ਬਦਲਾ

-ਕੇ ਐਲ ਗਰਗ
ਬਾਬੂ ਮਦਾਨ ਅੱਜ ਸਵੇਰੇ-ਸਵੇਰੇ ਹੀ ਰੋਣਹਾਕਾ ਹੋਇਆ ਪਿਆ ਸੀ। ਆਪਣੀ ਵੀਹ ਵਰ੍ਹਿਆਂ ਦੀ ਨੌਕਰੀ ‘ਚ ਕਦੇ ਉਸ ਦੀ ਇਹ ਹਾਲਤ ਨਹੀਂ ਸੀ ਹੋਈ। ਬਥੇਰੇ ਨਰਮ ਅਫਸਰ ਵੀ ਆਏ ਤੇ ਸਖਤ ਤੋਂ ਸਖਤ ਅਫਸਰ ਵੀ ਇਸ ਦਫਤਰ ‘ਚ ਕੰਮ ਕਰ ਗਏ ਸਨ, ਪਰ ਖਨੇਜੇ ਜਿਹਾ ਅਫਸਰ ਤਾਂ ਕੋਈ ਵਿਰਲਾ ਟਾਵਾਂ ਹੀ ਆਇਆ ਹੋਵੇਗਾ। ਹਰ ਵੇਲੇ ਘੋੜੇ ‘ਤੇ ਸਵਾਰ ਰਹਿੰਦਾ ਸੀ। ਜਿਵੇਂ ਪੈਰਾਂ ਹੇਠ ਅੱਗ ਮੱਚਦੀ ਹੋਵੇ।
ਸਵੇਰੇ ਦਫਤਰ ਆਉਂਦਿਆਂ ਹੀ ਉਸ ਦੀ ਕਾਲ ਬੈੱਲ ਚੀਕੀ ਸੀ। ਸੇਵਾਦਾਰ ਸੀਤਾ ਰਾਮ ਦੀ ਨੱਸੇ ਜਾਂਦੇ ਦੀ ਪੈੜ ਚਾਲ ਸਾਰੇ ਦਫਤਰ ‘ਚ ਸੁਣਾਈ ਪਈ। ਕੋਲ ਬੈਠੇ ਬਾਬੂ ਮਿੱਤਲ ਨੇ ਹੱਸ ਕੇ ਆਖਿਆ ਸੀ, ‘ਸਾਹਬ ਦੀ ਬੈਲ ਵੀ ਫਾਇਰ ਬ੍ਰਿਗੇਡ ਵਾਂਗ ਗੂੰਜਦੀ ਐ। ਇਉਂ ਬੈਲ ਨੱਪਦੈ ਜਿਵੇਂ ਕਿਤੇ ਅੱਗ ਬੁਝਾਉਣ ਜਾਣਾ ਹੋਵੇ। ਐਵੇਂ ਈ ਭਾਜੜਾਂ ਪਾਈ ਰੱਖਦੈ।’
ਸੁਣ ਕੇ ਮਦਾਨ ਬਾਬੂ ਵੀ ਹੱਸ ਪਿਆ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਦੇ ਹਾਸੇ ਨੂੰ ਦੋ ਚਾਰ ਮਿੰਟ ‘ਚ ਗ੍ਰਹਿਣ ਲੱਗਣ ਵਾਲਾ ਸੀ। ਤਦੇ ਚੱਪਲਾਂ ਘਸੀਟਦਾ ਸੀਤਾ ਰਾਮ ਉਨ੍ਹਾਂ ਕੋਲ ਆ ਪਹੁੰਚਿਆ ਸੀ। ‘ਸਾਹਿਬ ਬੁਲਾਉਂਦੇ ਆ ਥੋਨੂੰ ਜੀ,’ ਉਸ ਮਦਾਨ ਬਾਬੂ ਵੱਲ ਮੂੰਹ ਕਰਕੇ ਆਖਿਆ।
‘ਚੱਲ ਭਾਈ ਮੈਦਾਨਾ, ਬੁਝਾ ਜਾ ਕੇ ਅੱਗ ਤੂੰ ਤਾਂ ਸਾਹਬ ਦੀ।’ ਮਿੱਤਲ ਨੇ ਹੱਸਦਿਆਂ ਮਦਾਨ ਬਾਬੂ ਨੂੰ ਆਖਿਆ ਸੀ।
ਦਫਤਰ ਦੇ ਹੋਰ ਬਾਬੂ ਵੀ ਛੇੜਨ ਦੇ ਲਹਿਜੇ ‘ਚ ਹਮੇਸ਼ਾ ਮਦਾਨ ਨੂੰ ਮੈਦਾਨ ਹੀ ਆਖਿਆ ਕਰਦੇ ਸਨ। ਕਿਸੇ ਗੱਲੋਂ ਮਦਾਨ ਨੇ ਨਾਂਹ ਨੁੱਕਰ ਕਰਨੀ ਤਾਂ ਉਨ੍ਹਾਂ ਮੇਜ਼ ਦੀ ਡੋਲਕੀ ਕੁੱਟਦਿਆਂ ਗਾਉਣ ਲੱਗ ਪੈਣਾ, ‘ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜਗੇ..।’
ਮਦਾਨ ਬਾਬੂ ਨੇ ਖਿੱਝਣਾ ਤਾਂ ਉਨ੍ਹਾਂ ਸਗੋਂ ਹੋਰ ਉਚੀ ਆਵਾਜ਼ ‘ਚ ਚੀਕਣ ਲੱਗ ਪੈਣਾ। ਤਰ੍ਹਾਂ-ਤਰ੍ਹਾਂ ਦੀਆਂ ਫਬਤੀਆਂ ਕੱਸਦੇ, ਉਹ ਉਸ ਨੂੰ ਹਮੇਸ਼ਾ ਧੁਰਾ ਬਣਾਈ ਰੱਖਦੇ-
‘ਤੂੰ ਤਾਂ ਯਾਰ ਮੈਦਾਨ ਮਾਰ ਲਿਆ।’
‘ਮੈਦਾਨ ਫਤਹਿ ਹੋ ਗਿਆ ਤੇਰਾ ਤਾਂ..।’
ਸੀਤਾ ਰਾਮ ਦੇ ਸੁਨੇਹੇ ਉਤੇ ਮਦਾਨ ਬਾਬੂ ਔਖ ਜਿਹੀ ਨਾਲ ਆਪਣੀ ਸੀਟ ਤੋਂ ਉਠਿਆ ਤੇ ਸਾਹਬ ਦੇ ਕਮਰੇ ਵੱਲ ਤੁਰ ਪਿਆ। ਚਿਕ ਚੁੱਕ ਕੇ ਅੰਦਰ ਵੜਿਆ ਤਾਂ ਸਾਹਬ ਪਹਿਲਾਂ ਖਿੱਝਿਆ ਪਿਆ ਸੀ। ‘ਐਨੀ ਦੇਰ ਲੱਗਦੀ ਐ ਦੋ ਕਦਮਾਂ ਤੋਂ ਆਉਂਦਿਆਂ?’
ਕਹਿਣ ਨੂੰ ਮਦਾਨ ਬਾਬੂ ਕਹਿ ਸਕਦਾ ਸੀ, ‘ਐਨੀ ਕੀ ਗੋਲੀ ਚੱਲਦੀ ਸੀ, ਬਈ ਜ਼ਖਮੀਆਂ ਨੂੰ ਐਂਬੂਲੈਂਸ ਵਿੱਚ ਲਿਜਾਣਾ ਸੀ ਪਾ ਕੇ।’ ਪਰ ਉਸ ਹਲੀਮੀ ਜਿਹੀ ਨਾਲ ਆਖਿਆ, ‘ਮੈਂ ਤਾਂ ਜੀ ਸੁਨੇਹਾ ਮਿਲਦਿਆਂ ਹੀ ਨੱਸਾ ਆਇਆਂ। ਐਕਸਪ੍ਰੈਸ ਗੱਡੀ ਵਾਂਗ।’
ਕੋਈ ਹੋਰ ਅਫਸਰ ਹੁੰਦਾ ਤਾਂ ‘ਐਕਸਪ੍ਰੈਸ ਗੱਡੀ’ ਦਾ ਵਾਕ ਸੁਣ ਕੇ ਹੱਸ-ਹੱਸ ਦੂਹਰਾ ਹੋ ਜਾਂਦਾ, ਪਰ ਇਹ ਖਨੇਜਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀ, ਸੁਣਦਿਆਂ ਹੀ ਤਿਓੜੀਆਂ ਚੜ੍ਹਾ ਕੇ ਕਹਿਣ ਲੱਗਾ, ‘ਕੰਮ ਕਰਕੇ ਤਾਂ ਰਾਜ਼ੀ ਈ ਨਹੀਂ ਤੁਸੀਂ ਲੋਕ। ਮੁਫਤ ਦੀਆਂ ਤਨਖਾਹਾਂ ਕੁੱਟਣ ਨੂੰ ਫਿਰਦੇ ਰਹਿੰਦੇ ਓ। ਐਕਸਪ੍ਰੈਸ ਤਾਂ ਮੈਂ ਬਣਾਊਂ ਤੁਹਾਡੀ। ਹਾਲੇ ਐਕਸਪ੍ਰੈਸ ਕਿੱਥੇ ਬਣੇ ਓ ਤੁਸੀਂ! ਹਾਲੇ ਤਾਂ ਮਾਲ ਗੱਡੀ ਵਾਂਗ ਤੁਰਦੇ ਓ ਤੁਸੀਂ ਲੋਕ।’
ਮਦਾਨ ਬਾਬੂ ਨੇ ਚੁੱਪ ਰਹਿਣਾ ਬਿਹਤਰ ਸਮਝਿਆ ਸੀ। ਬੱਸ ਏਨਾਂ ਹੀ ਉਸ ਦੇ ਮੂੰਹੋਂ ਨਿਕਲਿਆ, ‘ਸਰ, ਸਰ..।’
ਉਸ ਨੂੰ ਚੁਪ ਖੜੋਤਾ ਦੇਖ ਕੇ ਸਾਹਬ ਨੂੰ ਹੋਰ ਚੀਹ ਚੜ੍ਹ ਗਈ ਸੀ। ਝੱਟ ਪੁੱਛਣ ਲੱਗਿਆ, ‘ਗੋਇਲ ਐਂਡ ਗੋਇਲ ਐਂਡ ਸੰਨਜ਼ ਵਾਲਿਆਂ ਦੀ ਫਾਈਲ ਤੈਨੂੰ ਪੁਟ ਅੱਪ ਕਰਨ ਨੂੰ ਆਖਿਆ ਸੀ, ਕਿੱਥੇ ਐ ਉਹ ਫਾਈਲ?’ ਅਫਸਰ ਦੀ ਆਵਾਜ਼ ‘ਚ ਹੈਂਕੜ ਸਾਫ ਝਲਕ ਰਹੀ ਸੀ।
‘ਉਹ ਤਾਂ ਸਰ ਜੀ, ਮੈਂ ਪਰਸੋਂ ਹੀ ਪੁੱਟ ਅੱਪ ਕਰਤੀ ਸੀ। ਤੁਸੀਂ ਦੇਖੋ ਇਥੇ ਈ ਕਿਤੇ ਫਾਈਲਾਂ ‘ਚ ਪਈ ਹੋਣੀ ਐ।’ ਮਦਾਨ ਬਾਬੂ ਨੇ ਇਕੋ ਸਾਹੇ ਆਖ ਦਿੱਤਾ ਸੀ।
‘ਮੈਂ ਅੰਨ੍ਹਾ ਤਾਂ ਨ੍ਹੀਂ। ਫਾਈਲ ਹੁੰਦੀ ਤਾਂ ਮੈਨੂੰ ਦਿਸਦੀ ਨਾ! ਗੋਇਲ ਸਾਹਬ ਤਾਂ ਕਹਿੰਦੇ ਸੀ ਬਈ ਤੁਹਾਡਾ ਬਾਬੂ ਪੈਸੇ ਭਾਲਦਾ। ਫਾਈਲ ਪੁੱਟ ਅੱਪ ਨ੍ਹੀਂ ਕਰ ਰਿਹਾ।’ ਸਾਹਬ ਨੇ ਗੁੱਸੇ ਨਾਲ ਲਾਲ ਪੀਲਾ ਹੁੰਦਿਆਂ ਆਖਿਆ।
‘ਸਰ, ਮੈਨੂੰ ਤਾਂ ਗੋਇਲ ਸਾਹਬ ਦੇ ਦਰਸ਼ਨ ਵੀ ਨ੍ਹੀਂ ਹੋਏ ਕਦੇ। ਇਹ ਉਨ੍ਹਾਂ ਕਿਵੇਂ ਕਹਿਤਾ?’ ਮਦਾਨ ਬਾਬੂ ਨੇ ਆਪਣੀ ਔਖ ਨੂੰ ਅੰਦਰੋਂ-ਅੰਦਰ ਨਪੱਦਿਆਂ ਆਖਿਆ।
‘ਮੈਂ ਤੁਹਾਡੀਆਂ ਸਾਰੀਆਂ ਨੌਸਰਬਾਜ਼ੀਆਂ ਸਮਝਦਾ ਹਾਂ। ਸਾਰੀ ਉਮਰ ਮੇਰਾ ਵਾਹ ਤੁਹਾਡੇ ਜਿਹੇ ਬਾਬੂਆਂ ਨਾਲ ਹੀ ਰਿਹਾ। ਮੈਂ ਸਿੱਧੇ ਕਰ ਦੇਊਂ ਤੁੱਕੇ ਵਾਂਗ ਤੁਹਾਨੂੰ। ਤੁਸੀਂ ਸਮਝ ਕੀ ਰੱਖਿਆ?’ ਸਾਹਬ ਹੋਰ ਵੀ ਜ਼ਿਆਦਾ ਹਰਖ ਗਿਆ ਸੀ।
ਮਦਾਨ ਬਾਬੂ ਹਫਲਿਆ ਜਿਹਾ ਫਾਈਲਾਂ ਦੇ ਢੇਰ ਵੱਲ ਹੋਇਆ। ਪਤਲੀ ਜਿਹੀ ਫਾਈਲ ਸੀ ਉਹ। ਦੋ ਤਾਂ ਬਿੱਲ ਸੀ ਵਿੱਚ ਜਿਨ੍ਹਾਂ ਦੀ ਅਦਾਇਗੀ ਹੋਣ ਵਾਲੀ ਸੀ। ਘਬਰਾਹਟ ਵਿੱਚ ਮਦਾਨ ਬਾਬੂ ਨੂੰ ਫਾਈਲ ਦਿਖਾਈ ਨਾ ਦਿੱਤੀ। ਉਸ ਬਥੇਰੇ ਏਧਰ ਓਧਰ ਹੱਥ ਮਾਰੇ, ਪਰ ਫਾਈਲ ਤਾਂ ਜਾਣੋਂ ਕਿਧਰੇ ਛੂਹ ਛਿਪਣ ਹੀ ਹੋ ਗਈ ਲੱਗਦੀ ਸੀ।
‘ਲੱਭ ਗਈ ਫਾਈਲ?’ ਸਾਹਬ ਨੇ ਉਚੀ ਆਵਾਜ਼ ‘ਚ ਆਖਿਆ।
‘ਸਰ, ਇਥੇ ਤਾਂ ਰੱਖ ਕੇ ਗਿਆ ਸਾਂ।’ ਮਦਾਨ ਬਾਬੂ ਦੀ ਸ਼ਰਮ ਨਾਲ ਘਿੱਗੀ ਬੱਝਦੀ ਜਾ ਰਹੀ ਸੀ।
‘ਰੱਖੀ ਹੁੰਦੀ ਤਾਂ ਲੱਭਦੀ ਨਾ? ਮੈਨੂੰ ਬੇਵਕੂਫ ਬਣਾਈ ਜਾਨੈਂ? ਫਾਈਲ ਨਾ ਮਿਲੀ ਤਾਂ ਤੇਰੇ ਹੱਡਾਂ ‘ਚੋਂ ਕੱਢ ਲਊਂ। ਤੁਸੀਂ ਬਥੇਰੀਆਂ ਰਿਸ਼ਵਤਾਂ ਖਾ ਲਈਆਂ। ਹੁਣ ਦੇਖੀਂ ਮੈਂ ਤੇਰਾ ਕਰਦਾ ਕੀ ਆਂ? ਮੈਂ ਤਾਂ ਕੇਸ ਪੁਲਸ ਨੂੰ ਦੇ ਦੇਣਾ। ਫਾਈਲ ਜਲਦੀ ਤੋਂ ਜਲਦੀ ਪੇਸ਼ ਕਰ, ਨਹੀਂ ਤਾਂ..।’
ਮਦਾਨ ਬਾਬੂ ਨੂੰ ਉਥੇ ਖਲੋਣਾ ਮੁਸ਼ਕਿਲ ਹੋਇਆ ਪਿਆ ਸੀ। ਥਿੜਕਦੇ ਕਦਮੀਂ ਝੱਟ ਦਫਤਰੋਂ ਬਾਹਰ ਆ ਗਿਆ। ਉਸ ਦੀ ਇਹ ਹਾਲਤ ਹੋ ਗਈ ਸੀ ਜਿਵੇਂ ਵੱਢੋ ਤਾਂ ਖੂਨ ਨਹੀਂ। ਪੈਰ ਘਸੀਟਦਾ-ਘਸੀਟਦਾ ਉਹ ਆਪਣੀ ਸੀਟ ਵੱਲ ਪਰਤ ਆਇਆ ਸੀ। ਉਸ ਦੇ ਤਾਂ ਸਮਝੋ ਹੱਡਾਂ ਪੈਰਾਂ ‘ਚ ਜਾਨ ਹੀ ਨਾ ਰਹੀ ਹੋਵੇ। ਇਕ ਅਜੀਬ ਕਿਸਮ ਦੀ ਦਹਿਸ਼ਤ ਉਸ ‘ਤੇ ਭਾਰੀ ਹੋ ਰਹੀ ਸੀ।
‘ਫਾਈਲ ਨਾ ਲੱਭੀ ਤਾਂ ਉਸ ਦਾ ਕੀ ਬਣੂੰ।’ ਇਹੋ ਸੋਚ ਉਸ ਦੇ ਜ਼ਿਹਨ ਵਿੱਚ ਡੰਗ ਮਾਰ ਰਹੀ ਸੀ। ਉਹ ਬੁਝੇ ਮਨ ਨਾਲ ਆਪਣੀ ਸੀਟ ‘ਤੇ ਆ ਕੇ ਜਿਵੇਂ ਡਿੱਗ ਹੀ ਪਿਆ ਸੀ। ਉਸ ਦਾ ਮੁਰਝਾਇਆ ਚਿਹਰਾ ਦੇਖ ਕੇ ਉਸ ਦਾ ਸਾਥੀ ਮਿੱਤਲ ਬਾਬੂ ਮਜ਼ਾਕ ਨਾਲ ਪੁੱਛਣ ਲੱਗਿਆ, ‘ਕਿਉਂ ਮੈਦਾਨ ਬਾਬੂ, ਸਾਹਬ ਦੀ ਫਾਇਰ ਬ੍ਰਿਗੇਡ ਤੋਰ ਆਇਐਂ? ਅੱਗ ਬੁਝਗੀ ਕਿ ਹਾਲੇ ਭਾਂਬੜ ਮੱਚੀ ਜਾਂਦੇ ਐ?’
ਮਦਾਨ ਬਾਬੂ ਦੇ ਮੂੰਹੋਂ ਤਾਂ ਬੋਲ ਹੀ ਨਹੀਂ ਸਨ ਨਿਕਲ ਰਹੇ। ਚੁੱਪ ਗੜੁੱਪ। ਜਿਵੇਂ ਬਰਫ ਦੀ ਕੋਈ ਸਿਲ ਪਈ ਹੋਵੇ। ਹਾਲਾਂਕਿ ਉਹ ਉਸ ਘੜੀ ਅਪਮਾਨ ਦੀ ਅੱਗ ‘ਚ ਧੂੰ-ਧੂੰ ਕਰਕੇ ਸੜ ਰਿਹਾ ਸੀ। ਮਿੱਤਲ ਬਾਬੂ ਸ਼ਾਇਦ ਹਾਲੇ ਵੀ ਮਜ਼ਾਕ ਦੇ ਰੌਂਅ ‘ਚ ਹੀ ਰਹਿੰਦਾ, ਪਰ ਮਦਾਨ ਬਾਬੂ ਦੀ ਰੋਣੀ ਸੂਰਤੀ ਦੇਖਦਿਆਂ ਹੀ ਇਕਦਮ ਗੰਭੀਰ ਹੋ ਗਿਆ।
‘ਕੀ ਹੋਇਆ ਮਦਾਨ ਬਾਬੂ? ਐਨੀਥਿੰਗ ਸੀਰੀਅਸ?’ ਉਸ ਨੇ ਪੁੱਛ ਲਿਆ ਸੀ।
ਮਦਾਨ ਬਾਬੂ ਦਾ ਤਾਂ ਜਿਵੇਂ ਗੁਬਾਰਾ ਪਹਿਲਾਂ ਹੀ ਫਟਣ ਵਾਲਾ ਹੋਇਆ ਪਿਆ ਸੀ। ਸੜਦਿਆਂ ਬਲਦਿਆਂ ਕਹਿਣ ਲੱਗਿਆ, ‘ਮਿੱਤਲ ਬਾਬੂ, ਇਹ ਸਾਹਬ ਆਪਣੇ ਆਪ ਨੂੰ ਸਮਝਦਾ ਕੀ ਐ? ਇਹਦੇ ਭਾਣੇ ਆਪਾਂ ਸਾਰੇ ਚੋਰ ਤੇ ਕੰਮਚੋਰ ਈ ਆਂ। ਇਹੋ ਇਕ ਹਰੀਸ਼ ਚੰਦਰ ਜੰਮਿਆ ਮਾਂ ਨੇ।’
‘ਹੋਇਆ ਕੀ ਸੁਬ੍ਹਾ-ਸੁਬ੍ਹਾ?’ ਮਿੱਤਲ ਨੇ ਫਿਰ ਪੁੱਛਿਆ।
‘ਕਹਿੰਦਾ ਗੋਇਲ ਐਂਡ ਗੋਇਲ ਵਾਲਿਆਂ ਦੀ ਫਾਈਲ ਮੈਂ ਜਾਣਬੁੱਝ ਕੇ ਗੁੰਮ ਕੀਤੀ ਐ। ਮੈਂ ਖੁਦ ਇਨ੍ਹਾਂ ਹੱਥਾਂ ਨਾਲ ਫਾਈਲ ਡੀਲ ਕਰਕੇ ਇਹਦੀਆਂ ਫਾਈਲਾਂ ‘ਚ ਰੱਖੀ ਐ। ਮੈਂ ਆਪ ਰੱਖ ਕੇ ਆਇਆਂ ਫਾਈਲ ਇਹਦੇ ਦਫਤਰ ‘ਚ।’ ਮਦਾਨ ਬਾਬੂ ਨੇ ਆਪਣੀ ਸਫਾਈ ਦਿੰਦਿਆਂ ਆਖ ਦਿੱਤਾ ਸੀ।
‘ਅੱਛਾ ਉਹ ਗੋਇਲ ਐਂਡ ਗੋਇਲ ਵਾਲੇ। ਉਹ ਤਾਂ ਮੋਟੀ ਮੁਰਗੀ ਐ ਯਾਰ। ਹੋ ਸਕਦੈ ਕਿ ਸਾਹਬ ਨੇ ਆਪ ਫਾਈਲ ਲੁਕੋ ਲਈ ਹੋਵੇ, ਉਨ੍ਹਾਂ ਤੋਂ ਮੋਟੀ ਰਕਮ ਮੁੱਛਣ ਲਈ। ਤੂੰ ਇਨ੍ਹਾਂ ਸਾਹਬਾਂ ਨੂੰ ਕੀ ਸਮਝਦੈਂ? ਇਹ ਕਿਸੇ ਪੱਧਰ ਤੱਕ ਵੀ ਜਾ ਸਕਦੇ ਐ। ਚੋਰੀ ਆਪ ਕਰਕੇ, ਤੇਰੇ ਸਿਰ ਡੰਭਦਾ ਹੋਵੇ। ਫਾਈਲ ਏਧਰ ਓਧਰ ਹੋਈ। ਬਿੱਲ ਜਿੰਨੀ ਲੇਟ ਪਾਸ ਹੋਣਗੇ, ਮੁਰਗੀ ਓਨਾ ਹੀ ਮੋਟਾ ਆਂਡਾ ਦੇਊ।’ ਮਿੱਤਲ ਬਾਬੂ ਨੇ ਸਮਝੌਤੀ ਦਿੰਦਿਆਂ ਆਖਿਆ ਸੀ।
‘…ਪਰ ਫਾਈਲ ਗਈ ਕਿੱਥੇ?’
‘ਉਥੇ ਈ ਹੋਣੀ ਐ, ਜੇ ਤੂੰ ਖੁਦ ਰੱਖੀ ਐ ਤਾਂ ਫੇਰ ਜਾ ਕਿੱਥੇ ਸਕਦੀ ਐ?’ ਮਿੱਤਲ ਨੇ ਉਲਟਾ ਉਸ ਤੋਂ ਹੀ ਸਵਾਲ ਪੁੱਛ ਲਿਆ ਸੀ।
‘…ਪਰ ਯਾਰ, ਤਮੀਜ਼ ਵੀ ਕੋਈ ਚੀਜ਼ ਹੁੰਦੀ ਐ ਕਿ ਨਹੀਂ? ਹਰ ਬੰਦੇ ਦਾ ਸਵੈਮਾਣ ਹੁੰਦੈ। ਛੋਟੇ ਤੋਂ ਛੋਟੇ ਕੀਟ ਦੀ ਵੀ ਇੱਜ਼ਤ ਹੁੰਦੀ ਐ। ਕੀੜੇ ਨੂੰ ਵੀ ਬਹੁਤਾ ਨੱਪੀਏ ਤਾਂ ਡੰਗ ਮਾਰਦਾ ਹੁੰਦੈ। ਇਉਂ ਸਾਹਬ ਦੀ ਧੌਂਸ ਆਪਾਂ ਲੋਕ ਕਦ ਤੱਕ ਝੱਲੀ ਜਾਵਾਂਗੇ?’ ਮਦਾਨ ਬਾਬੂ ਤਾਂ ਜਾਣੋਂ ਤਪਿਆ ਖਪਿਆ ਹੀ ਪਿਆ ਸੀ।
‘ਦੇਖ ਮਦਾਨ ਬਾਬੂ, ਤੂੰ ਹੁਣ ਨਿਆਣਾ ਤਾਂ ਹੈ ਨ੍ਹੀਂ। ਤੂੰ ਵੀ ਦੁਨੀਆ ਦੇਖੀ ਐ। ਹਮੇਸ਼ਾਂ ਕਮਜ਼ੋਰ ਦਾ ਈ ਸ਼ਿਕਾਰ ਹੁੰਦੈ। ਗੁੱਸਾ ਬਹੁਤ ਸਿਆਣਾ ਹੁੰਦੈ। ਹਮੇਸ਼ਾ ਕਮਜ਼ੋਰ ‘ਤੇ ਈ ਚੜ੍ਹਦਾ। ਕਦੇ ਕਿਸੇ ਤਕੜੇ ‘ਤੇ ਕਿਸੇ ਨੂੰ ਗੁੱਸੇ ਹੁੰਦੇ ਦੇਖਿਆ? ਸਾਹਬ ਘਰੋਂ ਪਤਨੀ ਦੀਆਂ ਝਿੜਕਾਂ ਖਾ ਕੇ ਆਉਂਦੈ ਤੇ ਆਪਣੀ ਭੜਾਸ ਸਾਡੇ ਤੇ ਕੱਢ ਦਿੰਦੈ। ਤੂੰ ਦੇਖਿਆ ਈ ਐ ਹੈਡ ਐਫਿਸ ਵਾਲਿਆਂ ਮੂਹਰੇ ਕਿਵੇਂ ਭਿੱਜੀ ਬਿੱਲੀ ਬਣਿਆ ਹੁੰਦੈ।’ ਮਿੱਤਲ ਬਾਬੂ ਨੇ ਆਖਿਆ।
ਟਹਿਲ ਸਿੰਘ, ਜੋ ਉਨ੍ਹਾਂ ਦੀ ਗੱਲਬਾਤ ਸੁਣ ਰਿਹਾ ਸੀ, ਨੇ ਆਪਣਾ ਟੁੱਲ ਲਗਾ ਦਿੱਤਾ, ‘ਭਰਾਵੋ, ਅਫਸਰ ਬਣਦਾ ਈ ਉਹ ਐ ਜੋ ਆਪਣੀ ਤੀਵੀਂ ਤੋਂ ਡਰਦਾ ਹੋਵੇ। ਸੁਣਿਆ ਆਪਣੇ ਸਾਹਬ ਦੀ ਪਤਨੀ ਉਂਜ ਵੀ ਬਹੁਤ ਖੱਖੀ ਐ। ਘਰੋਂ ਝਿੜਕਾਂ ਖਾ ਕੇ ਆਉਂਦੈ ਤੇ ਸਾਨੂੰ ਝਿੜਕਾਂ ਦੇ ਛੱਡਦੈ। ਹਿਸਾਬ ਬਰਾਬਰ।’ ਆਖ ਟਹਿਲ ਸਿੰਘ ਤਾੜੀ ਮਾਰ ਹੱਸ ਪਿਆ ਸੀ।
‘ਆਪਣੇ ‘ਚ ਈ ਏਕਾ ਹੈਨੀ। ਨਹੀਂ ਤਾਂ ਸਾਹਬ ਦਾ ਬੁਥਾੜ ਭੰਨਿਆ ਹੋਵੇ ਇਕੇਰਾਂ। ਆਪੇ ਸਿੱਧਾ ਹੋ ਜੇ।’ ਮਿੱਤਲ ਬਾਬੂ ਆਖ ਕੇ ਆਪਣੀ ਦਫਤਰੀ ਫਾਈਲ ‘ਚ ਰੁੱਝ ਗਿਆ ਸੀ। ਮਦਾਨ ਬਾਬੂ ਨੂੰ ਮਿੱਤਲ ਬਾਬੂ ਦੀਆਂ ਗੱਲਾਂ ਨਾਲ ਕੁਝ ਕੁ ਤਸੱਲੀ ਤਾਂ ਭਾਵੇਂ ਮਿਲ ਗਈ ਸੀ, ਪਰ ਹਾਲੇ ਉਸ ਦੀ ਅੰਦਰਲੀ ਬੇਚੈਨੀ ਬਿਲਕੁਲ ਨਹੀਂ ਸੀ ਘਟੀ। ਅਪਮਾਨ ਦਾ ਜ਼ਹਿਰ ਉਸ ਦੀ ਰਗ-ਰਗ ਵਿੱਚ ਫੈਲਦਾ ਜਾ ਰਿਹਾ ਸੀ। ਜਦੋਂ ਉਹ ਬਹੁਤੀ ਔਖ ਮਹਿਸੂਸ ਕਰਦਾ ਤਾਂ ਅੱਖਾਂ ਮੀਟ ਲੈਂਦਾ। ਅੱਖਾਂ ਮੀਟਿਆਂ ਵੀ ਉਸ ਨੂੰ ਸਾਹਬ ਦਾ ਤਪਿਆ ਹੋਇਆ ਚਿਹਰਾ ਦਿਖਾਈ ਦੇਣ ਲੱਗਦਾ। ਉਸ ਦੀਆਂ ਅੱਖਾਂ ਵਿੱਚ ਉਸ ਲਈ ਫੈਲੀ ਹੋਈ ਹਿਕਾਰਤ ਉਸ ਨੂੰ ਬਿਹਬਲ ਕਰ ਦਿੰਦੀ। ‘ਹਰ ਤਕੜਾ ਬੰਦਾ ਕਮਜ਼ੋਰ ਬੰਦੇ ‘ਤੇ ਹੀ ਆਪਣੀ ਭੜਾਸ ਕੱਢਦੈ।’ ਮਿੱਤਲ ਬਾਬੂ ਦਾ ਇਹ ਵਾਕ ਵਾਰ-ਵਾਰ ਉਸ ਦੇ ਅੰਤਰਮਨ ਵਿੱਚ ਗੂੰਜਣ ਲੱਗਦਾ।
ਮਦਾਨ ਬਾਬੂ ਇਹ ਵੀ ਜਾਣਦਾ ਸੀ ਕਿ ਭੜਾਸ ਨਾ ਨਿਕਲੇ ਤਾਂ ਵਿਸਫੋਟ ਹੋ ਜਾਂਦਾ ਹੈ। ਉਸ ਨੇ ਵਾਲਵ ਬੰਦ ਹੋਣ ਵਾਲੇ ਬਾਇਲਰਾਂ ਦੇ ਫਟਣ ਦੀਆਂ ਖਬਰਾਂ ਅਖਬਾਰਾਂ ਵਿੱਚ ਪੜ੍ਹੀਆਂ ਹੋਈਆਂ ਸਨ। ਬੈਠੇ-ਬੈਠੇ ਉਸ ਨੂੰ ਗਲਾਜ਼ਤ ਜਿਹੀ ਮਹਿਸੂਸ ਹੋਣ ਲੱਗੀ। ਝੱਟ ਪਿਸ਼ਾਬ ਦਾ ਜ਼ੋਰ ਵੀ ਪੈਣ ਲੱਗਾ। ਉਹ ਉਠ ਕੇ ਬਾਥਰੂਮ ਚਲਾ ਗਿਆ। ਬਾਥਰੂਮ ‘ਚੋਂ ਨਿਕਲ ਕੇ ਉਸ ਨੇ ਟੂਟੀ ਤੋਂ ਪਾਣੀ ਲੈ ਕੇ ਅੱਖਾਂ ‘ਤੇ ਛਿੱਟੇ ਮਾਰੇ। ਉਸ ਨੂੰ ਲੱਗਿਆ ਜਿਵੇਂ ਬਲ ਰਹੀਆਂ ਅੱਖਾਂ ਨੂੰ ਪਾਣੀ ਦੇ ਛਿੱਟਿਆਂ ਨਾਲ ਕੁਝ ਰਾਹਤ ਮਿਲੀ ਹੋਵੇ। ਉਹ ਮੁੜ ਆ ਕੇ ਆਪਣੀ ਸੀਟ ‘ਤੇ ਬਹਿ ਗਿਆ ਸੀ।
‘ਚਾਹ ਮੰਗਵਾਈਏ?’ ਮਿੱਤਲ ਬਾਬੂ ਨੇ ਪੁੱਛਿਆ ਸੀ। ਗਿਆਰਾਂ ਕੁ ਵਜੇ ਉਹ ਮਿਲ ਕੇ ਚਾਹ ਪੀਂਦੇ ਹੁੰਦੇ ਸਨ। ‘ਮਨ ਨ੍ਹੀਂ ਕਰਦਾ ਅੱਜ ਚਾਹ ਪੀਣ ਨੂੰ। ਦਿਲ ਬੁਝਿਆ ਜਿਹਾ ਪਿਐ।’ ਮਦਾਨ ਬਾਬੂ ਨੇ ਔਖ ਜਿਹੀ ਨਾਲ ਕਹਿ ਦਿੱਤਾ ਸੀ। ‘ਮਦਾਨ ਬਾਬੂ, ਮੇਰੀ ਗੱਲ ਧਿਆਨ ਨਾਲ ਸੁਣ। ਆਪਣੀ ਛੋਟੇ ਬਾਬੂਆਂ ਦੀ ਇਹ ਨੀਅਤੀ ਹੁੰਦੀ ਐ। ਦੋ ਪਈਆਂ ਵਿਸਰ ਗਈਆਂ, ਸਦਕੇ ਮੇਰੀ ਢੂਈ ਦੇ। ਠੰਢੀ ਤੱਤੀ ਹਵਾ ਚੱਲਦੀ ਈ ਰਹਿੰਦੀ ਐ, ਬਹੁਤਾ ਨ੍ਹੀਂ ਦਿਲ ਨੂੰ ਲਾਈਦੀ। ਤਕੜੇ ਰਹੀਦੈ। ਆਪਾਂ ਆਪਣੇ ਬੱਚੇ ਵੀ ਤਾਂ ਪਾਲਣੇ ਨੇ। ਆਪਣਾ ਤਾਂ ਦਾਰੋਮਦਾਰ ਹੀ ਇਸ ਦਫਤਰ ‘ਤੇ ਐ। ਆਪਣੀਆਂ ਕਿਹੜੀਆਂ ਜਾਇਦਾਦਾਂ ਖੜੀਆਂ ਬਈ ਜੁਆਕ ਆਪੇ ਪਲ ਜਾਣਗੇ। ਮਿੱਤਲ ਬਾਬੂ ਬਹੁਤ ਗੰਭੀਰ ਹੋ ਗਿਆ ਸੀ।
‘ਬੱਚੇ ਤਾਂ ਸਾਹਬ ਨੇ ਵੀ ਪਾਲਣੈ ਐ?’ ਮਦਾਨ ਬਾਬੂ ਬੋਲਿਆ ਸੀ।
‘ਇਨ੍ਹਾਂ ਨਾਲ ਆਪਣੇ ਜਿਹੇ ਛੋਟੇ ਲੋਕਾਂ ਦਾ ਕੀ ਮੁਕਾਬਲਾ? ਇਨ੍ਹਾਂ ਨੂੰ ਪਿਓ ਦਾਦਿਆਂ ਤੋਂ ਬਥੇਰੀਆਂ ਜਾਇਦਾਦਾਂ, ਪੈਸਾ, ਸੋਨਾ ਮਿਲਿਆ ਹੁੰਦੈ। ਇਸੇ ਲਈ ਇਹ ਲੋਕ ਜੰਮਦੇ ਈ ਵੱਡੇ ਹੁੰਦੇ ਐ।’
‘…ਪਰ ਕਿਸੇ ਵੱਡੇ ਨੂੰ ਕੀ ਹੱਕ ਆ ਕਿ ਉਹ ਕਿਸੇ ਛੋਟੇ ਬੰਦੇ ਦੇ ਸਵੈਮੈਣ ਨੂੰ ਸੱਟ ਮਾਰੇ?’ ਮਦਾਨ ਬਾਬੂ ਦਾ ਦਿਲ ਅਜੇ ਵੀ ਸੱਟ ਖਾਧੇ ਸੱਪ ਵਾਂਗ ਵਿਹੁ ਘੋਲ ਰਿਹਾ ਸੀ।
‘ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾਂਦੀਆਂ ਕਿ ਨਹੀਂ ਖਾਂਦੀਆਂ? ਇਹ ਤਾਂ ਦਸਤੂਰ ਈ ਐ ਜ਼ਮਾਨੇ ਦਾ। ਰਹੀ ਗੱਲ ਤੇਰੀ ਭੜਾਸ ਦੀ, ਤੂੰ ਆਪਣੀ ਭੜਾਸ ਆਪਣੇ ਨਾਲੋਂ ਕਿਸੇ ਹੋਰ ਕਮਜ਼ੋਰ ‘ਤੇ ਕੱਢ ਲਈਂ। ਨਾਲੇ ਮੈਦਾਨ ਬਾਬੂ ਦਰਿਆ ‘ਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਪਾਲਿਆ ਜਾ ਸਕਦਾ।’ ਮਿੱਤਲ ਬਾਬੂ ਨੇ ਇਹੋ ਜਿਹੀਆਂ ਸਿਆਣੀਆਂ ਗੱਲਾਂ ਤਾਂ ਸਾਰੀ ਉਮਰ ‘ਚ ਕਦੇ ਨਹੀਂ ਸੀ ਕੀਤੀਆਂ।
ਹੁਣ ਮਦਾਨ ਬਾਬੂ ਨੇ ਕਮਜ਼ੋਰ ਬੰਦੇ ਵਾਂਗ ਸੋਚਣਾ ਸ਼ੁਰੂ ਕਰ ਲਿਆ ਸੀ, ‘ਜੇ ਮੇਰੀ ਬਦਲੀ ਹੋਗੀ..ਜੇ ਸਾਹਬ ਨੇ ਫਾਈਲ ਚੋਰੀ ਦਾ ਇਲਜ਼ਾਮ ਲਾ ਕੇ ਮੈਨੂੰ ਸਸਪੈਂਡ ਕਰਤਾ, ਜਾਂ ਡਿਸਮਿਸ ਕਰਵਾ ਦਿੱਤਾ, ਜੇ..ਜੇ..ਮੇਰੇ ਕਾਲਜ ਪੜ੍ਹਦੇ ਨਿਆਣਿਆਂ ਦਾ ਕੀ ਬਣੂੰ? ਹੋਰ ਨੌਕਰੀ ਕਿਤੇ ਧਰੀ ਪਈ ਐ? ਮਸਾਂ ਇਹ ਨੌਕਰੀ ਮਿਲੀ ਸੀ। ਇਨ੍ਹਾਂ ਸੋਚਾਂ ਨੇ ਉਸ ਦੇ ਦਿਲ ਦੀ ਧੜਕਣ ਵਧਾ ਦਿੱਤੀ ਸੀ। ਉਹ ਦਫਤਰ ਬੰਦ ਹੋਣ ਤੱਕ ਇਸੇ ਉਧੇੜ ਬੁਣ ‘ਚ ਫਸਿਆ ਰਿਹਾ। ਇਸੇ ਚੱਕਰ ‘ਚ ਫਸਿਆ ਗੇੜੇ ਕੱਢਦਾ ਰਿਹਾ।
ਕਦੇ ਸਾਹਬ ਦਾ ਵਿਕਰਾਲ ਚਿਹਰਾ ਉਸ ਸਾਹਮਣੇ ਆ ਜਾਂਦਾ ਤੇ ਝੱਟ ਆਪਣੇ ਬੀਵੀ ਬੱਚਿਆਂ ਦੇ ਮਾਸੂਮ ਚਿਹਰੇ ਉਸ ਨੂੰ ‘ਵਾਜ਼ਾਂ ਮਾਰਦੇ ਸੁਣਾਈ ਦੇਣ ਲੱਗਦੇ। ਮਸਾਂ ਦਫਤਰ ਦਾ ਸਮਾਂ ਪੂਰਾ ਹੋਇਆ। ਪੰਜ ਵੱਜਦਿਆਂ ਹੀ ਉਸ ਸਾਈਕਲ ਚੁੱਕ ਕੇ ਘਰ ਵੱਲ ਸ਼ੂਟ ਵੱਟ ਦਿੱਤੀ। ਦਫਤਰ ਦੇ ਬਾਬੂਆਂ ਨੇ ਸਕੂਟਰ, ਮੋਟਰ ਸਾਈਕਲ ਖਰੀਦ ਲਏ ਸਨ, ਪਰ ਉਹ ਹਾਲੇ ਆਪਣੇ ਪੁਰਾਣੇ ਸਾਈਕਲ ‘ਤੇ ਡਟਿਆ ਹੋਇਆ ਸੀ। ਦੂਜੇ ਬਾਬੂ ਉਸ ਨੂੰ ਮਜ਼ਾਕ ਕਰਦੇ ਤਾਂ ਹੱਸ ਕੇ ਆਖਦਾ, ‘ਸਾਈਕਲ ਚਲਾਉਣ ਨਾਲ ਗੋਡੇ ਠੀਕ ਰਹਿੰਦੇ ਐ। ਉਨ੍ਹਾਂ ਦੀ ਗਰੀਸ ਨ੍ਹੀਂ ਮੁੱਕਦੀ। ਬੰਦਾ ਤੁਰਨ ਫਿਰਨ ਜੋਗਾ ਬਣਿਆ ਰਹਿੰਦਾ।’
ਮਦਾਨ ਬਾਬੂ ਘਰ ਪਹੁੰਚਿਆ। ਉਸ ਦੀ ਪਤਨੀ ਨੇ ਬੂਹਾ ਖੋਲ੍ਹਿਆ। ਉਸ ਆਪਣੇ ਸਾਈਕਲ ਦਾ ਸਟੈਂਡ ਲਗਾਇਆ। ਉਸ ਦੀ ਪਤਨੀ ਨੇ ਉਸ ਦੇ ਖਾਣੇ ਵਾਲਾ ਝੋਲਾ ਉਸ ਹੱਥੋਂ ਫੜ ਕੇ ਅੰਦਰ ਰਸੋਈ ‘ਚ ਰੱਖ ਦਿੱਤਾ। ਉਸ ਲਈ ਪਾਣੀ ਦਾ ਗਲਾਸ ਲੈ ਆਈ। ਉਸ ਗਲਾਸ ਫੜ ਕੇ ਦੋ ਘੁੱਟਾਂ ਭਰੀਆਂ ਤਾਂ ਚੀਕ ਹੀ ਪਿਆ, ‘ਏਨਾ ਕੌੜਾ ਪਾਣੀ? ਜਿਵੇਂ ਜ਼ਹਿਰ ਪਾਈ ਹੋਵੇ।’ ਸੁਣ ਕੇ ਉਸ ਦੀ ਪਤਨੀ ਇਕਦਮ ਠਠੰਬਰ ਜਿਹੀ ਹੀ ਗਈ। ਪਲ ਦੀ ਪਲ ਉਸ ਨੂੰ ਕੁਝ ਨਾ ਸੁਣਿਆ। ਫਿਰ ਝੱਟ ਹੌਸਲਾ ਕਰਕੇ ਧੀਮੀ ਆਵਾਜ਼ ‘ਚ ਕਹਿਣ ਲੱਗੀ,
‘ਉਹੀ ਪਾਣੀ ਐ, ਉਹੀ ਗਲਾਸ ਐ। ਕੌੜਾ ਕਿਵੇਂ ਹੋ ਗਿਆ ਪਾਣੀ?’
‘ਸਾਰੇ ਮੇਰਾ ਲਹੂ ਪੀਣ ਨੂੰ ਫਿਰਦੇ ਐ। ਕਿਤੇ ਵੀ ਚੈਨ ਨ੍ਹੀਂ।’ ਆਖ ਕੇ ਉਸ ਨੇ ਗਲਾਸ ਵਾਪਸ ਆਪਣੀ ਪਤਨੀ ਨੂੰ ਫੜਾ ਦਿੱਤਾ ਅਤੇ ਕਮਰੇ ‘ਚ ਜਾ ਕੇ ਕੱਪੜੇ ਬਦਲਣ ਲੱਗ ਪਿਆ। ਕੱਪੜੇ ਬਦਲ ਕੇ ਮੰਜੇ ‘ਤੇ ਟੇਢਾ ਹੋ ਗਿਆ। ਪਤਨੀ ਡਹਿੰਬਰਿਆਂ ਵਾਂਗ ਉਸ ਦੇ ਇਰਦ ਗਿਰਦ ਗੇੜੇ ਕੱਢਦੀ ਰਹੀ। ਉਸ ਨੂੰ ਬੁਲਾਉਣ ਦਾ ਬਹਾਨਾ ਲੱਭਦੀ ਰਹੀ। ਫਿਰ ਅਛੋਪਲੇ ਜਿਹੇ ਕੋਲ ਬੈਠ ਹੌਲੀ ਜਿਹੀ ਬੋਲੀ, ‘ਤਬੀਅਤ ਠੀਕ ਐ? ਅੱਜ ਡੱਬੇ ‘ਚ ਰੋਟੀ ਵੀ ਓਵੇਂ ਪਈ ਐ, ਖਾਧੀ ਨ੍ਹੀਂ?’
‘ਠੀਕ ਆਂ ਮੈ, ਠੀਕ ਆਂ। ਤਬੀਅਤ ਨੂੰ ਕੀ ਮੈਨੂੰ ਗੋਲੀ ਲੱਗੀ ਐ! ਜਾਹ ਆਪਣਾ ਕੰਮ ਕਰ। ਮੈਨੂੰ ਪਲ ਛਿਣ ਆਰਾਮ ਕਰਨ ਦੇ।’ ਉਹ ਤਾਂ ਜਿਵੇਂ ਭੜਕ ਹੀ ਪਿਆ।
‘ਚਾਹ ਚੂਹ ਪੀਣੀ ਐ ਤਾਂ ਬਣਾ ਦਿੰਦੀ ਆਂ?’ ਪਤਨੀ ਨੇ ਪੁੱਛਿਆ ਤਾਂ ਉਹ ਹੋਰ ਵੀ ਭੜਕ ਪਿਆ।
‘ਤੈਨੂੰ ਸੁਣਦਾ ਨ੍ਹੀਂ। ਕੰਨ ਬੋਲੇ ਹੋਗੇ। ਮੈਂ ਕਹਿੰਦਾਂ ਮੈਨੂੰ ਬਿੰਦ ਝੱਟ ਆਰਾਮ ਕਰਨ ਦੇ। ਐਵੇਂ ਸਿਰ ‘ਤੇ ਚੜ੍ਹੀ ਜਾਨੀਂ ਐ।’ ਪਤਨੀ ਰੁਆਂਸੀ ਜਿਹੀ ਹੋ ਕੇ ਉਸ ਕੋਲੋਂ ਉਠ ਆਈ। ਉਹ ਪਿਆ-ਪਿਆ ਹੀ ਤਰਲੋਮੱਛੀ ਹੁੰਦਾ ਰਿਹਾ। ਉਹ ਦੇਰ ਸ਼ਾਮ ਤੇ ਫਿਰ ਹਮੇਰਾ ਹੋਣ ਤੱਕ ਉਵੇਂ ਹੀ ਲੇਟਿਆ ਰਿਹਾ।
ਉਸ ਦੇ ਪੜ੍ਹਾਕੂ ਮੁੰਡੇ ਆਏ ਤਾਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਕੰਨਾਂ ‘ਚ ਫੂਕ ਮਾਰ ਦਿੱਤੀ, ‘ਪੁੱਤ, ਥੋਡੇ ਪਿਓ ਨੂੰ ਅੱਜ ਪਤਾ ਨ੍ਹੀਂ ਕੀ ਭਮਾਲੀ ਆਈ ਐ। ਦਫਤਰੋਂ ਚੜ੍ਹੇ ਘੋੜੇ ਈ ਸਵਾਰ ਆਇਐ। ਗੱਲ-ਗੱਲ ‘ਚ ਗਲ ਨੂੰ ਆਉਂਦੈ।’
ਮੁੰਡੇ ਉਚ ਪੜ੍ਹਾਈ ਕਰ ਰਹੇ ਸਨ। ਸਮਝਦਾਰ ਸਨ।
ਰਾਤੀਂ ਖਾਣਾ ਤਿਆਰ ਹੋਇਆ ਤਾਂ ਮੁੰਡੇ ਉਸ ਨੂੰ ਬੁਲਾਉਣ ਆ ਗਏ।
‘ਡੈਡੀ, ਆਓ ਖਾਣ ਖਾਈਏ।’
‘ਮੈਂ ਭੁੱਖ ਨ੍ਹੀਂ, ਤੁਸੀਂ ਖਾ ਲਓ।’ ਉਸ ਆਖ ਦਿੱਤਾ ਸੀ।
‘ਚਲੋ-ਚਲੋ, ਉਠੋ ਭੁੱਖ ਕਿਵੇਂ ਨ੍ਹੀਂ। ਮੰਮੀ ਦੱਸਦੀ ਸੀ ਕਿ ਤੁਸੀਂ ਅੱਜ ਦਫਤਰ ਵੀ ਖਾਣਾ ਨ੍ਹੀਂ ਖਾਧਾ। ਤੁਹਾਡੇ ਬਗੈਰ ਅਸੀਂ ਨ੍ਹੀਂ ਖਾਣਾ।’
ਮੁੰਡਿਆਂ ਦੀ ਧਮਕੀ ‘ਤੇ ਉਹ ਉਠ ਖਲੋ੍ਹਤਾ। ਹਾਲੇ ਪਹਿਲੀ ਬੁਰਕੀ ਹੀ ਮੂੰਹ ‘ਚ ਪਾਈ ਸੀ ਕਿ ਚੀਕ ਪਿਆ। ‘ਇਹ ਸਬਜ਼ੀ ਬਣਾਈ ਐ, ਨਾ ਲੂਣ ਨਾ ਮਿਰਚ। ਬੇਸੁਆਦੀ ਫਿੱਕਲ।’
ਮੁੰਡੇ ਹੈਰਾਨੀ ਨਾਲ ਉਹਦੇ ਚਿਹਰੇ ਵੱਲ ਦੇਖਣ ਲੱਗ ਪਏ।
‘ਡੈਡੀ, ਸਬਜ਼ੀ ਤਾਂ ਚੰਗੀ ਭਲੀ ਐ। ਤੁਹਾਡੇ ਮੂੰਹ ਦਾ ਜ਼ਾਇਕਾ ਈ ਅੱਜ ਵਿਗੜਿਆ ਹੋਣੈਂ। ਅੱਜ ਦਫਤਰ ਕੋਈ ਗੱਲ ਹੋਈ ਐ?’
ਹੌਲੀ-ਹੌਲੀ ਉਹ ਉਧੜ ਪਿਆ ਸੀ। ਜਵਾਨ ਮੰੁਡਿਆਂ ਤੋਂ ਕੀ ਲੁਕਾਉਂਦਾ? ਸੁਣ ਕੇ ਸਾਰੇ ਜਣਿਆਂ ਦੀ ਇਕੋ ਰਾਇ ਬਣੀ ਸੀ।
‘ਡੈਡੀ, ਐਵੇਂ ਕਿਸੇ ਸਾਹਬ ਸੂਹਬ ਤੋਂ ਦਬਣ ਦੀ ਲੋੜ ਨ੍ਹੀਂ। ਆਪਾਂ ਕਿਹੜਾ ਕਿਸੇ ਤੋਂ ਭੀਖ ਮੰਗਦੇ ਆਂ। ਜਿਹੋ ਜਿਹਾ ਉਹ ਨੌਕਰ ਐ, ਉਹੋ ਜਿਹੇ ਆਪਾਂ ਆਂ। ਵੱਡਾ ਸਾਹਬ ਹੋਊ ਆਪਣੇ ਘਰ ਰਹੇ, ਆਪਾਂ ਟੰਢੀਆਂ ਲੈਣੀਆਂ ਉਸ ਤੋਂ। ਕੰਮ ਕਰਨੈਂ ਤੇ ਤਨਖਾਹ ਲੈਣੀ ਐ। ਕੱਲ੍ਹ ਨੂੰ ਕੁਝ ਕਹੇ ਤਾਂ ਮੂੰਹ ‘ਤੇ ਮਾਰਿਉ। ਐਨੇਂ ਝਿਪਣ ਦੀ ਲੋੜ ਨ੍ਹੀਂ। ਰੱਬ ਸਭ ਨੂੰ ਦੇਣ ਵਾਲੈ। ਜੇ ਤੁਸੀਂ ਸੱਚੇ ਓ ਤਾਂ ਫਿਰ ਪਿਕਰ ਕਰਨ ਦੀ ਕੀ ਲੋੜ ਐ।’ ਸੁਣ ਕੇ ਉਹ ਹੌਸਲੇ ‘ਚ ਹੋ ਗਿਆ ਸੀ।
ਰਾਤੀਂ ਕੋਲ ਪਈ ਉਸ ਦੀ ਪਤਨੀ ਬੁਸ-ਬੁਸ ਕਰਦੀ ਰਹੀ। ਉਹ ਚਾਹੁੰਦਾ ਤਾਂ ਸੀ ਕਿ ਆਪਣੇ ਮਾੜੇ ਵਿਹਾਰ ਲਈ ਉਸ ਤੋਂ ਮੁਆਫੀ ਮੰਗੇ, ਪਰ ਉਸ ਦੀ ਮਰਦ ਹਉਂ ਉਸ ਨੂੰ ਅਜਿਹਾ ਕਰਨੋਂ ਵਾਰ-ਵਾਰ ਵਰਜ ਰਹੀ ਸੀ। ਇਕੋ ਗੱਲੋਂ ਉਹ ਖੁਸ਼ ਵੀ ਸੀ, ਸ਼ਾਂਤ ਚਿੱਤ ਵੀ ਸੀ ਕਿ ਉਸ ਦੀ ਭੜਾਸ ਨਿਕਲ ਚੁੱਕੀ ਸੀ। ਬਾਕੀ ਉਹ ਕੱਲ੍ਹ ਨੂੰ ਦਫਤਰ ਵਿੱਚ ਕੱਢ ਲਵੇਗਾ, ਉਸ ਸੋਚ ਲਿਆ ਸੀ।
ਸਵੇਰੇ ਉਹ ਕਾਹਲੀ-ਕਾਹਲੀ ਦਫਤਰ ਲਈ ਤਿਆਰ ਹੋਇਆ। ਖਾਣੇ ਵਾਲੇ ਝੋਲੇ ‘ਚ ਉਸ ਰੋਟੀ ਵਾਲੇ ਡੱਬੇ ਦੇ ਨਾਲ ਇਕ ਛੋਟੀ ਜਿਹੀ ਇੱਟ ਵੀ ਪਾ ਲਈ। ਉਸ ਐਕਸ਼ਨ ਕਰਨ ਲਈ ਆਪਣਾ ਮਨ ਪੂਰੀ ਤਰ੍ਹਾਂ ਪੱਕਾ ਕਰ ਲਿਆ ਸੀ।
ਦਫਤਰ ਪਹੁੰਚ ਉਹ ਹਾਲੇ ਆ ਕੇ ਸੀਟ ‘ਤੇ ਬੈਠਾ ਹੀ ਸੀ ਕਿ ਸਾਹਬ ਦੀ ਕਾਲ ਬੈਲ ਚੀਕ ਪਈ ਸੀ। ਉਸ ਦੇ ਮਨ ਵਿੱਚੋਂ ਉਦੋਂ ਹੀ ਚੀਕ ਜਿਹੀ ਨਿਕਲੀ ਸੀ ਤੇ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ ਸੀ। ਸੀਤਾ ਰਾਮ ਉਸ ਦੇ ਸਿਰ ‘ਤੇ ਆਣ ਖਲੋਤਾ ਸੀ।
‘ਸਾਹਬ ਯਾਦ ਕਰਦੇ ਨੇ।’
ਉਹ ਗੋਡਿਆਂ ‘ਤੇ ਹੱਥ ਰੱਖ ਕੇ ਉਠਿਆ। ਸ਼ਹੀਦੀ ਪਾਉਣ ਜਾ ਰਹੇ ਦੇਸ਼ ਭਗਤ ਵਾਂਗ ਉਸ ਆਲੇ ਦੁਆਲੇ ਨਜ਼ਰ ਮਾਰੀ। ਸਾਰਾ ਅਮਲਾ ਆਪਣੀਆਂ-ਆਪਣੀਆਂ ਫਾਈਲਾਂ ਵਿੱਚ ਰੁੱਝਾ ਹੋਇਆ ਸੀ। ਉਹ ਮਾਣ ਨਾਲ ਧੌਣ ਅਕੜਾ ਕੇ ਆਪਣੇ ਕਮਰੇ ‘ਚੋਂ ਇਉਂ ਨਿਕਲਿਆ ਜਿਵੇਂ ਮਕਤਲ ਵੱਲ ਚੱਲਿਆ ਹੋਵੇ। ਮਰ ਜਾਊਂ ਜਾਂ ਮਾਰ ਦੇਊਂ ਦੀ ਭਾਵਨਾ ਉਸ ਦੇ ਅੰਗ ਸੰਗ ਚੱਲ ਰਹੀ ਸੀ। ਉਸ ਨੇ ਮਲਕੜੇ ਜਿਹੇ ਇੱਟ ਝੋਲੇ ‘ਚੋਂ ਕੱਢ ਕੇ ਹੱਥ ‘ਚ ਫੜ ਲਈ ਸੀ। ਸਾਹਬ ਦਾ ਤਪ ਤਪਾਉਂਦਾ ਚਿਹਰਾ ਮੂੰਹ ਟੱਡੀ ਉਸ ਦੇ ਸਾਹਮਣੇ ਘੁੰਮਣ ਲੱਗਾ। ਸਾਹਬ ਦੇ ਦਫਤਰ ਜਾਂਦਿਆਂ, ਉਸ ਦੀ ਤੋਰ ਇਕ ਵਾਰ ਮੱਠੀ ਪੈ ਚੱਲੀ ਸੀ, ਪਰ ਅੰਦਰੋਂ ਜਿਵੇਂ ਕਿਸੇ ਨੇ ਉਸ ਨੂੰ ਜ਼ੋਰ ਨਾਲ ਧੱਕਾ ਮਾਰਿਆ ਹੋਵੇ। ਇਕ ਵਾਰ ਉਹ ਡਿੱਗਦਾ-ਡਿੱਗਦਾ ਹੀ ਬਚਿਆ ਸੀ। ਦੋਵੇਂ ਹੱਥ ਪਿੱਛੇ ਕਰਕੇ ਉਹ ਛਈ ਦੇਣੇ ਸਾਹਬ ਦੇ ਦਫਤਰ ਜਾ ਵੜਿਆ ਸੀ। ਉਸ ਨੂੰ ਦੇਖਦਿਆਂ ਹੀ ਸਾਹਬ ਕਹਿਣ ਲੱਗਾ, ‘ਮਦਾਨ ਬਾਬੂ, ਫਾਈਲ ਇਥੇ ਚਿਪਕੀ ਪਈ ਸੀ ਫਾਈਲਾਂ ‘ਚ? ਤੁਹਾਨੂੰ ਵੀ ਦਿਸੀ ਕਿਉਂ ਨਾ? ਮੈਨੂੰ ਵੀ ਦਿਸੀ ਨਹੀਂ ਸੀ।’
‘ਸੌਰੀ’ ਕਹਿਣ ਦੀ ਸਾਹਬ ਨੂੰ ਨਾ ਤਮੀਜ਼ ਸੀ ਤੇ ਨਾ ਆਦਤ। ਚਾਹੁੰਦਾ ਤਾਂ ਮਦਾਨ ਬਾਬੂ ਵੀ ਇਹੋ ਸੀ ਕਿ ਸਾਹਬ ਆਪਣੀ ਗਲਤੀ ਦੀ ਮੁਆਫੀ ਮੰਗੇ ਤੇ ਆਪਣੇ ਮਾੜੇ ਵਿਹਾਰ ‘ਤੇ ਸ਼ਰਮ ਮਹਿਸੂਸ ਕਰੇ, ਪਰ ਉਨ੍ਹਾਂ ਤਿਲਾਂ ‘ਚ ਤੇਲ ਕਿੱਥੇ ਸੀ? ਉਹ ਦੰਦ ਕਰੀਚ ਕੇ ਬੋਲਿਆ ਸੀ, ‘ਸਰ, ਛੋਟੇ ਤੋਂ ਛੋਟੇ ਬੰਦੇ ਦਾ ਵੀ ਸਵੈਮਾਣ ਜ਼ਰੂਰ ਹੁੰਦੈ, ਕੀੜੇ ਤੱਕ ਦਾ ਵੀ।’
‘ਠੀਕ ਐ, ਠੀਕ ਐ।’ ਸਾਹਬ ਨੇ ਧੌਣ ਅਕੜਾ ਕੇ ਆਖ ਦਿੱਤਾ। ਗੱਲ ਮੁੱਕ ਗਈ ਸੀ। ਮਦਾਨ ਬਾਬੂ ਨੂੰ ਪਛਤਾਵਾ ਹੋ ਰਿਹਾ ਸੀ ਕਿ ਅੱਜ ਸਾਹਬ ਉਸ ਹੱਥੋਂ ਬਚ ਗਿਆ ਸੀ ਤੇ ਉਹ ਆਪਣਾ ਹਥਿਆਰ ਵਰਤੋਣੋਂ ਖੁੰਝ ਗਿਆ ਸੀ। ਸਾਹਬ ਦਾ ਲਹੂ ਲਿੱਬੜਿਆ ਚਿਹਰਾ ਦੇਖਣ ਦੀ ਉਸ ਦੀ ਉਮੀਦ ਦਮ ਤੋੜ ਗਈ ਸੀ। ਤੇ ਉਸ ਦਾ ਦਫਤਰ ‘ਚ ਹੀਰੋ ਬਣਨ ਦਾ ਸੁਨਹਿਰੀ ਮੌਕਾ ਵੀ ਉਸ ਦੇ ਹੱਥੋਂ ਗੁਆਚ ਗਿਆ ਸੀ।