ਬਦਮਾਸ਼ੀ ਗੈਂਗ ਨੂੰ ਪਨਾਹ ਦੇਣ ਵਾਲੇ ਐੱਨ ਆਰ ਆਈ ਵਿਰੁੱਧ ਕੇਸ ਦਰਜ

nri
ਮੋਗਾ, 17 ਫਰਵਰੀ (ਪੋਸਟ ਬਿਊਰੋ)- ਥਾਣਾ ਅਜੀਤਵਾਲ ਪੁਲਸ ਨੇ ਇੱਕ ਗੈਂਗ ਨੂੰ ਪਨਾਹ ਦੇਣ ਅਤੇ ਹਥਿਆਰ ਹਾਸਲ ਕਰਵਾਉਣ ਦੇ ਦੋਸ਼ ਹੇਠ ਪਰਵਾਸੀ ਪੰਜਾਬੀ ਸਮੇਤ ਦੋ ਜਣਿਆਂ ਦੇਖਿਲਾਫ ਕੇਸ ਦਰਜ ਕੀਤਾ ਹੈ।
ਇਸ ਕੇਸ ਦੀ ਜਾਂਚ ਕਰ ਰਹੇ ਏ ਐਸ ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲੇ ਦੇ ਪੁਲਸ ਮੁਖੀ ਦਾ ਪੱਤਰ ਮਿਲਣ ਉੱਤੇ ਕੁਲਤਾਰ ਸਿੰਘ ਉਰਫ ਗੋਲਡੀ ਪੁੱਤਰ ਲਖਵੰਤ ਸਿੰਘ ਵਾਸੀ ਢੁਡੀਕੇ ਤੇ ਗੁਰਵਿੰਦਰ ਸਿੰਘ ਉਰਫ ਗੋਰੀ ਪੁੱਤਰ ਭੁਪਿੰਦਰ ਸਿੰਘ ਵਾਸੀ ਦਸਮੇਸ਼ ਨਗਰ ਮੋਗਾ ਉੱਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ‘ਤੇ ਨਾਭਾ ਜੇਲ ਕਾਂਡ ਦੇ ਦੋਸ਼ੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਘਰ ਵਿੱਚ ਪਨਾਹ ਦੇਣ ਤੇ ਅਸਲਾ ਖਰੀਦਣ ਲਈ ਮਾਲੀ ਮਦਦ ਕਰਨ ਦਾ ਦੋਸ਼ ਹੈ। ਪੁਲਸ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਪੰਜਾਬ ਗੰਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਤੋਂ ਹਥਿਆਰ ਸਪਲਾਈ ਕਰਵਾਉਣ ਵਿੱਚ ਭੂਮਿਕਾ ਨਿਭਾਈ ਹੈ। ਗੰਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਨੂੰ ਪਟਿਆਲਾ ਪੁਲਸ ਵੱਲੋਂ ਗੈਂਗਸਟਰਾਂ ਨੂੰ ਹਥਿਆਰ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ 12 ਫਰਵਰੀ ਨੂੰ ਪਿੰਡ ਢੁੱਡੀਕੇ ਵਿੱਚ ਪਰਵਾਸੀ ਪੰਜਾਬੀ ਕੁਲਤਾਰ ਸਿੰਘ ਉਰਫ ਗੋਲਡੀ ਦੀ ਕੋਠੀ ਵਿੱਚੋਂ ਸੁੱਖਾ ਕਾਹਲਵਾਂ ਕਤਲ ਕੇਸ ਅਤੇ ਨਾਭਾ ਜੇਲ ਬਰੇਕ ਕਾਂਡ ‘ਚ ਲੋੜੀਂਦੇ ਗੈਂਗਸਟਰ ਗੁਰਪ੍ਰੀਤ ਸੇਖੋਂ, ਮਨਵੀਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਰਾਜਾ ਉਰਫ ਸੁਲਤਾਨ ਪਿੰਡ ਮੰਗੇਵਾਲਾ ਤੇ ਕੁਲਵਿੰਦਰ ਸਿੰਘ ਢਿੰਬਰੀ ਵਾਸੀ ਸਿਧਾਣਾ ਨੂੰ ਮੋਗਾ ਅਤੇ ਪਟਿਆਲਾ ਪੁਲਸ ਨੇ ਸਾਂਝੇ ਆਪਰੇਸ਼ਨ ਵਿੱਚ ਗ੍ਰਿਫਤਾਰ ਕੀਤਾ ਸੀ।