੜੇ ਇਕ ਚੁਬਾਰਾ ਮੈਨੂੰ ਬਹੁਤ ਥੋੜ੍ਹੇ ਜਿਹੇ ਕਿਰਾਏ ‘ਤੇ ਦੁਆ ਦਿੱਤਾ ਤੇ ਮੇਰਾ ਬਹੁਤ ਧਿਆਨ ਰੱਖਿਆ। ਮੈਂ ਬੀ ਐਡ ਕਰਨ ਤੱਕ ਪੰਜ ਸਾਲ ਉਸੇ ਚੁਬਾਰੇ ਵਿੱਚ ਰਿਹਾ। ਹੁਣ ਵੀ ਮਨ ਵਿੱਚ ਖਿਆਲ ਆਉਂਦਾ ਹੈ ਕਿ ਜੇ ਧਰਮਸ਼ਾਲਾ ਵਿੱਚ ਰਾਤ ਨੂੰ ਹੋਈ ਚੋਰੀ ਦਾ ਝੂਠਾ ਕੇਸ ਮੇਰੇ ਉਪਰ ਪੈ ਜਾਂਦਾ ਤਾਂ ਮੈਂ ਅਦਾਲਤ ਵਿੱਚ ਤਰੀਕਾਂ ਭੁਗਤਣ ਜੋਗਾ ਰਹਿ ਜਾਣਾ ਸੀ। ਕਾਲਜ ਵਿੱਚ ਉਚੇਰੀ ਪੜ੍ਹਾਈ ਕਰਨ ਦੀ ਸੰਭਾਵਨਾ ਬਿਲਕੁਲ ਹੀ ਨਹੀਂ ਰਹਿਣੀ ਸੀ। ਕਾਸ਼! ਸਾਰੇ ਪੁਲਸ ਵਾਲੇ ਉਸ ਥਾਣੇਦਾਰ ਵਰਗੇ ਹੋ ਜਾਣ ਜਿਸ ਨੇ ਮੈਨੂੰ ਨਿਰਦੋਸ਼ ਮਹਿਸੂਸ ਕਰਦਿਆਂ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਅ ਦਿੱਤੀ ਸੀ।