ਬਦਲ ਚੁੱਕੀਆਂ ਹਨ ਅੱਜ ਦੀਆਂ ਕੁੜੀਆਂ : ਕ੍ਰਿਤੀ

kriti senon
ਜੋ ਤਬਦੀਲੀ ਨੂੰ ਸਵੀਕਾਰ ਨਹੀਂ ਕਰਦਾ, ਉਹ ਖਤਮ ਹੋ ਜਾਂਦਾ ਹੈ। ਇੱਕ ਵੱਡੀ ਤਬਦੀਲੀ ਕ੍ਰਿਤੀ ਸਨਨ ਦੱਸਦੀ ਹੈ ਨਵੇਂ ਜ਼ਮਾਨੇ ਦੀਆਂ ਕੁੜੀਆਂ ਬਾਰੇ। ਉਸ ਦਾ ਕਹਿਣਾ ਹੈ ਕਿ ਕੁੜੀਆਂ ਦੇ ਪਹਿਰਾਵੇ ਜਾਂ ਉਨ੍ਹਾਂ ਦੀ ਜੀਵਨਸ਼ੈਲੀ ਨਾਲ ਉਨ੍ਹਾਂ ਦੇ ਚਰਿੱਤਰ ਦਾ ਮੁੱਲਾਂਕਣ ਕਰਨ ਦਾ ਜ਼ਮਾਨਾ ਬੀਤ ਗਿਆ ਹੈ। ਹੁਣ ਕਰੀਅਰ ਨੂੰ ਮਹੱਤਵ ਦੇਣ ਵਾਲੀਆਂ ਕੁੜੀਆਂ ਤਾਂ ਵਿਆਹ ਨੂੰ ਓਨਾ ਮਹੱਤਵ ਨਹੀਂ ਦਿੰਦੀਆਂ। ਉਨ੍ਹਾਂ ਦਾ ਆਪਣਾ ਫ੍ਰੈਂਡ ਸਰਕਲ ਹੁੰਦਾ ਹੈ, ਜਿੱਥੇ ਉਹ ਖੁਦ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਥੇ ਹੀ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਂਦੀਆਂ ਹਨ। ਦੋਸਤੀ ਯਾਰੀ ਤੇ ਪਿਆਰ ਦੀਆਂ ਭਾਵਨਾਵਾਂ ਨੂੰ ਦਰਸਾਉਂਦੀ ਕ੍ਰਿਤੀ ਦੀ ਅਜਿਹੀ ਹੀ ਇੱਕ ਫਿਲਮ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ।
ਰਿਲੀਜ਼ ਹੋ ਚੁੱਕੀ ਫਿਲਮ ‘ਬਰੇਲੀ ਕੀ ਬਰਫੀ’ਵਿੱਚ ਉਸ ਨਾਲ ਰਾਜਕੁਮਾਰ ਰਾਓ ਅਤੇ ਆਯੁਸ਼ਮਾਨ ਖੁਰਾਣਾ ਦਿਖਾਈ ਦੇ ਰਹੇ ਹਨ। ਟਿਕਟ ਖਿੜਕੀ ‘ਤੇ ਇਸ ਦਾ ਪ੍ਰਦਰਸ਼ਨ ਹੁਣ ਤੱਕ ਭਾਵੇਂ ਠੰਢਾ ਰਿਹਾ ਹੈ, ਪਰ ਇਸ ਤੋਂ ਪਹਿਲਾਂ ਉਸ ਦੀ ਫਿਲਮ ‘ਰਾਬਤਾ’ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਹੁਣ ਦੇਖਣਾ ਹੋਵੇਗਾ ਕਿ ਦੋ ਫਲਾਪ ਫਿਲਮਾਂ ਤੋਂ ਬਾਅਦ ਉਸ ਨੂੰ ਨਿਰਮਾਤਾ ਨਿਰਦੇਸ਼ਕਾਂ ਤੋਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਹੈ।